‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਮੌਨਸੂਨ ਦੇ ਬਦਲੇ ਮਿਜਾਜ਼ ਨੇ ਜਿੱਥੇ ਕਈ ਲੋਕਾਂ ਲਈ ਰਾਹਤ ਲਿਆਂਦੀ ਹੈ, ਉੱਥੇ ਦੇਸ਼ ਵਿੱਚ ਕਈ ਥਾਂਵਾਂ ‘ਤੇ ਲੋਕਾਂ ਨੂੰ ਇਸ ਮੌਨਸੂਨ ਕਰਕੇ ਆਪਣੀਆਂ ਜਾਨਾਂ ਹਾਰਨੀਆਂ ਪਈਆਂ। ਜੈਪੁਰ ਵਿੱਚ ਜੋ ਘਟਨਾ ਵਾਪਰੀ, ਪਠਾਨਕੋਟ ਤੋਂ ਵੀ ਇਸ ਤਰ੍ਹਾਂ ਦੀ ਹੀ ਇੱਕ ਖਬਰ ਸਾਹਮਣੇ ਆਈ ਹੈ। ਪਠਾਨਕੋਟ ਅਤੇ ਜੰਮੂ-ਕਸ਼ਮੀਰ ਦੇ ਪਹਾੜੀ ਇਲਾਕਿਆਂ ਵਿੱਚ ਭਾਰੀ ਮੀਂਹ ਪੈਣ ਕਾਰਨ ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ ਵਗਣ ਵਾਲੀ ਉੱਜ ਨਦੀ ਵਿੱਚ ਤੇਜ਼ ਹੜ੍ਹ ਆ ਗਿਆ। ਪਾਣੀ ਦੇ ਪੱਧਰ ਵਿੱਚ ਅਚਾਨਕ ਵਾਧਾ ਹੋਣ ਕਾਰਨ ਨਦੀ ਦਾ ਪਾਣੀ ਬਮਿਆਲ ਦੇ ਰਿਹਾਇਸ਼ੀ ਇਲਾਕਿਆਂ ਵਿੱਚ ਦਾਖਲ ਹੋ ਗਿਆ। ਇਸ ਵਿੱਚ ਹਜ਼ਾਰਾਂ ਏਕੜ ਵਿੱਚ ਲੱਗੇ ਪਸ਼ੂਆਂ ਦੇ ਚਾਰੇ ਦਾ ਨੁਕਸਾਨ ਹੋ ਗਿਆ। ਇਸ ਤੋਂ ਇਲਾਵਾ ਕਿਸਾਨਾਂ ਦੀ ਝੋਨੇ ਦੀ 50 ਏਕੜ ਫਸਲ ਡੁੱਬ ਗਈ ਅਤੇ ਗੁੱਜਰਾਂ ਦੇ ਪੰਜ ਡੇਰੇ ਪਾਣੀ ਵਿੱਚ ਡੁੱਬ ਗਏ। ਹਾਲਾਂਕਿ, ਪ੍ਰਸ਼ਾਸਨ ਨੇ ਹਰਕਤ ਵਿੱਚ ਆ ਕੇ ਸਾਰੇ ਪ੍ਰਭਾਵਿਤ ਲੋਕਾਂ ਅਤੇ ਪਸ਼ੂਆਂ ਨੂੰ ਸਮਾਂ ਰਹਿੰਦੇ ਬਾਹਰ ਕੱਢ ਲਿਆ।
ਮੌਕੇ ‘ਤੇ ਪਹੁੰਚੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉੱਜ ਨਦੀ ਵਿੱਚ ਅਚਾਨਕ 1 ਲੱਖ 30 ਹਜ਼ਾਰ ਕਿਊਸਿਕ ਪਾਣੀ ਆਉਣ ਕਾਰਨ ਹੜ੍ਹ ਦੀ ਸਥਿਤੀ ਪੈਦਾ ਹੋ ਗਈ। ਹਾਲਾਂਕਿ, ਕਿਸੇ ਤਰ੍ਹਾਂ ਦਾ ਵੀ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਹੈ। ਜੰਮੂ-ਕਸ਼ਮੀਰ ਦੇ ਸਾਰੇ ਛੋਟੇ ਅਤੇ ਵੱਡੇ ਨਾਲਿਆਂ ਦਾ ਪਾਣੀ ਦੁਪਹਿਰ ਨੂੰ ਉੱਜ ਵਿੱਚ ਸਮਾ ਗਿਆ, ਜਿਸ ਕਾਰਨ ਅਚਾਨਕ ਪਾਣੀ ਦਾ ਪੱਧਰ ਵੱਧ ਗਿਆ।
ਉੱਜ ਨਦੀ ਭਾਰਤ-ਪਾਕਿਸਤਾਨ ਸਰਹੱਦ ਨੇੜੇ ਵੱਗਦੀ ਹੈ, ਜਿਸ ਕਾਰਨ ਇਹ ਸੁਰੱਖਿਆ ਦੇ ਨਜ਼ਰੀਏ ਤੋਂ ਸੰਵੇਦਨਸ਼ੀਲ ਮੰਨੀ ਜਾਂਦੀ ਹੈ। ਪੁਲਿਸ ਅਤੇ ਬੀਐੱਸਐੱਫ ਨੇ ਨਦੀ ਦੇ ਕਿਨਾਰੇ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਵਧਾ ਦਿੱਤਾ ਹੈ ਤਾਂ ਜੋ ਕੋਈ ਵੀ ਹੜ੍ਹਾਂ ਦਾ ਫਾਇਦਾ ਨਾ ਚੁੱਕ ਸਕੇ। ਐੱਸਡੀਐੱਮ ਗੁਰਸਿਮਰਨ ਸਿੰਘ ਢਿੱਲੋਂ ਨੇ ਦੱਸਿਆ ਕਿ ਸਥਿਤੀ ਕਾਬੂ ਹੇਠ ਹੈ। ਪੁਲਿਸ ਪ੍ਰਸ਼ਾਸਨ ਨੂੰ ਅਲਰਟ ‘ਤੇ ਕਰ ਦਿੱਤਾ ਗਿਆ ਹੈ। ਨਦੀ ਦੇ ਕੰਢੇ ਡੇਰੇ ਬਣਾ ਕੇ ਬੈਠੇ ਗੁੱਜਰਾਂ ਨੂੰ ਜ਼ਰੂਰੀ ਨਿਰਦੇਸ਼ ਦਿੱਤੇ ਗਏ ਹਨ। ਨਦੀ ਉੱਤੇ ਬਣੇ ਪੁਲ ਤੋਂ ਵਾਹਨਾਂ ਦੀ ਆਵਾਜਾਈ ਰੋਕ ਦਿੱਤੀ ਗਈ ਹੈ। ਲੋਕਾਂ ਨੂੰ ਨਦੀ ਦੇ ਕੰਢਿਆਂ ਤੋਂ ਸਹੀ ਦੂਰੀ ਬਣਾਈ ਰੱਖਣ ਲਈ ਕਿਹਾ ਗਿਆ ਹੈ।