The Khalas Tv Blog Punjab ਪਟਿਆਲਾ ਦੀ ਯੂਨੀਵਰਸਿਟੀ ਆਫ ਲਾਅ ਦੀਆਂ ਵਿਦਿਆਰਥਣਾਂ ਵਲੋਂ ਧਰਨਾ ਜਾਰੀ, ਯੂਨੀਵਰਸਿਟੀ ਬੰਦ, VC ‘ਤੇ ਕੁੜੀਆਂ ਦੇ ਕਮਰੇ ‘ਚ ਦਾਖਲ ਹੋਣ ਦੇ ਇਲਜ਼ਾਮ
Punjab

ਪਟਿਆਲਾ ਦੀ ਯੂਨੀਵਰਸਿਟੀ ਆਫ ਲਾਅ ਦੀਆਂ ਵਿਦਿਆਰਥਣਾਂ ਵਲੋਂ ਧਰਨਾ ਜਾਰੀ, ਯੂਨੀਵਰਸਿਟੀ ਬੰਦ, VC ‘ਤੇ ਕੁੜੀਆਂ ਦੇ ਕਮਰੇ ‘ਚ ਦਾਖਲ ਹੋਣ ਦੇ ਇਲਜ਼ਾਮ

ਪਟਿਆਲਾ ਸਥਿਤ ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ (ਆਰਜੀਐਨਯੂਐਲ) ਦੇ ਵਾਈਸ ਚਾਂਸਲਰ (ਵੀਸੀ) ਦੇ ਗਰਲਜ਼ ਹੋਸਟਲ ਦੀ ਚੈਕਿੰਗ ਨੂੰ ਲੈ ਕੇ ਹੰਗਾਮਾ ਹੋ ਗਿਆ ਹੈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਵਾਈਸ ਚਾਂਸਲਰ ਨੇ ਅਚਾਨਕ ਉਨ੍ਹਾਂ ਦੇ ਕਮਰਿਆਂ ‘ਚ ਆ ਕੇ ਉਨ੍ਹਾਂ ਦੇ ਕੱਪੜਿਆਂ ‘ਤੇ ਟਿੱਪਣੀ ਕੀਤੀ। ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਹ ਛੋਟੇ ਕੱਪੜੇ ਕਿਉਂ ਪਾਉਂਦੀਆਂ ਹਨ। ਇੰਨਾ ਹੀ ਨਹੀਂ ਵਿਦਿਆਰਥਣਾਂ ਦੇ ਮਾਪਿਆਂ ਨੂੰ ਤਾਂ ਗਰਲਜ਼ ਹੋਸਟਲ ‘ਚ ਵੀ ਨਹੀਂ ਆਉਣ ਦਿੱਤਾ ਜਾਂਦਾ, ਫਿਰ ਵੀ.ਸੀ. ਬਿਨਾ ਦੱਸੇ ਕਿਉਂ ਅੰਦਰ ਆ ਗਿਆ।

ਇਸ ਤੋਂ ਬਾਅਦ ਐਤਵਾਰ ਦੁਪਹਿਰ ਨੂੰ ਵਿਦਿਆਰਥਣਾਂ ਭੜਕ ਗਈਆਂ। ਉਨ੍ਹਾਂ ਉਪ ਕੁਲਪਤੀ ਦੇ ਅਸਤੀਫੇ ਦੀ ਮੰਗ ਕਰਦਿਆਂ ਪ੍ਰਦਰਸ਼ਨ ਕੀਤਾ। ਉਨ੍ਹਾਂ ਦਾ ਧਰਨਾ ਢਾਈ ਦਿਨਾਂ ਤੋਂ ਚੱਲ ਰਿਹਾ ਹੈ। ਜਿਸ ਤੋਂ ਬਾਅਦ ਵਿਗੜਦੇ ਮਾਹੌਲ ਨੂੰ ਦੇਖਦੇ ਹੋਏ ਯੂਨੀਵਰਸਿਟੀ ਪ੍ਰਸ਼ਾਸਨ ਨੇ ਯੂਨੀਵਰਸਿਟੀ ਨੂੰ ਬੰਦ ਕਰ ਦਿੱਤਾ।

ਹਾਲਾਂਕਿ ਵਿਦਿਆਰਥਣਾਂ ਨੇ ਘਰ ਜਾਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਾਮਲੇ ਨੂੰ ਨਿਪਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਦੋਂ ਤੱਕ ਵਾਈਸ ਚਾਂਸਲਰ ਅਸਤੀਫਾ ਨਹੀਂ ਦਿੰਦੇ, ਉਹ ਹੜਤਾਲ ਖਤਮ ਨਹੀਂ ਕਰਨਗੀਆਂ। ਵਿਦਿਆਰਥਣਾਂ ਨੇ ਹੁਣ ਯੂਨੀਵਰਸਿਟੀ ਦੇ ਗੇਟ ਅੱਗੇ ਟੈਂਟ ਲਾ ਕੇ ਹੜਤਾਲ ’ਤੇ ਬੈਠੀਆਂ ਹਨ।

ਜਾਣੋ ਪੂਰਾ ਮਾਮਲਾ

ਐਤਵਾਰ (22 ਸਤੰਬਰ) ਨੂੰ ਬਾਅਦ ਦੁਪਹਿਰ ਕਰੀਬ 3.30 ਵਜੇ ਲਾਅ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਅਚਾਨਕ ਵੀਸੀ ਦੀ ਰਿਹਾਇਸ਼ ਅੱਗੇ ਧਰਨਾ ਦੇਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦਾ ਦੋਸ਼ ਸੀ ਕਿ ਵਾਈਸ ਚਾਂਸਲਰ ਅਚਾਨਕ ਲੜਕੀਆਂ ਦੇ ਹੋਸਟਲ ਦੀ ਚੈਕਿੰਗ ਕਰਦੇ ਹਨ। ਉਹ ਉਸ ਦੇ ਪਹਿਨਣ ਵਾਲੇ ਕੱਪੜਿਆਂ ‘ਤੇ ਟਿੱਪਣੀ ਕਰਦੇ ਹਨ। ਇਹ ਉਨ੍ਹਾਂ ਦੇ ਨਿੱਜਤਾ ਦੇ ਅਧਿਕਾਰ ਦੀ ਉਲੰਘਣਾ ਹੈ।

ਵਿਦਿਆਰਥਣਾਂ ਇੱਥੇ ‘ਨਾਟ ਯੂਅਰ ਡਾਟਰ’ ਦੇ ਪੋਸਟਰ ਲੈ ਕੇ ਪਹੁੰਚੀਆਂ ਸਨ। ਇਹ ਧਰਨਾ ਸਾਰੀ ਰਾਤ ਜਾਰੀ ਰਿਹਾ। ਵੀਸੀ ਨੇ ਉਸ ਸਮੇਂ ਮੀਡੀਆ ਨਾਲ ਕੋਈ ਗੱਲ ਨਹੀਂ ਕੀਤੀ ਪਰ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋਫੈਸਰ ਆਨੰਦ ਪੰਵਾਰ ਨੇ ਵਿਦਿਆਰਥਣਾਂ ਦੇ ਦੋਸ਼ਾਂ ਨੂੰ ਨਕਾਰ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਕੋਈ ਸਮੱਸਿਆ ਹੈ ਤਾਂ ਉਹ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਸੂਚਿਤ ਕਰਨ। ਥਾਣਾ ਬਖਸ਼ੀਵਾਲਾ ਦੇ ਇੰਚਾਰਜ ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਕੋਈ ਸ਼ਿਕਾਇਤ ਨਹੀਂ ਆਈ, ਜਿਸ ਕਰਕੇ ਜਾਂਚ ਸ਼ੁਰੂ ਨਹੀਂ ਕੀਤੀ ਗਈ।

ਸੋਮਵਾਰ ਤੱਕ ਹੋਰ ਵਿਦਿਆਰਥੀ ਵੀ ਵਿਦਿਆਰਥਣਾਂ ਨਾਲ ਰਲ ਗਏ ਅਤੇ ਉਹ ਪੂਰੀ ਰਾਤ ਹੜਤਾਲ ’ਤੇ ਰਹੇ। ਉਨ੍ਹਾਂ ਯੂਨੀਵਰਸਿਟੀ ਪ੍ਰਸ਼ਾਸਨ ਦੇ ਸਾਹਮਣੇ ਪੱਕਾ ਮੋਰਚਾ ਰੱਖਿਆ। ਸਥਿਤੀ ਵਿਗੜਦੀ ਦੇਖ ਕੇ ਯੂਨੀਵਰਸਿਟੀ ਪ੍ਰਸ਼ਾਸਨ ਨੇ 9 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਕਮੇਟੀ ਨੇ ਵਿਦਿਆਰਥਣਾਂ ਨੂੰ ਸੋਮਵਾਰ ਦੁਪਹਿਰ 3.45 ਵਜੇ ਐਡਮਿਨ ਬਲਾਕ ਵਿੱਚ ਆ ਕੇ ਆਪਣੇ ਬਿਆਨ ਦਰਜ ਕਰਨ ਲਈ ਕਿਹਾ।

ਵਿਦਿਆਰਥੀਆਂ ਨੇ ਬਿਆਨ ਦੇਣ ਤੋਂ ਇਨਕਾਰ ਕਰ ਦਿੱਤਾ

ਪਰ ਵਿਦਿਆਰਥੀਆਂ ਨੇ ਕਮੇਟੀ ਅੱਗੇ ਜਾਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਕਮੇਟੀ ਵਿੱਚ ਕੋਈ ਵਾਈਸ ਚਾਂਸਲਰ ਨਹੀਂ ਹੈ। ਉਹ ਸਿਰਫ਼ ਫੈਕਲਟੀ ਮੈਂਬਰਾਂ ਦੀ ਕਮੇਟੀ ਅੱਗੇ ਨਹੀਂ ਜਾਣਗੇ। ਉਨ੍ਹਾਂ ਮੰਗ ਕੀਤੀ ਕਿ ਵੀਸੀ ਉਨ੍ਹਾਂ ਦੇ ਸਾਹਮਣੇ ਆ ਕੇ ਗੱਲ ਕਰੇ। ਵਿਦਿਆਰਥੀਆਂ ਨੇ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਅਤੇ ਬਾਰ ਕੌਂਸਲ ਨੂੰ ਪੱਤਰ ਲਿਖ ਕੇ ਇਸ ਮਾਮਲੇ ਵਿੱਚ ਦਖ਼ਲ ਦੇਣ ਦੀ ਮੰਗ ਕੀਤੀ ਹੈ।

ਮਾਮਲਾ ਵਿਗੜਦਾ ਦੇਖ ਯੂਨੀਵਰਸਿਟੀ ਪ੍ਰਸ਼ਾਸਨ ਨੇ ਨੋਟਿਸ ਜਾਰੀ ਕਰ ਦਿੱਤਾ। ਜਿਸ ਵਿੱਚ ਵਿਦਿਆਰਥੀਆਂ ਦੀ ਭਲਾਈ ਦਾ ਹਵਾਲਾ ਦਿੰਦੇ ਹੋਏ ਯੂਨੀਵਰਸਿਟੀ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰਨ ਦੇ ਹੁਕਮ ਦਿੱਤੇ ਗਏ। ਇਹ ਵੀ ਕਿਹਾ ਗਿਆ ਕਿ ਜਿਹੜੇ ਵਿਦਿਆਰਥੀ ਘਰ ਜਾਣਾ ਚਾਹੁੰਦੇ ਹਨ, ਉਹ ਅਜਿਹਾ ਕਰ ਸਕਦੇ ਹਨ। ਉਧਰ, ਵਿਦਿਆਰਥੀਆਂ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਇਹ ਅੰਦੋਲਨ ਖ਼ਤਮ ਨਹੀਂ ਕੀਤਾ ਜਾਵੇਗਾ।

Exit mobile version