ਚੰਡੀਗੜ੍ਹ : ਲੁਧਿਆਣਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਵੇਰਕਾ ਪਲਾਂਟ ਦੇ ਉਦਘਾਟਨ ਤੋਂ ਪਹਿਲਾਂ ਪੁਲਿਸ ਵੱਲੋਂ ਸੁਰੱਖਿਆ ਕਾਰਨਾਂ ਕਰਕੇ ਕਾਲੀਆਂ ਪੱਗਾਂ ਉਤਰਵਾਉਣ ਦਾ ਮਾਮਲਾ ਭੱਖ ਗਿਆ ਹੈ। ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੇ ਇਸ ਦਾ ਸਖ਼ਤ ਨੋਟਿਸ ਲਿਆ ਹੈ । ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ੍ਰੀ ਅਕਾਲ ਤਖ਼ਤ ‘ਤੇ ਤਲਬ ਕਰਨ ਅਤੇ ਸਮੂਚੇ ਪੰਜਾਬੀਆਂ ਅਤੇ ਸਿੱਖ ਪੰਥ ਤੋਂ ਮੁਆਫੀ ਮੰਗਣ ਦਾ ਨਿਰਦੇਸ਼ ਦੇਣ। ਪ੍ਰਤਾਪ ਬਾਜਵਾ ਨੇ ਕਿਹਾ ਘਟਨਾ ਬੇਅਦਬੀ ਤੋਂ ਘੱਟ ਨਹੀਂ ਹੈ ਅਤੇ ਜੇਕਰ ਪੰਜਾਬ ਵਰਗੇ ਸੂਬੇ ਵਿੱਚ ਅਜਿਹਾ ਹੋਵੇਗਾ ਤਾਂ ਕਿਸੇ ਹੋਰ ਤੋਂ ਕਿਵੇਂ ਪੱਗ ਦੇ ਸਤਿਕਾਰ ਦੀ ਉਮੀਦ ਕੀਤੀ ਜਾ ਸਕਦੀ ਹੈ। ਬਾਜਵਾ ਨੇ ਦਾਅਵਾ ਕੀਤਾ ਕਿ ਜਦੋਂ ਕਿਸਾਨਾਂ ਨੂੰ ਕਾਲੀਆਂ ਪੱਗਾਂ ਲਾਉਣ ਨੂੰ ਕਿਹਾ ਗਿਆ ਸੀ ਤਾਂ ਉਹ ਪਲਾਂਟ ਦੇ ਜੰਗਲੇ’ ਤੇ ਹੀ ਕਾਲੀਆਂ ਪੱਗਾਂ ਰੋਸ ਵੱਜੋਂ ਟੰਗ ਕੇ ਚੱਲੇ ਗਏ ਸਨ । ਉਧਰ ਮੁੱਖ ਮੰਤਰੀ ਭਗਵੰਤ ਮਾਨ ਦੀ ਸੁਰੱਖਿਆ ਨੂੰ ਅਧਾਰ ਬਣਾਕੇ ਜਿਸ ਤਰ੍ਹਾਂ ਪੱਗ ਦਾ ਅਪਮਾਨ ਕੀਤਾ ਗਿਆ ਹੈ ਉਸ ਨੂੰ ਲੈਕੇ ਕਿਸਾਨ ਅਤੇ ਪਲਾਂਟ ਦੇ ਮੁਲਾਜ਼ਮ ਵੀ ਦੁੱਖੀ ਸੀ ।
ਕਿਸਾਨ ਅਤੇ ਪਲਾਂਟ ਦੇ ਮੁਲਾਜ਼ਮ ਗੁੱਸੇ ਵਿੱਚ
ਕਿਸਾਨਾਂ ਨੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਨੂੰ ਸਮਾਗਮ ਵਿੱਚ ਸ਼ਾਮਲ ਹੋਣ ਲਈ ਬੁਲਾਇਆ ਗਿਆ ਸੀ । ਪਰ ਜਿਸਂ ਤਰ੍ਹਾਂ ਉਨ੍ਹਾਂ ਨਾਲ ਵਤੀਰਾ ਕੀਤਾ ਗਿਆ ਹੈ ਉਹ ਨਾਕਾਬਿਲੇ ਬਰਦਾਸ਼ ਹੈ । ਕਿਸਾਨਾਂ ਨੇ ਇਲਜ਼ਾਮ ਲਗਾਇਆ ਕਿ ਆਮ ਆਦਮੀ ਪਾਰਟੀ ਨੇ ਵੀਆਈਪੀ ਕਲਚਰ ਨੂੰ ਲੈਕੇ ਵੱਡੇ-ਵੱਡੇ ਵਾਅਦੇ ਕੀਤੇ ਸਨ ਪਰ ਜ਼ਮੀਨੀ ਹਕੀਕਤ ਹੁਣ ਬਿਲਕੁਲ ਉਸ ਤੋਂ ਵੱਖ ਨਜ਼ਰ ਆ ਰਹੀ ਹੈ। ਵੇਰਕਾ ਪਲਾਂਟ ਵਿੱਚ ਕੰਮ ਕਰਨ ਵਾਲੇ ਮੁਲਾਜ਼ਮ ਵੀ ਸਰਕਾਰ ਦੇ ਇਸ ਵਤੀਰੇ ਤੋਂ ਕਾਫ਼ੀ ਦੁੱਖੀ ਸਨ । ਉਨ੍ਹਾਂ ਦਾ ਕਹਿਣਾ ਹੈ ਕਿ ਕਿਸੇ ਵੱਲੋਂ ਵੀ ਉਨ੍ਹਾਂ ਨੂੰ ਪਹਿਲਾਂ ਹਿਦਾਇਤਾਂ ਨਹੀਂ ਦਿੱਤੀਆਂ ਗਈਆਂ ਸਨ ਕੀ ਕਾਲੀ ਪੱਗ ਨਹੀਂ ਬੰਨ੍ਹ ਕੇ ਆਉਣੀ ਹੈ ।
ਕਾਲੀ ਪੱਗ ਤੋਂ ਸੀਐੱਮ ਦਾ ਡਰ
ਕਿਸਾਨ ਜਥੇਬੰਦੀਆਂ ਵੱਲੋਂ ਆਪਣੀ ਮੰਗਾਂ ਨੂੰ ਲੈਕੇ ਪਹਿਲਾਂ ਪੰਜਾਬ ਸਰਕਾਰ ਖਿਲਾਫ਼ ਮੋਰਚਾ ਖੋਲਿਆ ਹੋਇਆ ਹੈ। ਪੁਲਿਸ ਨੂੰ ਡੱਰ ਹੈ ਕਿ ਕਾਲਾ ਕਪੜਾ ਵਿਖਾ ਕੇ ਸਮਾਗਮ ਨੂੰ ਖਰਾਬ ਕੀਤਾ ਜਾ ਸਕਦਾ ਹੈ ਇਸ ਲਈ ਪੁਲਿਸ ਨੇ ਕਾਲੇ ਕਪੜੇ ਵਾਲੇ ਕਿਸੇ ਵੀ ਸ਼ਖ਼ਸ ਨੂੰ ਪ੍ਰੋਗਰਾਮ ਦੇ ਅੰਦਰ ਨਹੀਂ ਜਾਣ ਦਿੱਤਾ । ਇਸ ਤੋਂ ਪਹਿਲਾਂ 15 ਅਗਸਤ ਨੂੰ ਲੁਧਿਆਣਾ ਵਿੱਚ ਹੀ ਅਜ਼ਾਦੀ ਦਿਹਾੜੇ ਦੇ ਰਾਜ ਪੱਧਰੀ ਸਮਾਗਮ ਵਿੱਚ ਵੀ ਪੁਲਿਸ ਨੇ ਕਾਲੇ ਕਪੜੇ ‘ਤੇ ਬੈਨ ਲਗਾਇਆ ਸੀ । ਸਿਰਫ਼ ਇੰਨਾਂ ਹੀ ਨਹੀਂ ਪੁਲਿਸ ਨੇ ਸਮਾਗਮ ਵਿੱਚ ਹਿੱਸਾ ਲੈਣ ਆਏ ਬੱਚਿਆਂ ਦੇ ਕਾਲੇ ਮਾਕਸ ਤੱਕ ਉਤਰਵਾ ਦਿੱਤੇ ਸਨ।