‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਸ੍ਰੀ ਦਰਬਾਰ ਸਾਹਿਬ ‘ਤੇ ਹਮਲਾ ਕਰਨ ਵਾਲੀ ਕਾਂਗਰਸ ਪਾਰਟੀ ਨੂੰ ਲੋਕ ਮੁਆਫ ਨਹੀਂ ਕਰਨਗੇ। ਸਾਲ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਵੀ ਪੰਜਾਬੀ ਨਹੀਂ ਬਖਸ਼ਣਗੇ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਅਗਲੀਆਂ ਵਿਧਾਨ ਸਭਾ ਦੇ ਨਤੀਜੇ ਹੈਰਾਨਕੁੰਨ ਹੋਣਗੇ ਹਾਲਾਂਕਿ ਅਕਾਲੀ ਦਲ ਦੀ ਤਿੰਨ ਸਰਕਾਰਾਂ ਨਾਲ ਟੱਕਰ ਹੈ। ਉਹ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੋਗਾ ਵਿਖੇ ਆਯੋਜਿਤ ਮਹਾਂ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਅੱਜ ਦੀ ਰੈਲੀ ਸ਼੍ਰੋਮਣੀ ਅਕਾਲੀ ਦਲ ਦੇ 100ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਸੀ।
ਬਜ਼ੁਗਰ ਅਕਾਲੀ ਨੇਤਾ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਗੱਲ ਕਾਂਗਰਸ ਸਰਕਾਰ ਵੱਲੋਂ ਕੀਤੇ ਜਾਂਦੇ ਅੱਤਿਆਚਾਰ ਨਾਲ ਸ਼ੁਰੂ ਕੀਤੀ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਤੋਂ ਪਹਿਲਾਂ ਮੁਗਲ ਅਤੇ ਅੰਗਰੇਜ਼ ਵੀ ਸਿੱਖਾਂ ਉੱਤੇ ਜ਼ਬਰ ਜੁਲਮ ਢਾਹੁੰਦੇ ਰਹੇ ਹਨ। ਅਕਾਲੀ ਦਲ ਨੇ 100 ਸਾਲ ਪਹਿਲਾਂ ਗੁਰਧਾਮਾਂ ਦੀ ਆਜ਼ਾਦੀ ਦੇ ਖਿਲਾਫ ਲੜਾਈ ਸ਼ੁਰੂ ਕੀਤੀ ਸੀ ਪਰ ਹੁਣ ਦੂਜੀਆਂ ਸਿਆਸੀ ਪਾਰਟੀਆਂ ਵੀ ਸਿੱਖ ਗੁਰਧਾਮਾਂ ਉੱਤੇ ਕਬਜ਼ਾ ਕਰਨ ਦੀ ਤਾਕ ਵਿੱਚ ਹਨ. ਇਨ੍ਹਾਂ ਪਾਰਟੀਆਂ ਦਾ ਮੰਨਣਾ ਹੈ ਕਿ ਸਿੱਖ ਗੁਰਧਾਮਾਂ ਉੱਤੇ ਅਰਦਾਸ ਕਰਕੇ ਸ਼ੁਰੂ ਕੀਤੀ ਲੜਾਈ ਹਮੇਸ਼ਾ ਜਿੱਤਦੀ ਰਹੀ ਹੈ। ਉਨ੍ਹਾਂ ਨੇ ਬਹੁਜਨ ਸਮਾਜ ਪਾਰਟੀ ਦੇ ਬਾਨੀ ਸੁਪਰੀਮੋ ਕਾਂਸ਼ੀ ਰਾਮ ਨਾਲ ਰਲ ਕੇ ਲੋਕ ਸਭਾ ਦੀਆਂ ਚੋਣਾਂ ਵਿੱਚ ਕੀਤੀ ਹੂੰਝਾਫੇਰ ਜਿੱਤ ਦਾ ਹਵਾਲਾ ਦਿੰਦਿਆਂ ਲੋਕਾਂ ਨੂੰ ਇਸ ਵਾਰ ਫੇਰ ਇਤਿਹਾਸ ਦੁਹਰਾਉਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਮੁੱਖ ਮੰਤਰੀ ਹੁੰਦਿਆਂ ਜਨਤਾ ਦੇ ਘਰੀਂ ਜਾ ਜਾ ਕੇ ਉਨ੍ਹਾਂ ਦੀਆਂ ਦੁੱਖ ਤਕਲੀਫਾਂ ਜਾਨਣ ਦਾ ਹਵਾਲਾ ਦਿੰਦਿਆਂ ਕਿਹਾ ਕਿ ਪਾਰਟੀ ਇਸ ਵਾਰ ਉਨ੍ਹਾਂ ਨੂੰ ਜਿਹੜੀ ਵੀ ਸੇਵਾ ਲਾਵੇਗੀ, ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ। ਆਪਣੇ ਭਾਸ਼ਣ ਦੇ ਅੰਤ ਵਿੱਚ ਉਨ੍ਹਾਂ ਨੇ ਕਿਸਾਨਾਂ ਨੂੰ ਜਿੱਤ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਮੈਂਬਰ ਪਾਰਲੀਮੈਂਟ ਸੁਖਬੀਰ ਸਿੰਘ ਬਾਦਲ ਨੇ ਸੰਸਦ ਵਿੱਚ ਤਿੰਨ ਬਿੱਲਾਂ ਦੇ ਖਿਲਾਫ ਭੁਗਤਦੇ ਸਨ। ਉਨ੍ਹਾਂ ਨੇ ਲੋਕਾਂ ਤੋਂ ਇੱਕ ਵਾਰ ਹੋਰ ਸੱਤਾ ਵਿੱਚ ਲਿਆਉਣ ਦਾ ਭਰੋਸਾ ਮੰਗਿਆ।