The Khalas Tv Blog India ‘ਹਨੀ ਟ੍ਰੈਪ’ ’ਚ ਫਸਿਆ ਪਟਿਆਲਾ ਦਾ ਨੌਜਵਾਨ! ਪੁਲਿਸ ਨੇ ਕੀਤਾ ਗ੍ਰਿਫ਼ਤਾਰ
India Punjab

‘ਹਨੀ ਟ੍ਰੈਪ’ ’ਚ ਫਸਿਆ ਪਟਿਆਲਾ ਦਾ ਨੌਜਵਾਨ! ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਬਿਊਰੋ ਰਿਪੋਰਟ: ਪਟਿਆਲਾ ਵਿੱਚ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜੋ ਕਿ ਪਾਕਿਸਤਾਨ ਵੱਲੋਂ ਚਲਾਏ ਜਾ ਰਹੇ ‘ਹਨੀ ਟ੍ਰੈਪ’ ਦਾ ਸ਼ਿਕਾਰ ਹੋਇਆ ਸੀ। ਇਹ ਨੌਜਵਾਨ ਇੱਕ ਪਾਕਿਸਤਾਨੀ ਔਰਤ ਨਾਲ ਭਾਰਤ ਦੀ ਸੁਰੱਖਿਆ ਨਾਲ ਸਬੰਧਿਤ ਸੰਵੇਦਨਸ਼ੀਲ ਜਾਣਕਾਰੀ ਸਾਂਝੀ ਕਰ ਰਿਹਾ ਸੀ। ਪਟਿਆਲਾ ਪੁਲਿਸ ਨੇ ਨੌਜਵਾਨ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਹਾਸਲ ਜਾਣਕਾਰੀ ਮੁਤਾਬਕ ਨੌਜਵਾਨ ਇੱਕ ਪਾਕਿਸਤਾਨੀ ਲੜਕੀ ਨਾਲ ਫੇਸਬੁਕ ਰਾਹੀਂ ਜੁੜਿਆ ਬਾਅਦ ਇਸ ਹਨੀ ਟ੍ਰੈਪ ਵਿੱਚ ਫਸ ਗਿਆ।

ਪੁਲਿਸ ਜਾਂਚ ਦੇ ਅਨੁਸਾਰ ਪੰਜਾਬ ਸਰਕਾਰ ਅਤੇ ਕੇਂਦਰੀ ਏਜੰਸੀਆਂ ਨੂੰ ਇੱਕ ਖੁਫੀਆ ਜਾਣਕਾਰੀ ਮਿਲੀ ਸੀ ਕਿ ਇੱਕ ਨੌਜਵਾਨ ਨੇ ਸੋਸ਼ਲ ਮੀਡੀਆ ’ਤੇ ਇੱਕ ਸ਼ੱਕੀ ਔਰਤ ਨਾਲ ਸੰਪਰਕ ਕਰਨ ਤੋਂ ਬਾਅਦ ਦੇਸ਼ ਦੀ ਪ੍ਰਭੂਸੱਤਾ ਨਾਲ ਸਬੰਧਿਤ ਜਾਣਕਾਰੀ ਸਾਂਝੀ ਕੀਤੀ ਹੈ। ਔਰਤ ਨੇ ਫੇਸਬੁੱਕ ’ਤੇ ਆਪਣੇ ਆਪ ਨੂੰ “ਪੰਜਾਬੀ ਕੁੜੀ” ਵਜੋਂ ਪੇਸ਼ ਕੀਤਾ ਅਤੇ ਉਸਦੀ ਪ੍ਰੋਫਾਈਲ ’ਤੇ “ਕਰਾਚੀ, ਪਾਕਿਸਤਾਨ” ਲਿਖਿਆ ਹੋਇਆ ਸੀ।

ਜਾਂਚ ਦੌਰਾਨ ਇਹ ਪਾਇਆ ਗਿਆ ਕਿ ਸਾਲ 2024 ਦੇ ਆਸਪਾਸ, ਮੁਲਜ਼ਮ ਨੌਜਵਾਨ ਦਾ ਬੀਐਸਐਨਐਲ ਸਿਮ ਕਾਰਡ ਐਕਟੀਵੇਟ ਕੀਤਾ ਗਿਆ ਸੀ ਅਤੇ ਇਸ ਦਾ ਐਕਟੀਵੇਸ਼ਨ ਕੋਡ ਵਟਸਐਪ ਰਾਹੀਂ ਔਰਤ ਨੂੰ ਭੇਜਿਆ ਗਿਆ ਸੀ। ਇਸ ਤੋਂ ਬਾਅਦ, ਸਰਹੱਦ ਪਾਰ ਭਾਰਤ ਦੇ ਟੈਲੀਕਾਮ ਨੈੱਟਵਰਕ ਤੱਕ ਪਹੁੰਚ ਕਰਨ ਲਈ ਸਿਮ ਦੀ ਸ਼ੱਕੀ ਢੰਗ ਨਾਲ ਵਰਤੋਂ ਕੀਤੀ ਗਈ।

ਪੁਲਿਸ ਅਨੁਸਾਰ, ਇਹ ਸਿਰਫ਼ ਐਕਟੀਵੇਸ਼ਨ ਕੋਡ ਭੇਜਣ ਦਾ ਮਾਮਲਾ ਨਹੀਂ ਹੈ, ਸਗੋਂ ਇਹ ਸਿਮ ਕਾਰਡ, ਟੈਲੀਕਾਮ ਡਿਵਾਈਸ ਅਤੇ ਹੋਰ ਗੁਪਤ ਅਤੇ ਸੰਵੇਦਨਸ਼ੀਲ ਜਾਣਕਾਰੀ ਨਾਲ ਵੀ ਸਬੰਧਿਤ ਹੋ ਸਕਦਾ ਹੈ ਜੋ ਕੇਂਦਰੀ ਸੁਰੱਖਿਆ ਨੂੰ ਪ੍ਰਭਾਵਿਤ ਕਰ ਸਕਦਾ ਹੈ। ਮਾਮਲੇ ਨੂੰ ਗੰਭੀਰ ਸਮਝਦੇ ਹੋਏ, ਇਸ ਨੂੰ ਹੁਣ ਕੇਂਦਰੀ ਸੁਰੱਖਿਆ ਏਜੰਸੀਆਂ ਨੂੰ ਭੇਜ ਦਿੱਤਾ ਗਿਆ ਹੈ।

ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ (ਆਈਪੀਐਸ) ਨੇ ਪੁਸ਼ਟੀ ਕੀਤੀ ਅਤੇ ਕਿਹਾ ਕਿ ਨੌਜਵਾਨ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਹੋਰ ਜਾਂਚ ਲਈ ਸਾਈਬਰ ਸੈੱਲ ਅਤੇ ਖੁਫੀਆ ਵਿਭਾਗ ਦੀ ਮਦਦ ਲਈ ਜਾ ਰਹੀ ਹੈ। ਪੁਲਿਸ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਮੁਲਜ਼ਮ ਨੇ ਇਹ ਜਾਣਕਾਰੀ ਕਿਨ੍ਹਾਂ ਹਾਲਾਤਾਂ ਵਿੱਚ ਸਾਂਝੀ ਕੀਤੀ ਤੇ ਕੀ ਉਹ ਕਿਸੇ ਵੱਡੇ ਨੈੱਟਵਰਕ ਦਾ ਹਿੱਸਾ ਸੀ।

Exit mobile version