ਬਿਉਰੋ ਰਿਪੋਰਟ : ਕੀ ਮਾਨ ਸਰਕਾਰ ਸਮੇਂ ਤੋਂ ਪਹਿਲਾਂ ਡਿੱਗ ਜਾਵੇਗੀ ? ਕੀ ਸੂਬੇ ਵਿੱਚ ਵੱਡੀ ਸਿਆਸੀ ਹਲਚਲ ਹੋਣ ਜਾ ਰਹੀ ਹੈ ? ਇਹ ਸਵਾਲ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਦੇ ਬਿਆਨ ਤੋਂ ਬਾਅਦ ਉੱਠ ਰਹੇ ਹਨ । ਬਾਜਵਾ ਨੇ ਮੁਕਤਸਰ ਵਿੱਚ ਨਸ਼ਾ ਵਿਰੋਧੀ ਰੈਲੀ ਵਿੱਚ ਦਾਅਵਾ ਕੀਤਾ ਹੈ ਕਿ ਆਮ ਆਦਮੀ ਪਾਰਟੀ ਦੇ 32 ਵਿਧਾਇਕ ਉਨ੍ਹਾਂ ਦੇ ਸੰਪਰਕ ਵਿੱਚ ਹਨ । ਕਾਂਗਰਸ ਦੇ ਵਿਧਾਨਸਭਾ ਵਿੱਚ 18 ਵਿਧਾਇਕ ਹਨ । ਯਾਨੀ ਬਾਜਵਾ 32 ਵਿਧਾਇਕਾਂ ਦੀ ਮਦਦ ਨਾਲ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਰਹੇ ਹਨ । ਬਾਜਵਾ ਦੇ ਇਸ ਦਾਅਵੇ ‘ਤੇ ਆਮ ਆਦਮੀ ਪਾਰਟੀ ਦਾ ਵੀ ਜਵਾਬ ਆ ਗਿਆ ਹੈ ।
ਆਮ ਆਦਮੀ ਪਾਰਟੀ ਨੇ ਕਿਹਾ ਪ੍ਰਤਾਪ ਸਿੰਘ ਬਾਜਵਾ ਮੁੱਖ ਮੰਤਰੀ ਬਣਨ ਦਾ ਸੁਪਣਾ ਵੇਖ ਰਹੇ ਹਨ ਇਸੇ ਲਈ ਉਹ ਅਜਿਹੇ ਬਿਆਨ ਦੇ ਰਹੇ ਹਨ । ਆਪ ਨੇ ਕਿਹਾ ਬਾਜਵਾ ਪਹਿਲਾਂ ਵੀ ਸੀਐੱਮ ਬਣਨ ਦਾ ਸੁਪਣਾ ਵੇਖ ਚੁੱਕੇ ਹਨ ਪੂਰਾ ਨਹੀਂ ਹੋਇਆ ਹੁਣ ਵੀ ਨਹੀਂ ਹੋਵੇਗਾ । ਆਪ ਨੇ ਕਿਹਾ ਸਾਡੇ ਵਿਧਾਇਕ ਪਾਰਟੀ ਦੇ ਪ੍ਰਤੀ ਵਫਾਦਾਰ ਹਨ ਅਤੇ ਕਿਧਰੇ ਨਹੀਂ ਜਾ ਰਹੇ ਹਨ । ਉਨ੍ਹਾਂ ਨੇ ਬਾਜਵਾ ਦੇ ਦਾਅਵੇ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ।
ਉਧਰ ਸ੍ਰੀ ਮੁਕਤਸਰ ਸਾਹਿਬ ਰੈਲੀ ਵਿੱਚ ਸ਼ਾਮਲ ਹੋਏ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵਿਜੀਲੈਂਸ ਵੱਲੋਂ ਮਨਪ੍ਰੀਤ ਬਾਦਲ ਖਿਲਾਫ ਕੀਤੀ ਗਈ ਕਾਰਵਾਈ ਦੀ ਨਿੰਦਾ ਕੀਤੀ । ਉਨ੍ਹਾਂ ਨੇ ਕਿਹਾ ਸਰਕਾਰ ਧੱਕਾ ਕਰ ਰਹੀ ਹੈ । ਉਨ੍ਹਾਂ ਨੇ ਇਸ ਨੂੰ ਬਦਲਾਖੋਰੀ ਦੀ ਸਿਆਸਤ ਦਾ ਨਾਂ ਦਿੱਤਾ । ਕੈਪਟਨ ਅਮਰਿੰਦਰ ਸਿੰਘ ਨੂੰ ਜਦੋਂ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਬਾਅਦ ਮਨਪ੍ਰੀਤ ਬਾਦਲ ਨੇ ਹੀ ਚਰਨਜੀਤ ਸਿੰਘ ਚੰਨੀ ਦਾ ਨਾਂ ਸੀਐੱਮ ਦੇ ਲਈ ਅੱਗੇ ਕੀਤਾ ਸੀ।
ਮੁਕਤਸਰ ਵਿੱਚ ਨਸ਼ੇ ਖਿਲਾਫ ਕੀਤੀ ਗਈ ਰੈਲੀ ਦੌਰਾਨ ਬਾਜਵਾ ਨੇ ਇਹ ਵੀ ਸਾਫ ਕਰ ਦਿੱਤਾ ਕਿ ਉਨ੍ਹਾਂ ਦੀ ਪਾਰਟੀ 13 ਦੀਆਂ 13 ਸੀਟਾਂ ‘ਤੇ ਜਿੱਤ ਹਾਸਲ ਕਰਨਗੇ । ਸੂਬਾ ਪਾਰਟੀ ਪ੍ਰਧਾਨ ਰਾਜਾ ਵੜਿੰਗ ਵੱਲੋਂ ਮੁਕਤਸਰ ਵਿੱਚ ਰੈਲੀ ਦਾ ਇੰਤਜ਼ਾਮ ਕੀਤਾ ਗਿਆ ਸੀ ਇਸ ਮੌਕੇ ਪ੍ਰਤਾਪ ਸਿੰਘ ਬਾਜਵਾ,ਮੁਹੰਮਦ ਸਦੀਕ,ਤ੍ਰਿਪਤ ਰਜਿੰਦਰ ਬਾਜਵਾ,ਸੁਖਵਿੰਦਰ ਸਿੰਘ ਰੰਧਾਵਾ, ਚਰਨਜੀਤ ਸਿੰਘ ਸਿੰਘ ਚੰਨੀ ਗੁਰਕੀਰਤ ਕੋਟਲੀ,ਭਾਰਤ ਭੂਸ਼ਣ ਆਸ਼ੂ,ਕੈਪਟਨ ਸੰਦੀਪ ਸੰਧੂ,ਰੁਪਿੰਦਰ ਕੌਰ ਰੂਬੀ ਸ਼ਾਮਲ ਹੋਏ।