The Khalas Tv Blog India ਪਰਵਿੰਦਰ ਝੋਟਾ ਕਤਲ ਮਾਮਲਾ, ਅੱਧੀ ਰਾਤ ਨੂੰ ਮਾਨਸਾ ਪਹੁੰਚੀ CBI ਦੀ ਟੀਮ
India Punjab

ਪਰਵਿੰਦਰ ਝੋਟਾ ਕਤਲ ਮਾਮਲਾ, ਅੱਧੀ ਰਾਤ ਨੂੰ ਮਾਨਸਾ ਪਹੁੰਚੀ CBI ਦੀ ਟੀਮ

ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਦੀ ਜਾਂਚ ਲਈ ਕੇਂਦਰੀ ਜਾਂਚ ਬਿਊਰੋ ਸੀਬੀਆਈ ਦੀ ਟੀਮ ਮੰਗਲਵਾਰ ਦੇਰ ਰਾਤ ਹੀ ਮਾਨਸਾ ਪਹੁੰਚ ਗਈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਝੋਟਾ ਦੇ ਪਰਿਵਾਰ ਨਾਲ ਮੁਲਾਕਾਤ ਕਰਕੇ ਨਿਰਪੱਖ ਤੇ ਡੂੰਘਾਈ ਨਾਲ ਜਾਂਚ ਦਾ ਭਰੋਸਾ ਦਿੱਤੇ ਜਾਣ ਤੋਂ ਬਾਅਦ ਇਹ ਕਾਰਵਾਈ ਸਾਹਮਣੇ ਆਈ ਹੈ।

ਦੱਸ ਦੇਈਏ ਕਿ ਅਮਿਤ ਸ਼ਾਹ ਦੇ ਪੰਜਾਬ ਦੌਰੇ ਤੋਂ ਪਹਿਲਾਂ ਹੀ ਪੰਜਾਬ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪਣ ਦਾ ਐਲਾਨ ਕੀਤਾ ਸੀ। ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਸਾਂਝੀ ਕਰਕੇ ਜਾਣਕਾਰੀ ਦਿੱਤੀ ਸੀ। ਅਮਿਤ ਸ਼ਾਹ ਦੇ ਪੰਜਾਬ ਤੋਂ ਰਵਾਨਾ ਹੋਣ ਤੋਂ ਕੁਝ ਹੀ ਘੰਟਿਆਂ ਬਾਅਦ ਹੀ ਸੀਬੀਆਈ ਦੀ ਟੀਮ ਮਾਨਸਾ ਪਹੁੰਚ ਗਈ ਤੇ ਸਥਾਨਕ ਪੁਲਿਸ ਅਧਿਕਾਰੀਆਂ ਨਾਲ ਸੰਪਰਕ ਕੀਤਾ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਮਾਨਸਾ ਪੁਲਿਸ ਨੇ ਪਰਵਿੰਦਰ ਝੋਟਾ ਕਤਲ ਮਾਮਲੇ ਨਾਲ ਸਬੰਧਤ ਫਾਈਲ ਸੀਬੀਆਈ ਦੇ ਹਵਾਲੇ ਕਰ ਦਿੱਤੀ ਹੈ। ਹੁਣ ਜਾਂਚ ਏਜੰਸੀ ਵੱਲੋਂ ਮਾਮਲੇ ਨਾਲ ਜੁੜੇ ਤੱਥਾਂ ਤੇ ਸਬੂਤਾਂ ਦੀ ਜਾਂਚ ਕੀਤੀ ਜਾਵੇਗੀ।

ਅਮਿਤ ਸ਼ਾਹ ਨੇ ਪਰਿਵਾਰ ਨੂੰ ਦਿੱਤਾ ਸੀ ਇਨਸਾਫ਼ ਦਾ ਭਰੋਸਾ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 20 ਅਕਤੂਬਰ ਨੂੰ ਆਪਣੇ ਪੰਜਾਬ ਦੌਰੇ ਦੌਰਾਨ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਲੁਧਿਆਣਾ ਵਿੱਚ ਪ੍ਰੈੱਸ ਕਾਨਫਰੰਸ ਵੀ ਕੀਤੀ।

ਮੁਲਾਕਾਤ ਦੌਰਾਨ ਅਮਿਤ ਸ਼ਾਹ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਸੀ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਵਾਈ ਜਾਵੇਗੀ ਤੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ‘ਚ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਸੀ ਕਿ ਸੀਬੀਆਈ ਦੀ ਟੀਮ ਬੁੱਧਵਾਰ ਨੂੰ ਮਾਨਸਾ ਪਹੁੰਚੇਗੀ।

ਅਮਿਤ ਸ਼ਾਹ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪਣ ਦੇ ਫ਼ੈਸਲੇ ਨੂੰ ਚੰਗਾ ਕਦਮ ਦੱਸਿਆ। ਉਨ੍ਹਾਂ ਇਹ ਵੀ ਕਿਹਾ ਕਿ ਇਸ ਮਾਮਲੇ ‘ਚ ਜੇਕਰ ਕੋਈ ਵੀ ਵਿਅਕਤੀ ਸ਼ਾਮਲ ਪਾਇਆ ਜਾਂਦਾ ਹੈ, ਭਾਵੇਂ ਉਹ ਕਿੰਨਾ ਵੀ ਪ੍ਰਭਾਵਸ਼ਾਲੀ ਕਿਉਂ ਨਾ ਹੋਵੇ, ਉਸ ਵਿਰੁੱਧ ਕਾਰਵਾਈ ਕਰਕੇ ਨਿਆਂ ਯਕੀਨੀ ਬਣਾਇਆ ਜਾਵੇਗਾ।

ਅੱਜ ਪਰਿਵਾਰ ਨਾਲ ਮੁਲਾਕਾਤ ਕਰ ਸਕਦੀ ਹੈ ਸੀਬੀਆਈ ਟੀਮ। ਪਰਵਿੰਦਰ ਸਿੰਘ ਝੋਟਾ ਦੇ ਮਾਮਲੇ ਵਿੱਚ ਜਾਂਚ ਦੀ ਮੰਗ ਨੂੰ ਲੈ ਕੇ ਪਰਿਵਾਰ ਤੇ ਸਮਰਥਕਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ। ਅੱਜ ਇਸ ਧਰਨੇ ਦਾ ਨੌਵਾਂ ਦਿਨ ਹੈ। ਪਰਿਵਾਰ ਆਪਣੀਆਂ ਮੰਗਾਂ ਉੱਤੇ ਅੜਿਆ ਹੋਇਆ ਹੈ ਤੇ ਮੰਗਾਂ ਪੂਰੀਆਂ ਹੋਣ ਤੱਕ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਉਣ ਦੀ ਇਜਾਜ਼ਤ ਨਾ ਦੇਣ ਦੀ ਗੱਲ ਕਹਿ ਰਿਹਾ ਹੈ। ਪਰਿਵਾਰ ਦੀਆਂ ਪ੍ਰਮੁੱਖ ਮੰਗਾਂ ਵਿੱਚੋਂ ਇੱਕ ਇਸ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਉਣਾ ਵੀ ਸੀ। ਹੁਣ ਸੀਬੀਆਈ ਦੀ ਟੀਮ ਮਾਨਸਾ ਪਹੁੰਚਣ ਤੋਂ ਬਾਅਦ ਬੁੱਧਵਾਰ ਨੂੰ ਪਰਿਵਾਰ ਨਾਲ ਮੁਲਾਕਾਤ ਕਰ ਸਕਦੀ ਹੈ।

 

Exit mobile version