The Khalas Tv Blog India ਸਰਨਾ ਦੇ ਕਾਲਕਾ ’ਤੇ ਗੰਭੀਰ ਇਲਜ਼ਾਮ! ‘ਜੇ ਆਪਣੇ ਜਾਂ ਪਤਨੀ ਲਈ ਭਾਜਪਾ ਦੀ ਟਿਕਟ ਚਾਹੀਦੀ ਹੈ ਤਾਂ ਪਹਿਲਾਂ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ’
India Punjab Religion

ਸਰਨਾ ਦੇ ਕਾਲਕਾ ’ਤੇ ਗੰਭੀਰ ਇਲਜ਼ਾਮ! ‘ਜੇ ਆਪਣੇ ਜਾਂ ਪਤਨੀ ਲਈ ਭਾਜਪਾ ਦੀ ਟਿਕਟ ਚਾਹੀਦੀ ਹੈ ਤਾਂ ਪਹਿਲਾਂ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ’

ਬਿਉਰੋ ਰਿਪੋਰਟ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਦਿੱਲੀ ਕਮੇਟੀ ਦੇ ਮੌਜੂਦਾ ਪ੍ਰਧਾਨ ਹਰਮੀਤ ਸਿੰਘ ਕਾਲਕਾ ’ਤੇ ਗੰਭੀਰ ਇਲਜ਼ਾਮ ਲਾਏ ਹਨ। ਉਨ੍ਹਾਂ ਕਿਹਾ ਹੈ ਕਿ ਕਾਲਕਾ ਜਿਸ ਤਰ੍ਹਾਂ ਸਿਆਸੀ ਪਾਰਟੀ ਦੀਆਂ ਮੀਟਿੰਗਾਂ ਵਿੱਚ ਹਾਜ਼ਰੀ ਭਰ ਰਹੇ ਹਨ, ਉਸ ਨਾਲ ਦਿੱਲੀ ਕਮੇਟੀ ਦੇ ਰੁਤਬੇ ਤੇ ਵੱਕਾਰ ਨੂੰ ਠੇਸ ਪਹੁੰਚ ਰਹੀ ਹੈ। ਉਨ੍ਹਾਂ ਇਸ਼ਾਰਿਆਂ ਵਿੱਚ ਇਹ ਵੀ ਕਿਹਾ ਕਿ ਕਾਲਕਾ ਭਾਜਪਾ ਤੋਂ ਵਿਧਾਨ ਸਭਾ ਦੀ ਟਿਕਟ ਲੈਣ ਲਈ ਚਾਰਾਜੋਈ ਕਰ ਰਹੇ ਹਨ।

ਸਰਨਾ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀਆਂ ਮੋਹਰੀ ਸੰਸਥਾਵਾਂ ਵਿੱਚੋਂ ਇੱਕ ਹੈ। ਇਸਦਾ ਸ਼ਾਨਾਮੱਤਾ ਇਤਿਹਾਸ ਰਿਹਾ ਹੈ। ਇਸਨੇ ਸਿੱਖ ਹਿੱਤਾਂ, ਗੁਰੂ ਘਰਾਂ ਦੇ ਪ੍ਰਬੰਧਾਂ ਅਤੇ ਸਿੱਖੀ ਪ੍ਰਚਾਰ ਤੇ ਪ੍ਰਸਾਰ ਲਈ ਅਨੇਕਾਂ ਕਾਰਜ ਕੀਤੇ ਹਨ। ਇਸਦੇ ਤਹਿਤ ਵੱਖ-ਵੱਖ ਸਮੇਂ ਦਿੱਲੀ ਕਮੇਟੀ ਦੇ ਆਗੂ ਸਿੱਖ ਮਸਲਿਆਂ ਸੰਬੰਧੀ ਸਮੇਂ-ਸਮੇਂ ’ਤੇ ਕੇਂਦਰ ਤੇ ਸੂਬਾ ਸਰਕਾਰਾਂ ਦੇ ਮੰਤਰੀਆਂ, ਅਧਿਕਾਰੀਆਂ ਤੇ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਮਿਲਦੇ ਰਹੇ ਹਨ। ਪਰ ਇਹ ਕਦੇ ਨਹੀਂ ਹੋਇਆ ਕਿ ਦਿੱਲੀ ਕਮੇਟੀ ਦਾ ਪ੍ਰਧਾਨ ਆਪਣੀ ਐਗਜ਼ੈਕਟਿਵ ਨਾਲ ਲੈਕੇ ਕਿਸੇ ਸਿਆਸੀ ਪਾਰਟੀ ਦੀਆਂ ਮੀਟਿੰਗਾਂ ਵਿੱਚ ਹਾਜ਼ਰੀ ਭਰੇ।

ਉਨ੍ਹਾਂ ਕਾਲਕਾ ਨੂੰ ਘੇਰਦਿਆਂ ਕਿਹਾ ਕਿ ਜਿਸ ਤਰ੍ਹਾਂ ਹੁਣ ਹਰਮੀਤ ਸਿੰਘ ਕਾਲਕਾ ਸਿਆਸੀ ਪਾਰਟੀ ਦੀਆਂ ਮੀਟਿੰਗਾਂ ਵਿੱਚ ਹਾਜ਼ਰੀ ਭਰ ਰਹੇ ਹਨ, ਇਹ ਦਿੱਲੀ ਕਮੇਟੀ ਦੇ ਰੁਤਬੇ ਤੇ ਵੱਕਾਰ ਨੂੰ ਰੋਲਣ ਵਾਲੀ ਗੱਲ ਹੈ। ਹਰਮੀਤ ਸਿੰਘ ਕਾਲਕਾ ਕੌਮ ਨੂੰ ਇਹ ਸਪੱਸ਼ਟ ਕਰਨ ਕਿ ਇਹ ਕਿਸ ਕਾਰਜ ਜਾਂ ਪੰਥਕ ਮਸਲੇ ਦੇ ਸਬੰਧ ਵਿੱਚ ਭਾਜਪਾ ਪ੍ਰਧਾਨ ਜੇ.ਪੀ. ਨੱਡਾ ਤੇ ਹੋਰ ਭਾਜਪਾ ਆਗੂਆਂ ਤੇ ਮੰਤਰੀਆਂ ਦੀ ਮੀਟਿੰਗ ਵਿੱਚ ਸਮੇਤ ਐਗਜ਼ੈਕਟਿਵ ਹਾਜ਼ਰ ਹੋਏ ਹਨ? ਇਹ ਵੀ ਦੱਸਣ ਕਿ ਉਨ੍ਹਾਂ ਇਹੋ ਜਿਹੀਆਂ ਹਾਜ਼ਰੀਆਂ ਭਰਕੇ ਸਵਾਏ ਆਪਣੀਆਂ ਨਿੱਜੀ ਲਾਲਸਾਵਾਂ ਪੂਰੀਆਂ ਕਰਵਾਉਣ ਦੇ ਇਸਨੇ ਕਿਹੜਾ ਕੌਮੀ ਮਸਲਾ ਸਰਕਾਰ ਕੋਲ਼ੋਂ ਜਾਂ ਭਾਜਪਾ ਕੋਲ਼ੋਂ ਹੱਲ ਕਰਵਾਇਆ ਹੈ?

ਸਰਨਾ ਨੇ ਕਿਹਾ ਕਿ ਹਰਮੀਤ ਸਿੰਘ ਕਾਲਕਾ ਨੂੰ ਜੇ ਆਪਣੇ ਲਈ ਜਾਂ ਆਪਣੀ ਪਤਨੀ ਲਈ ਭਾਜਪਾ ਦੀ ਵਿਧਾਨ ਸਭਾ ਚੋਣਾਂ ਲਈ ਟਿਕਟ ਚਾਹੀਦੀ ਹੈ ਤਾਂ ਉਹ ਪਹਿਲਾਂ ਦਿੱਲੀ ਕਮੇਟੀ ਦੇ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਅਤੇ ਫੇਰ ਜਿੱਥੇ ਮਰਜ਼ੀ ਹਾਜ਼ਰੀ ਭਰਨ। ਕਿਉਂਕਿ ਜੇ ਉਨ੍ਹਾਂ ਨੂੰ ਆਪਣਾ ਨਹੀਂ ਤੇ ਘੱਟੋ-ਘੱਟ ਜਿਸ ਦਿੱਲੀ ਕਮੇਟੀ ਦੀ ਪ੍ਰਧਾਨਗੀ ਦੀ ਕੁਰਸੀ ’ਤੇ ਉਹ ਬੈਠੇ ਹਨ, ਉਸ ਅਹੁਦੇ, ਰੁਤਬੇ ਤੇ ਕੌਮ ਦੀ ਪੱਗ ਦਾ ਖਿਆਲ ਤਾਂ ਕਰ ਲੈਣ।

Exit mobile version