‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪਟਿਆਲਾ ਜੇਲ੍ਹ ਦੇ ਨਵੇਂ ਸੁਪਰਡੈਂਟ ਸੁੱਚਾ ਸਿੰਘ ਦੀ ਤਾਇਨਾਤੀ ‘ਤੇ ਵਿਧਾਇਕ ਪ੍ਰਗਟ ਸਿੰਘ ਨੇ ਪੰਜਾਬ ਸਰਕਾਰ ਉੱਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਕੱਸਿਆ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਲਿਖਿਆ ਕਿ ਕੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਜੀ ਇਹ ਦੱਸਣਗੇ ਕਿ ਕਈ ਦਹਾਕਿਆਂ ਤੋਂ ਬਾਦਲ ਪਰਿਵਾਰ ਦੇ ਕਰੀਬੀ ਰਹੇ ਸੁੱਚਾ ਸਿੰਘ ਨੂੰ ਕੱਲ੍ਹ ਪਟਿਆਲਾ ਜੇਲ੍ਹ ਵਿੱਚ ਸੁਪਰਡੈਂਟ ਕਿਉਂ ਲਗਾਇਆ ਗਿਆ ਹੈ, ਜਿੱਥੇ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਹੋਇਆ ਹੈ?
ਪ੍ਰਗਟ ਸਿੰਘ ਨੇ ਅੱਗੇ ਲਿਖਿਆ ਕਿ ਸੁਖਬੀਰ ਬਾਦਲ ਬੀਤੇ ਦਿਨੀਂ ਇੱਕ ਮਾਰਚ ਨੂੰ ਬਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਵਿੱਚ ਮਿਲਣ ਤੋਂ ਬਾਅਦ ਇੱਕ ਘੰਟਾ ਸਪੈਸ਼ਲ ਸੁੱਚਾ ਸਿੰਘ ਨੂੰ ਉਸਦੀ ਸਰਕਾਰੀ ਰਿਹਾਇਸ਼ ਵਿਖੇ ਮਿਲਣ ਗਏ ਸਨ ਤੇ ਕੁੱਝ ਦਿਨ ਬਾਅਦ ਸੁੱਚਾ ਸਿੰਘ ਨੂੰ ਪਟਿਆਲਾ ਜੇਲ ਦਾ ਸੁਪਰਡੈਂਟ ਲਾ ਦਿੱਤਾ ਗਿਆ ਹੈ। ਸੁੱਚਾ ਸਿੰਘ ਨੇ ਆਪ ਮੰਨਿਆ ਹੈ ਕਿ ਉਹ ਬਾਦਲਾਂ ਦਾ ਕਰੀਬੀ ਹੈ।
ਕੀ ਇਸ ਤਰ੍ਹਾਂ ਬਾਦਲਾਂ ਉੱਤੇ ਮਿਹਰਬਾਨ ਹੋ ਕੇ ਇਨਕਲਾਬ ਆਵੇਗਾ ? ਕੀ ਇਹੀ ਹੈ ਬਦਲਾਅ ??