ਬਿਉਰੋ ਰਿਪੋਰਟ: ਭਾਰਤੀ ਪਹਿਲਵਾਨ ਰਿਤਿਕਾ ਹੁੱਡਾ ਨੂੰ ਮਹਿਲਾਵਾਂ ਦੀ 76 ਕਿਲੋਗ੍ਰਾਮ ਫਰੀਸਟਾਈਲ ਕੁਸ਼ਤੀ ਦੇ ਕੁਆਰਟਰ ਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਅੱਜ 10 ਜੁਲਾਈ ਨੂੰ ਖੇਡੇ ਗਏ ਕੁਆਰਟਰ ਫਾਈਨਲ ਵਿੱਚ ਰਿਤਿਕਾ ਨੂੰ ਚੋਟੀ ਦਾ ਦਰਜਾ ਪ੍ਰਾਪਤ ਅਤੇ ਦੋ ਵਾਰ ਦੀ ਵਿਸ਼ਵ ਚੈਂਪੀਅਨਸ਼ਿਪ ਤਮਗਾ ਜੇਤੂ ਕਿਰਗਿਸਤਾਨ ਦੀ ਅਪਾਰੀ ਕੈਜ਼ੀ ਨੇ ਹਰਾ ਦਿੱਤਾ।
ਮੈਚ ਦੇ ਅੰਤ ਤੱਕ ਸਕੋਰ 1-1 ਨਾਲ ਬਰਾਬਰ ਸੀ। ਪਰ ਆਖਰੀ ਪੁਆਇੰਟ ਅਪਾਰੀ ਕੈਜੀ ਨੂੰ ਦਿੱਤਾ ਗਿਆ, ਜਿਸ ਕਾਰਨ ਉਹ ਜੇਤੂ ਬਣਨ ਵਿਚ ਕਾਮਯਾਬ ਰਹੀ। ਰਿਤਿਕਾ ਕੋਲ ਹੁਣ ਰੇਪੇਚੇਜ ਰਾਹੀਂ ਕਾਂਸੀ ਦਾ ਤਗ਼ਮਾ ਜਿੱਤਣ ਦਾ ਮੌਕਾ ਹੋਵੇਗਾ। ਹਾਲਾਂਕਿ ਰਿਤਕਾ ਨੂੰ ਦੁਆ ਕਰਨੀ ਪਵੇਗੀ ਕਿ ਅਪਾਰੀ ਕਾਜੀ ਇਸ ਈਵੈਂਟ ਦੇ ਫਾਈਨਲ ਵਿੱਚ ਪਹੁੰਚ ਜਾਵੇ।
ਰਿਤਿਕਾ ਦਾ ਕੁਆਰਟਰ ਫਾਈਨਲ ਮੈਚ ਬਹੁਤ ਸਖ਼ਤ ਰਿਹਾ ਅਤੇ ਦੋਵੇਂ ਪਹਿਲਵਾਨਾਂ ਨੇ ਪੈਸੇਵਿਟੀ ਰਾਹੀਂ 1-1 ਅੰਕ ਹਾਸਲ ਕੀਤੇ। ਦੱਸ ਦੇਈਏ ਕਿ ਫ੍ਰੀਸਟਾਈਲ ਰੈਸਲਿੰਗ ਵਿੱਚ ਮੈਚ ਨੂੰ ਹਮਲਾਵਰ ਬਣਾਉਣ ਲਈ ਪੈਸੇਵਿਟੀ ਦਾ ਵੀ ਇਸਤੇਮਾਲ ਕੀਤਾ ਜਾਂਦਾ ਹੈ।
ਅਜਿਹਾ ਉਦੋਂ ਹੁੰਦਾ ਹੈ ਜਦੋਂ ਕਿਸੇ ਪਹਿਲਵਾਨ ਨੇ ਪਹਿਲੇ ਦੋ ਮਿੰਟਾਂ ਵਿੱਚ ਇੱਕ ਵੀ ਅੰਕ ਨਹੀਂ ਬਣਾਇਆ। ਅਜਿਹੇ ’ਚ ਘੱਟ ਹਮਲਾਵਰ ਪਹਿਲਵਾਨ ਨੂੰ 30 ਸਕਿੰਟਾਂ ਤੋਂ ਘੱਟ ਸਮੇਂ ’ਚ ਇਕ ਅੰਕ ਹਾਸਲ ਕਰਨਾ ਪੈਂਦਾ ਹੈ। ਜੇਕਰ ਉਹ ਪਹਿਲਵਾਨ ਤੀਹ ਸਕਿੰਟਾਂ ਦੇ ਅੰਦਰ ਇੱਕ ਅੰਕ ਨਹੀਂ ਬਣਾਉਂਦਾ, ਤਾਂ ਵਿਰੋਧੀ ਟੀਮ ਨੂੰ ਇੱਕ ਅੰਕ ਮਿਲਦਾ ਹੈ।
ਰਿਤਿਕਾ ਹੁੱਡਾ ਨੇ ਪਹਿਲੇ ਹਾਫ ਵਿੱਚ ਪੈਸੇਵਿਟੀ ਰਾਹੀਂ 1 ਅੰਕ ਲਿਆ। ਫਿਰ ਦੂਜੇ ਹਾਫ ਵਿੱਚ ਕਿਰਗਿਸਤਾਨ ਦੀ ਪਹਿਲਵਾਨ ਨੇ ਪੈਸੇਵਿਟੀ ਰਾਹੀਂ 1 ਅੰਕ ਲਿਆ। ਕੁਸ਼ਤੀ ਦੇ ਨਿਯਮਾਂ ਅਨੁਸਾਰ ਆਖ਼ਰੀ ਤਕਨੀਕੀ ਅੰਕ ਹਾਸਲ ਕਰਨ ਵਾਲਾ ਪਹਿਲਵਾਨ ਜਿੱਤ ਜਾਂਦਾ ਹੈ। ਕਿਉਂਕਿ ਆਖ਼ਰੀ ਅੰਕ ਕਿਰਗਿਸਤਾਨ ਦੀ ਪਹਿਲਵਾਨ ਨੇ ਜਿੱਤਿਆ ਸੀ, ਇਸ ਲਈ ਉਹ ਜਿੱਤ ਗਈ।