The Khalas Tv Blog Punjab ਲਤੀਫਪੁਰਾ ‘ਚ ਲੋਕਾਂ ਨੂੰ ਬੇਘਰ ਕਰਨ ਉੱਤੇ ਪੰਥਕ ਸਖਸ਼ੀਅਤਾਂ ਵੱਲੋਂ ਪੰਜਾਬ ਸਰਕਾਰ ਦੀ ਕਰੜੀ ਨਿਖੇਧੀ
Punjab

ਲਤੀਫਪੁਰਾ ‘ਚ ਲੋਕਾਂ ਨੂੰ ਬੇਘਰ ਕਰਨ ਉੱਤੇ ਪੰਥਕ ਸਖਸ਼ੀਅਤਾਂ ਵੱਲੋਂ ਪੰਜਾਬ ਸਰਕਾਰ ਦੀ ਕਰੜੀ ਨਿਖੇਧੀ

Panthic personalities condemned the displacement of people in Punjab Latifpura

ਲਤੀਫਪੁਰਾ 'ਚ ਲੋਕਾਂ ਨੂੰ ਬੇਘਰ ਕਰਨ ਉੱਤੇ ਪੰਥਕ ਸਖਸ਼ੀਅਤਾਂ ਵੱਲੋਂ ਪੰਜਾਬ ਸਰਕਾਰ ਦੀ ਕਰੜੀ ਨਿਖੇਧੀ

ਜਲੰਧਰ ਸ਼ਹਿਰ ਦੇ ਲਤੀਫਪੁਰਾ ( Latifpura ) ‘ਚ ਢਾਹੇ ਗਏ ਮਕਾਨਾਂ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ। ਇਹ ਮਾਮਲਾ ਆਮ ਆਦਮੀ ਪਾਰਟੀ ਦੀ ਸਰਕਾਰ ਲਈ ਮੁਸੀਬਤ ਬਣਦਾ ਜਾ ਰਿਹਾ ਹੈ। ਬੇਸ਼ੱਕ ਇਹ ਕਾਰਵਾਈ ਅਦਾਲਤੀ ਹੁਕਮਾਂ ਮਗਰੋਂ ਹੋਈ ਹੈ ਪਰ ਵਿਰੋਧੀ ਧਿਰਾਂ ਅਤੇ ਪੰਥਕ ਸਖਸ਼ੀਅਤਾਂ ਵੱਲੋਂ ਸਰਕਾਰ ਦੇ ਇਸ ਫੈਸਲੇ ਦੀ ਕਰੜੇ ਸ਼ਬਦਾ ‘ਚ ਨਿਖੇਧੀ ਕੀਤੀ ਜਾ ਰਹੀ ਹੈ।

ਪੰਥਕ ਸਖਸ਼ੀਅਤਾਂ ਭਾਈ ਰਜਿੰਦਰ ਸਿੰਘ ਮੁਗਲਵਾਲ,  ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਦਲਜੀਤ ਸਿੰਘ, ਭਾਈ ਨਰਾਇਣ ਸਿੰਘ, ਭਾਈ ਭੁਪਿੰਦਰ ਸਿੰਘ, ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਸੁਖਦੇਵ ਸਿੰਘ ਡੋਡ, ਭਾਈ ਅਮਰੀਕ ਸਿੰਘ ਈਸੜੂ, ਭਾਈ ਹਰਦੀਪ ਸਿੰਘ ਮਹਿਰਾਜ ਅਤੇ ਭਾਈ ਮਨਜੀਤ ਸਿੰਘ ਫਗਵਾੜਾ ਨੇ ਇਕ ਸਾਂਝਾ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਪ੍ਰਸ਼ਾਸ਼ਨ ਵੱਲੋਂ ਜਲੰਧਰ ਵਿੱਚ 1947 ਦੀ ਪੰਜਾਬ ਦੀ ਵੰਡ ਦੇ ਉਜਾੜੇ ਤੋਂ ਬਾਅਦ ਵੱਸੇ ਲੋਕਾਂ ਨੂੰ ਬਿਨਾਂ ਰਿਹਾਇਸ਼ੀ ਪ੍ਰਬੰਧ ਦਿੱਤਿਆਂ ਮੁੜ ਉਜਾੜਨਾ, 1975 ਵਿੱਚ ਐਮਰਜੈਂਸੀ ਦੌਰਾਨ ਸੰਜੇ ਗਾਂਧੀ ਵੱਲੋਂ ਦਿੱਲੀ ਦੇ ਤੁਰਕਮਾਨ ਇਲਾਕੇ ਵਿੱਚ ਬਲਡੋਜਰ ਫੇਰ ਕੇ ਕੀਤੇ ਗਏ ਲੋਕ-ਉਜਾੜੂ ਘਿਨਾਉਣੇ ਕਾਂਡ ਦੀ ਯਾਦ ਦਿਵਾਉਂਦਾ ਹੈ।

ਉਨ੍ਹਾਂ ਨੇ ਕਿਹਾ ਕਿ ਇਨਸਾਨੀਅਤ ਦਾ ਦਰਦ ਰੱਖਣ ਵਾਲੇ ਹਰ ਮਨੁੱਖ ਨੂੰ ਸਰਕਾਰ ਦੇ ਇਸ ਕਦਮ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਇਸ ਵਿਰੁਧ ਅਵਾਜ ਬੁਲੰਦ ਕਰਨੀ ਚਾਹੀਦੀ ਹੈ, ਤਾਂ ਜੋ ਅੱਗੇ ਤੋਂ ਕੋਈ ਵੀ ਸਰਕਾਰ ਅਜਿਹਾ ਘਿਨਾਉਣਾ ਕੰਮ ਨਾ ਕਰੇ ਅਤੇ ਨਾ ਹੀ ਸੋਚੇ।

ਪੰਥਕ ਸਖਸ਼ੀਅਤਾਂ ਨੇ ਆਪਣੇ ਸਾਂਝੇ ਬਿਆਨ ਰਾਹੀਂ ਖਾਲਸਾ ਏਡ ਸੰਸਥਾ ਵਲੋਂ ਆਪ ਸਰਕਾਰ ਦੇ ਉਜਾੜੇ ਇਹਨਾਂ ਪਰਿਵਾਰਾਂ ਨੂੰ ਸਹਾਰਾ ਦੇਣ ਵਾਸਤੇ ਚੁੱਕੇ ਗਏ ਕਦਮਾਂ ਦੀ ਸ਼ਲਾਘਾ ਕੀਤੀ ਹੈ।

ਇਸ ਤੋਂ ਪਹਿਲਾਂ ਜਲੰਧਰ ਇੰਮਪਰੂਵਮੈਂਟ ਟਰੱਸਟ ਦੇ ਚੇਅਰਮੈਨ ਜਗਤਾਰ ਸਿੰਘ ਸੰਘੇੜਾ ਨੇ ਪ੍ਰੈਸ ਕਾਨਫਰੰਸ ਕਰਕੇ ਸਭ ਤੋਂ ਪਹਿਲਾਂ ਲਤੀਫਪੁਰਾ ਦੇ ਪੀੜਤ ਪਰਿਵਾਰ ਤੋਂ ਮੁਆਫੀ ਮੰਗੀ ਸੀ । ਉਨ੍ਹਾਂ ਨੇ ਕਿਹਾ ਸੀ ਸਰਕਾਰ ਕੋਲ ਤਿਆਰ ਫਲੈਟ ਹਨ ਜੋ ਕਿ ਪੀੜਤ ਪਰਿਵਾਰਾਂ ਨੂੰ ਦਿੱਤੇ ਜਾਣਗੇ । ਜਦਕਿ ਲੋਕਾਂ ਨੇ ਸਰਕਾਰ ਦੀ ਇਹ ਆਫਰ ਠੁਕਰਾਉਂਦੇ ਹੋਏ ਵੱਡਾ ਕਾਰਨ ਦੱਸਿਆ ਹੈ।

ਲੋਕਾਂ ਦਾ ਕਹਿਣਾ ਸੀ ਕਿ ਲਤੀਫਪੁਰਾ ਵਿੱਚ ਉਹ 75 ਸਾਲ ਤੋਂ ਵਸੇ ਹੋਏ ਸਨ । ਇੱਸੇ ਪਤੇ ‘ਤੇ ਉਨ੍ਹਾਂ ਦਾ ਆਧਾਰ ਕਾਰਡ ਬਣਿਆ ਸੀ ਪਾਣੀ ਅਤੇ ਬਿਜਲੀ ਦਾ ਪੱਕਾ ਕੁਨੈਕਸ਼ਨ ਸੀ ਪਰ ਇਸ ਦੇ ਬਾਵਜੂਦ ਸਰਕਾਰ ਨੇ ਉਨ੍ਹਾਂ ਦਾ ਸਾਥ ਨਹੀਂ ਦਿੱਤਾ ਅਤੇ ਮਕਾਨ ਤੋੜ ਦਿੱਤੇ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ 2 ਮਰਲੇ ਦੇ ਫਲੈਟ ਮਨਜ਼ੂਰ ਨਹੀਂ ਹਨ। ਕਿਉਂਕਿ ਲਤੀਫਪੁਰਾ ਵਿੱਚ ਉਨ੍ਹਾਂ ਦੇ 4 ਮਰਲੇ ਦੇ ਘਰ ਸਨ । ਜੇਕਰ ਸਰਕਾਰ ਨੇ ਉਨ੍ਹਾਂ ਦੀ ਮਦਦ ਕਰਨੀ ਹੈ ਤਾਂ ਲਤੀਫਪੁਰਾ ਵਿੱਚ ਹੀ ਮੁੜ ਤੋਂ ਮਕਾਨ ਬਣਾ ਕੇ ਦਿੱਤੇ ਜਾਣ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਜਲੰਧਰ ਇੰਪਰੂਵਮੈਂਟ ਟਰੱਸਟ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਲਤੀਫਪੁਰਾ ਵਿੱਚ ਮਕਾਨਾਂ ਨੂੰ ਢਾਹੁਣ ਲਈ ਪੁਲੀਸ ਸੁਰੱਖਿਆ ਹੇਠ ਮਸ਼ੀਨਾਂ ਲੈ ਕੇ ਪੁੱਜੇ ਤਾਂ ਉਥੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਲਤੀਫਪੁਰਾ ਵਿੱਚ ਮਸ਼ੀਨਾਂ ਅੱਗੇ ਲੋਕ ਖੜ੍ਹੇ ਹੋ ਗਏ।  ਜਦੋਂ ਉਹ ਨਾ ਮੰਨੇ ਤਾਂ ਪੁਲਿਸ ਨੇ ਉਥੋਂ ਕੁਝ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਥਾਣੇ ਲੈ ਗਈ। ਇਸ ਦੌਰਾਨ ਹੰਗਾਮੇ ਦੀ ਸੂਚਨਾ ਮਿਲਦਿਆਂ ਹੀ ਕਿਸਾਨ ਜਥੇਬੰਦੀਆਂ ਦੇ ਲੋਕ ਵੀ ਉਥੇ ਪਹੁੰਚ ਗਏ ਤੇ ਮਾਹੌਲ ਤਣਾਅਪੂਰਨ ਹੋ ਗਿਆ ਸੀ।

Exit mobile version