The Khalas Tv Blog Khetibadi ਪਰਾਲੀ ਸਾੜਨ ਦੀ ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੇ ਨੋਡਲ ਅਫ਼ਸਰ ਦੀ ਕੁੱਟਮਾਰ! ਹਸਪਤਾਲ ਦਾਖ਼ਲ, ਮਾਮਲਾ ਦਰਜ
Khetibadi Punjab

ਪਰਾਲੀ ਸਾੜਨ ਦੀ ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੇ ਨੋਡਲ ਅਫ਼ਸਰ ਦੀ ਕੁੱਟਮਾਰ! ਹਸਪਤਾਲ ਦਾਖ਼ਲ, ਮਾਮਲਾ ਦਰਜ

ਬਿਉਰੋ ਰਿਪੋਰਟ (ਪਟਿਆਲਾ): ਪਟਿਆਲਾ ’ਚ ਪਰਾਲੀ ਸਾੜਨ ਦੀ ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜੇ ਨੋਡਲ ਅਫਸਰ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਖਮੀ ਨੋਡਲ ਅਧਿਕਾਰੀ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਨੋਡਲ ਅਫਸਰ ਦੀ ਪਛਾਣ ਬਿਕਰਮਜੀਤ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਦਾਅਵਾ ਹੈ ਕਿ ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। ਮੁਲਜ਼ਮਾਂ ਨੇ ਸਰਕਾਰੀ ਕੰਮ ਵਿੱਚ ਵਿਘਨ ਪਾਇਆ ਹੈ।

ਚਾਰ ਤੋਂ ਪੰਜ ਵਿਅਕਤੀਆਂ ਨੇ ਕੀਤੀ ਕੁੱਟਮਾਰ

ਬਿਕਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਟਿਆਲਾ ਦੇ ਪੈਂਟਰਾ ਨੇੜੇ ਪੈਂਦੇ ਪਿੰਡ ਸਾਗਰਾਂ ਵਿੱਚ ਪਰਾਲੀ ਨੂੰ ਅੱਗ ਲਾਈ ਗਈ ਹੈ। ਉਨ੍ਹਾਂ ਨੂੰ ਇਸ ਸਬੰਧੀ 29 ਤਰੀਕ ਨੂੰ ਰਾਤ 9:30 ਵਜੇ ਉਨ੍ਹਾਂ ਦੇ ਦਫ਼ਤਰ ਤੋਂ ਸੁਨੇਹਾ ਮਿਲਿਆ ਸੀ। ਇਸ ਤੋਂ ਬਾਅਦ ਸਵੇਰੇ ਇੰਚਾਰਜ ਵੱਲੋਂ ਉਸ ਨੂੰ ਟਿਕਾਣੇ ’ਤੇ ਭੇਜ ਦਿੱਤਾ ਗਿਆ।

ਬਿਕਰਮਜੀਤ ਸਿੰਘ ਨੇ ਦੱਸਿਆ ਕਿ ਜਦੋਂ ਉਹ ਮੌਕੇ ’ਤੇ ਪਹੁੰਚੇ ਤਾਂ ਉਥੇ ਜਾਂਚ ਸ਼ੁਰੂ ਕਰ ਦਿੱਤੀ। ਪਰਾਲੀ ਸਾੜਨ ਵਾਲੀ ਥਾਂ ’ਤੇ ਚਾਰ-ਪੰਜ ਲੋਕ ਸਨ। ਉਨ੍ਹਾਂ ਵੱਲੋਂ ਉਕਤ ਵਿਅਕਤੀਆਂ ਨੂੰ ਦੱਸਿਆ ਗਿਆ ਕਿ ਪਰਾਲੀ ਸਾੜਨ ਨਾਲ ਸਬੰਧਤ ਸੈਟੇਲਾਈਟ ਤਸਵੀਰ ਮਿਲੀ ਹੈ। ਇਹ ਖੇਤ ਕਿਸਦਾ ਹੈ? ਇਸ ’ਤੇ ਮੁਲਜ਼ਮਾਂ ਨੇ ਕੁਝ ਦੱਸਣ ਦੀ ਬਜਾਏ ਉਨ੍ਹਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਜਿਸ ਵਿੱਚ ਉਹ ਗੰਭੀਰ ਜ਼ਖ਼ਮੀ ਹੋ ਗਏ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਨੋਡਲ ਅਫ਼ਸਰ ਪੀ.ਐਸ.ਪੀ.ਸੀ.ਐਲ. ਦੇ ਮੁਲਾਜ਼ਮ ਹਨ। ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ।

ਦਰਅਸਲ ਪੰਜਾਬ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਨੂੰ ਲੈ ਕੇ ਸੁਪਰੀਮ ਕੋਰਟ ਦੀ ਸਖ਼ਤੀ ਤੋਂ ਬਾਅਦ ਸਰਕਾਰ ਵੀ ਹਰਕਤ ਵਿੱਚ ਆ ਗਈ ਹੈ। ਡੀਸੀ ਤੋਂ ਲੈ ਕੇ ਸਾਰੇ ਸੀਨੀਅਰ ਅਧਿਕਾਰੀ ਫੀਲਡ ਵਿੱਚ ਤਾਇਨਾਤ ਕੀਤੇ ਗਏ ਹਨ। ਜਿੱਥੇ ਕਿਤੇ ਵੀ ਅੱਗ ਲੱਗੀ ਹੋਵੇ, ਜ਼ਿੰਮੇਵਾਰ ਲੋਕਾਂ ਖਿਲਾਫ ਕਾਰਵਾਈ ਕੀਤੀ ਗਈ। ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।

ਇੱਥੋਂ ਤੱਕ ਕਿ 400 ਨੋਡਲ ਅਫ਼ਸਰਾਂ ਨੂੰ ਵੀ ਨੋਟਿਸ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ ਕਈ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੇ ਮੌਕੇ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਹੈ।

Exit mobile version