ਬਿਊਰੋ ਰਿਪੋਰਟ (ਪਟਿਆਲਾ, 1 ਅਕਤੂਬਰ 2025): ਪਟਿਆਲਾ ਦੀ ਜ਼ਿਲ੍ਹਾ ਅਦਾਲਤ ਨੇ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਨੂੰ ਜਿਣਸੀ ਸੋਸ਼ਣ ਮਾਮਲੇ ਵਿੱਚ ਨੋਟਿਸ ਜਾਰੀ ਕੀਤਾ ਹੈ। ਇਹ ਸ਼ਿਕਾਇਤ ਮੁਅੱਤਲ ਆਮ ਆਦਮੀ ਪਾਰਟੀ ਵਰਕਰ ਸ਼ਵੇਤਾ ਜਿੰਦਲ ਵੱਲੋਂ ਦਰਜ ਕਰਵਾਈ ਗਈ ਸੀ। ਇਸ ਮਾਮਲੇ ਦੀ ਅਗਲੀ ਸੁਣਵਾਈ 23 ਅਕਤੂਬਰ 2025 ਲਈ ਨਿਰਧਾਰਤ ਕੀਤੀ ਗਈ ਹੈ।
ਅੱਜ ਅਦਾਲਤ ਵਿੱਚ ਬੀ.ਐਨ.ਐੱਸ. ਦੀਆਂ ਕਈ ਧਾਰਾਵਾਂ ਹੇਠ ਸ਼ਿਕਾਇਤ ਪੇਸ਼ ਕੀਤੀ ਗਈ। ਅਦਾਲਤ ਨੇ ਸਪੱਸ਼ਟ ਕੀਤਾ ਕਿ ਜਾਰੀ ਕੀਤਾ ਗਿਆ ਨੋਟਿਸ BNSS 2023 ਦੀ ਧਾਰਾ 223(1) ਹੇਠ ਹੈ ਅਤੇ ਇਸਨੂੰ ਸੰਮਨ ਨਾ ਸਮਝਿਆ ਜਾਵੇ। ਦੋਸ਼ੀਆਂ ਨੂੰ ਨਿੱਜੀ ਤੌਰ ’ਤੇ ਜਾਂ ਵਕੀਲ ਰਾਹੀਂ ਪੇਸ਼ ਹੋਣ ਦੀ ਛੂਟ ਦਿੱਤੀ ਗਈ ਹੈ। ਨਿੱਜੀ ਹਾਜ਼ਰੀ ਅਤੇ ਜ਼ਮਾਨਤ ਦਾ ਸਵਾਲ ਕੇਵਲ ਤਦ ਹੀ ਉੱਠੇਗਾ ਜਦੋਂ ਅਦਾਲਤ ਵੱਲੋਂ ਸੰਮਨ ਜਾਰੀ ਕੀਤਾ ਜਾਵੇਗਾ।