ਮੋਗਾ : ਮੁੱਖ ਮੰਤਰੀ ਭਗਵੰਤ ਮਾਨ ਨੇ ਗੰਨ ਕਲਚਰ ਨੂੰ ਖਤਮ ਕਰਨ ਲਈ ਵਿਆਹ ਸ਼ਾਦੀਆਂ ਅਤੇ ਧਾਰਮਿਕ ਸਮਾਗਮਾਂ ‘ਚ ਹਥਿਆਰਾਂ ਦੀ ਨੁਮਾਇਸ਼ ‘ਤੇ ਪੂਰਨ ਤੌਰ ‘ਤੇ ਪਾਬੰਦੀ ਲਗਾ ਦਿੱਤੀ ਹੈ। ਗੰਨ ਕਲਚਰ ਨੂੰ ਪ੍ਰਮੋਟ ਕਰਨ ਵਾਲਿਆਂ ਖ਼ਿਲਾਫ ਸਰਕਾਰ ਸਖ਼ਤ ਐਕਸ਼ਨ ਲੈ ਰਹੀ ਹੈ।
ਇਸੇ ਦੌਰਾਨ ਗੀਤ ਵਿਚ ਹਥਿਆਰਾਂ ਨੂੰ ਪ੍ਰਮੋਟ ਕਰਨ ਨੂੰ ਲੈ ਕੇ ਹੁਣ ਪੰਜਾਬ ਪੁਲਿਸ ਵੱਲੋਂ ਪੰਜਾਬੀ ਗਾਇਕ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਪੰਜਾਬੀ ਗਾਇਕ ਕੁਲਜੀਤ ਵੱਲੋਂ ਆਪਣੇ ਗੀਤ ਵਿੱਚ ਹਥਿਆਰਾਂ ਦਾ ਜ਼ਿਕਰ ਕਰਨ ਉਤੇ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਬਾਘਾ ਪੁਰਾਣਾ ਪੁਲਿਸ ਵੱਲੋਂ ਇਹ ਮਾਮਲਾ ਦਰਜ ਕੀਤਾ ਗਿਆ ਹੈ। ਗਾਇਕ ਕੁਲਜੀਤ ਨੇ ਆਪਣਾ ਨਵਾਂ ਗਾਣਾ ਸੋਸ਼ਲ ਮੀਡੀਆ ਉਤੇ ਅਪਲੋਡ ਕੀਤਾ ਸੀ, ਜਿਸ ਵਿੱਚ ਹਥਿਆਰਾਂ ਦਾ ਜ਼ਿਕਰ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਵੀ ਥਿਆਰ ਕਲਚਰ ਨੂੰ ਸੋਸ਼ਲ ਮੀਡੀਆ ‘ਤੇ ਪ੍ਰਮੋਟ ਕਰਨ ਦੇ ਦੋਸ਼ਾਂ ਹੇਠ ਇੱਕ ਪੰਜਾਬੀ ਗਾਇਕ ‘ਤੇ ਮੁਕੱਦਮਾ ਕਰਜ ਕੀਤਾ ਗਿਆ ਸੀ। ਦੱਸ ਦਈਏ ਕਿ ਰਾਏਕੋਟ ਥਾਣਾ ਸਦਰ ਪੁਲਿਸ ਵੱਲੋਂ ਹਥਿਆਰ ਕਲਚਰ ਨੂੰ ਸੋਸ਼ਲ ਮੀਡੀਆ ‘ਤੇ ਪ੍ਰਮੋਟ ਕਰਨ ਦੇ ਦੋਸ਼ਾਂ ਹੇਠ ਇੱਕ ਪੰਜਾਬੀ ਗਾਇਕ, ਗੀਤ ਦੇ ਪ੍ਰੋਡਿਊਸਰ ਤੇ ਇੱਕ ਮਿਊਜ਼ਿਕ ਕੰਪਨੀ ‘ਤੇ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਨੰਬਰ 112 ਦਰਜ ਕੀਤਾ ਗਿਆ ਸੀ।
ਜ਼ਿਲ੍ਹਾ ਲੁਧਿਆਣਾ (ਦਿਹਾਤੀ) ਪੁਲਿਸ ਮੁਖੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਸੀ ਕਿ ਗੀਤ ਦੇ ਪ੍ਰੋਡਿਊਸਰ ਸੱਤਾ ਡੀਕੇ ਤੇ ਗਾਇਕ ਤਾਰੀ ਕਾਸ਼ਾਪੁਰੀਆ ਵੱਲੋਂ 32 ਬੋਰ ਨਾਂ ਹੇਠ ਇਕ ਗੀਤ ‘ਡੱਬ ਵਿੱਚ ਰੱਖੀ ਦਾ ਹੈ 32 ਬੋਰ’ ਲਵ ਮਿਊਜ਼ਕ ਕੰਪਨੀ ਦੇ ਬੈਨਰ ਹੇਠ ਯੂ-ਟਿਊਬ ‘ਤੇ ਜਾਰੀ ਕੀਤਾ ਗਿਆ ਹੈ। ਗੀਤ ਦਾ ਪ੍ਰੋਡਿਊਸਰ ਸੱਤਾ ਡੀਕੇ ਰਾਏਕੋਟ ਨੇੜਲੇ ਪਿੰਡ ਭੈਣੀ ਦਰੇੜਾਂ ਦਾ ਵਸਨੀਕ ਹੈ। ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ਾਂ ਤਹਿਤ ਥਾਣਾ ਸਦਰ ਰਾਏਕੋਟ ਵਿਖੇ ਗਾਇਕ ਤਾਰੀ ਕਾਸਾਪੁਰੀਆ, ਪ੍ਰੋਡਿਊਸਰ ਸੱਤਾ ਡੀਕੇ ਤੇ ਲਵ ਮਿਊਜ਼ਕ ਕੰਪਨੀ ਦੇ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 188, 294,504 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ।