ਜਬਲਪੁਰ : ਆਖ਼ਰ ‘ਪੱਪੂ’ ਪਾਸ ਹੋ ਗਿਆ। ਉਸ ਨੇ ਆਪਣੇ ਜੀਵਨ ਦਾ ਲੰਮਾ ਸਮਾਂ ਯਾਨੀ 25 ਸਾਲ ਐਮ.ਐਸ.ਸੀ ਮੈਥ ਦੀ ਡਿਗਰੀ ਪ੍ਰਾਪਤ ਕਰਨ ਵਿੱਚ ਬਿਤਾਏ। ਲਗਾਤਾਰ 23 ਕੋਸ਼ਿਸ਼ਾਂ ਵਿੱਚ ਨਾਕਾਮ ਰਹਿਣ ਤੋਂ ਬਾਅਦ ਵੀ ਹਿੰਮਤ ਨਹੀਂ ਹਾਰੀ। ਲੋਕਾਂ ਦੇ ਤਾਅਨੇ ਸੁਣੇ, ਖਾਣ ਲਈ ਸੰਘਰਸ਼ ਕੀਤਾ, ਫਿਰ ਵੀ ਪੜ੍ਹਾਈ ਦਾ ਜਜ਼ਬਾ ਬਰਕਰਾਰ ਰੱਖਿਆ। ਹੁਣ 24ਵੀਂ ਕੋਸ਼ਿਸ਼ ਵਿੱਚ ਪ੍ਰੀਖਿਆ ਪਾਸ ਕੀਤੀ।
ਜਬਲਪੁਰ ਦੇ ਰਹਿਣ ਵਾਲੇ ਇਸ ਵਿਅਕਤੀ ਦਾ ਨਾਂ ਰਾਜਕਰਨ ਹੈ। ਉਸ ਦੀ ਉਮਰ 56 ਸਾਲ ਹੈ। ਆਪਣੇ ਸੁਪਨੇ ਨੂੰ ਜੀਣ ਦੇ ਨਾਲ-ਨਾਲ ਰਾਜਕਰਨ ਦੋ ਨੌਕਰੀਆਂ ਵੀ ਕਰਦਾ ਰਿਹਾ। ਪਹਿਲੀ ਨੌਕਰੀ ਸਕਿਉਰਿਟੀ ਗਾਰਡ ਦੀ ਸੀ, ਜਿਸ ਵਿੱਚ ਤਨਖ਼ਾਹ 5000 ਰੁਪਏ ਮਹੀਨਾ ਸੀ, ਜਦੋਂ ਕਿ ਦੂਜੀ ਨੌਕਰੀ ਇੱਕ ਬੰਗਲੇ ਵਿੱਚ ਸੀ, ਜਿਸ ਵਿੱਚ ਤਨਖ਼ਾਹ 1500 ਰੁਪਏ ਸੀ। ਉਸ ਨੇ ਆਪਣੀ ਜ਼ਿੰਦਗੀ ਦੇ ਸਖ਼ਤ ਸੰਘਰਸ਼ ਨਾਲ ਇੱਕ ਸੁਪਨਾ ਪੂਰਾ ਕੀਤਾ। ਇਸ ਨੂੰ ਹਾਸਲ ਕਰਨ ਲਈ ਉਸ ਨੇ 25 ਸਾਲਾਂ ਤੱਕ ਸਖ਼ਤ ਮਿਹਨਤ ਕੀਤੀ ਅਤੇ ਆਖ਼ਰਕਾਰ ਆਪਣਾ ਸੁਪਨਾ ਪੂਰਾ ਕਰ ਲਿਆ।
ਮੀਡੀਆ ਰਿਪੋਰਟਾਂ ਮੁਤਾਬਕ ਰਾਜਕਰਨ ਨੇ ਦੱਸਿਆ ਕਿ ਉਹ ਜਿੱਥੇ ਕੰਮ ਕਰਦਾ ਸੀ, ਉਸ ਦਾ ਬੌਸ ਆਪਣੇ ਬੱਚਿਆਂ ਨੂੰ ਰਾਜਕਰਨ ਦੀ ਉਦਾਹਰਨ ਦਿੰਦਾ ਸੀ ਕਿ ਦੇਖੋ, ਉਹ ਇਸ ਉਮਰ ਵਿੱਚ ਵੀ ਪੜ੍ਹ ਰਿਹਾ ਹੈ। ਰਾਜਕਰਨ ਨੇ ਦੱਸਿਆ ਕਿ ਸਾਲ 1996 ਵਿੱਚ ਐਮ.ਏ. ਕਰਨ ਤੋਂ ਬਾਅਦ ਉਹ ਇੱਕ ਵਾਰ ਇੱਕ ਸਕੂਲ ਗਿਆ ਅਤੇ ਉੱਥੇ ਦੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਮੈਂ ਬੱਚਿਆਂ ਨੂੰ ਗਣਿਤ ਪੜ੍ਹਾਇਆ ਤਾਂ ਅਧਿਆਪਕਾਂ ਨੇ ਮੇਰੇ ਪੜ੍ਹਾਉਣ ਦਾ ਢੰਗ ਦੇਖ ਕੇ ਮੇਰੀ ਤਾਰੀਫ਼ ਕੀਤੀ। ਇਸ ਨਾਲ ਮੇਰੇ ਮਨ ਵਿੱਚ ਮੈਥਸ ਵਿੱਚ ਐਮਐਸਸੀ ਕਰਨ ਦਾ ਵਿਚਾਰ ਆਇਆ। ਉਸ ਸਮੇਂ ਇੱਕ ਵਿਸ਼ੇ ਤੋਂ ਐਮਐਸਸੀ ਕਰਨ ਦਾ ਵਿਕਲਪ ਵੀ ਸੀ। ਇਸ ਤੋਂ ਬਾਅਦ ਮੈਂ 1996 ਵਿੱਚ ਰਾਣੀ ਦੁਰਗਾਵਤੀ ਯੂਨੀਵਰਸਿਟੀ, ਜਬਲਪੁਰ ਵਿੱਚ ਦਾਖਲਾ ਲੈ ਲਿਆ।
ਰਾਜਕਰਨ ਨੇ ਸਾਲ 1997 ਵਿੱਚ ਪਹਿਲੀ ਵਾਰ ਐਮਐਸਸੀ ਦੀ ਪ੍ਰੀਖਿਆ ਦਿੱਤੀ ਸੀ। ਇਸ ਵਿੱਚ ਅਸਫਲ ਰਹੇ। ਇਸ ਤੋਂ ਬਾਅਦ ਲਗਾਤਾਰ ਦਸ ਸਾਲ ਪੰਜ ਵਿੱਚੋਂ ਸਿਰਫ਼ ਇੱਕ ਵਿਸ਼ਿਆਂ ਵਿੱਚ ਹੀ ਪਾਸ ਹੋ ਸਕਿਆ, ਪਰ ਉਸ ਨੇ ਕਦੇ ਹਾਰ ਨਹੀਂ ਮੰਨੀ ਅਤੇ ਸਖ਼ਤ ਮਿਹਨਤ ਕਰਦਾ ਰਿਹਾ। ਉਸ ਨੇ ਕਦੇ ਕਿਸੇ ਦੀ ਗੱਲ ਵੱਲ ਧਿਆਨ ਨਹੀਂ ਦਿੱਤਾ। ਫਿਰ ਕੋਰੋਨਾ ਦੌਰ ਦੌਰਾਨ, ਉਸਨੇ ਸਾਲ 2020 ਵਿੱਚ ਆਪਣੇ ਪਹਿਲੇ ਸਾਲ ਦੀ ਪ੍ਰੀਖਿਆ ਅਤੇ 2021 ਵਿੱਚ ਦੂਜੇ ਸਾਲ ਦੀ ਪ੍ਰੀਖਿਆ ਪਾਸ ਕੀਤੀ। ਅੰਤ ਵਿੱਚ, 25 ਸਾਲਾਂ ਦੀ ਸਖ਼ਤ ਮਿਹਨਤ ਤੋਂ ਬਾਅਦ, ਉਸ ਨੇ ਐਮਐਸਸੀ ਮੈਥ ਦੀ ਡਿਗਰੀ ਪ੍ਰਾਪਤ ਕੀਤੀ।