ਬਿਉਰੋ ਰਿਪੋਰਟ – ਅਕਾਲੀ ਦਲ ਦੇ ਬਾਗੀ ਧੜੇ ਦੇ ਇਲਜ਼ਾਮ ਤੋਂ ਬਾਅਦ ਸੁਖਬੀਰ ਸਿੰਘ ਬਾਦਲ (Sukhbir Singh Badal) ਦੇ ਜਵਾਬ ’ਤੇ ਪੰਜ ਸਿੰਘ ਸਾਹਿਬਾਨਾਂ (Five Jathedar Meeting) ਵੱਲੋਂ ਕੱਲ 30 ਅਗਸਤ ਨੂੰ ਫੈਸਲਾ ਲੈਣਾ ਹੈ। ਇਸ ਤੋਂ ਪਹਿਲਾਂ ਤਖਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ (Ex Jathedar Kewal singh) ਦੀ ਅਗਵਾਈ ਵਿੱਚ ਪੰਥਕ ਅਸੈਂਬਲੀ ਵੱਲੋਂ ਜਥੇਦਾਰ ਸ੍ਰੀ ਅਕਾਲ ਤਖ਼ਤ ਨੂੰ ਮੰਗ ਪੱਤਰ ਸੌਂਪ ਕੇ ਸਾਬਕਾ ਜੱਥੇਦਾਰਾਂ ਖਿਲਾਫ ਵੱਡੀ ਮੰਗ ਕੀਤੀ ਗਈ ਹੈ।
ਇਸ ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਜਿਸ ਵੇਲੇ ਸੌਦਾ ਸਾਧ ਨੂੰ ਮੁਆਫ਼ੀ ਦਿੱਤੀ ਗਈ ਉਸ ਵੇਲੇ ਫੈਸਲਾ ਲੈਣ ਵਿੱਚ ਮੌਜੂਦ ਸਾਰੇ ਜੱਥੇਦਾਰਾਂ ਤੋਂ ਜਵਾਬ ਮੰਗਿਆ ਜਾਵੇਂ। ਗਿਆਨੀ ਕੇਵਲ ਸਿੰਘ ਨੇ ਕਿਹਾ ਤਤਕਾਲੀ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਦਮਦਮਾ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਗੁਰਮੁਖ ਸਿੰਘ ਨੂੰ ਵੀ ਗਵਾਹੀ ਦੇ ਲਈ ਬੁਲਾਇਆ ਜਾਣਾ ਚਾਹੀਦਾ ਹੈ। ਸਿਰਫ਼ ਇੰਨਾ ਹੀ ਨਹੀਂ, ਇਹ ਵੀ ਮੰਗ ਕੀਤੀ ਗਈ ਹੈ ਕਿ ਸੁਣਵਾਈ ਬੰਦ ਕਮਰੇ ਵਿੱਚ ਨਹੀਂ ਹੋਣੀ ਚਾਹੀਦੀ ਹੈ ਬਲਕਿ ਪੰਥ ਦੀ ਕਚਹਿਰੀ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਸਭ ਦੇ ਸਾਹਮਣੇ ਹੋਣੀ ਚਾਹੀਦੀ ਹੈ। ਇਸ ਤੋਂ ਪਹਿਲਾਂ ਪੰਥਕ ਇਕੱਤਰਤਾ ਵੀ ਬੁਲਾਈ ਜਾਣੀ ਚਾਹੀਦਾ ਹੈ। ਜਿਵੇਂ ਪਹਿਲਾਂ ਹੁੰਦਾ ਸੀ ਪੰਥ ਦੇ ਸਾਹਮਣੇ ਸੁਣਵਾਈ ਹੁੰਦੀ ਸੀ।
ਸਭ ਤੋਂ ਪਹਿਲਾਂ ਤਤਕਾਲੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਨੇ ਇਸ ਗੱਲ ਦੀ ਤਸਦੀਕ ਕੀਤੀ ਸੀ ਕਿ ਸੌਦਾ ਸਾਧ ਦੇ ਮੁਆਫ਼ੀਨਾਮਾ ਲਈ ਉਨ੍ਹਾਂ ਸਮੇਤ ਹੋਰ ਜਥੇਦਾਰਾਂ ਨੂੰ ਚੰਡੀਗੜ੍ਹ ਬੁਲਾਇਆ ਗਿਆ ਸੀ। ਹਾਲਾਂਕਿ ਬਾਅਦ ਵਿੱਚੋਂ ਗਿਆਨੀ ਗੁਰਮੁਖ ਸਿੰਘ ਨੂੰ ਅਹੁਦੇ ਤੋਂ ਹਟਾ ਦਿੱਤਾ ਕੇ ਟ੍ਰਾਂਸਫਰ ਕਰ ਦਿੱਤਾ ਗਿਆ ਸੀ। ਕੁਝ ਸਮੇਂ ਬਾਅਦ ਉਨ੍ਹਾਂ ਨੂੰ ਮੁੜ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੈੱਡ ਗ੍ਰੰਥੀ ਥਾਪਿਆ ਗਿਆ ਸੀ।
ਇਸ ਤੋਂ ਪਹਿਲਾਂ ਵੀ ਬਾਗੀ ਧੜੇ ਸਮੇਤ ਹੋਰ ਕਈ ਸਿੱਖ ਜਥੇਬੰਦੀਆਂ ਫੈਸਲੇ ਨੂੰ ਲੈ ਕੇ ਆਪਣਾ ਸੁਝਾਅ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਨੂੰ ਦੇ ਚੁੱਕਿਆ ਹਨ। ਸਾਰੀਆਂ ਜਥੇਬੰਦੀਆਂ ਨੇ ਸਿੰਘ ਸਾਹਿਬਾਨਾਂ ਨੂੰ ਮੰਗ ਕੀਤਾ ਹੈ ਕਿ ਫੈਸਲਾ ਸਿਰਫ ਸੇਵਾ ਦੀ ਸਜ਼ਾ ਤੱਕ ਸੀਮਤ ਨਾ ਰੱਖਿਆ ਜਾਵੇ। MP ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਵੀ 2 ਦਿਨ ਪਹਿਲਾਂ ਜਥੇਦਾਰ ਸਾਹਿਬ ਨੂੰ ਮੰਗ ਪੱਤਰ ਸੌਂਫ ਕੇ ਬੇਅਦਬੀ ਲਈ ਸੁਖਬੀਰ ਸਿੰਘ ਬਾਦਲ ਨੂੰ ਮਿਸਾਲੀ ਸਜ਼ਾ ਦੇਣ ਅਤੇ ਸਿਆਸੀ ਅਤੇ ਧਾਰਮਿਕ ਤੌਰ ’ਤੇ ਸੁਖਬੀਰ ਸਿੰਘ ਬਾਦਲ ਨੂੰ ਤਾ ਉਮਰ ਬਾਹਰ ਕਰਨ ਦੀ ਮੰਗ ਕੀਤੀ ਸੀ।