ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਚਐੱਸਜੀਐੱਮਸੀ) ਅਤੇ ਸਿੱਖ ਭਾਈਚਾਰੇ ਦੇ ਆਗੂਆਂ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਮੀਟਿੰਗ ਤੋਂ ਬਾਅਦ 25 ਅਗਸਤ ਨੂੰ ਅੰਬਾਲਾ ਵਿਖੇ ਇਕੱਠ ਨਾ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਫ਼ੈਸਲਾ ਪੰਜੋਖਰਾ ਸਾਹਿਬ ਗੁਰਦੁਆਰਾ ਸਾਹਿਬ ਨੇੜੇ ਵਾਪਰੀਆਂ ਘਟਨਾਵਾਂ ਤੋਂ ਬਾਅਦ ਲਿਆ ਗਿਆ।
ਸਿੱਖ ਭਾਈਚਾਰੇ ਨੇ ਇੰਟਰਨੈਸ਼ਨਲ ਐਂਟੀ-ਖਾਲਿਸਤਾਨੀ ਟੈਰੋਰਿਸਟ ਫਰੰਟ ਦੇ ਮੁਖੀ ਗੁਰਸਿਮਰਨ ਸਿੰਘ ਮੰਡ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ। ਪੁਲੀਸ ਵੱਲੋਂ ਗ੍ਰਿਫ਼ਤਾਰ ਦੋ ਸਿੱਖ ਨੌਜਵਾਨਾਂ ਦੀ ਰਿਹਾਈ ਲਈ 13 ਅਗਸਤ ਨੂੰ ਛੇ ਘੰਟਿਆਂ ਲਈ ਨੈਸ਼ਨਲ ਹਾਈਵੇਅ-44 ਜਾਮ ਕੀਤਾ ਗਿਆ ਸੀ। ਹਾਈਵੇਅ ਖਾਲੀ ਕਰਵਾਉਣ ਲਈ ਪੁਲੀਸ ਨੇ ਬਲ ਦਾ ਪ੍ਰਯੋਗ ਕੀਤਾ, ਜਿਸ ਵਿੱਚ ਦੋਵਾਂ ਧਿਰਾਂ ਦੇ ਕਈ ਲੋਕ ਜ਼ਖ਼ਮੀ ਹੋਏ। ਇਸ ਟਕਰਾਅ ਤੋਂ ਬਾਅਦ ਆਗੂਆਂ ਨੇ ਮੰਜੀ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਇਕੱਠ ਦਾ ਸੱਦਾ ਦਿੱਤਾ ਸੀ।\
ਐੱਚਐੱਸਜੀਐੱਮਸੀ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਮਾਮਲਾ ਗੰਭੀਰਤਾ ਨਾਲ ਲੈਂਦਿਆਂ ਐੱਚਐੱਸਜੀਐੱਮਸੀ ਮੈਂਬਰਾਂ, ਕਿਸਾਨ ਯੂਨੀਅਨਾਂ, ਸ਼੍ਰੋਮਣੀ ਅਕਾਲੀ ਦਲ (ਹਰਿਆਣਾ) ਅਤੇ ਹੋਰ ਆਗੂਆਂ ਨੂੰ ਸੱਦਿਆ। ਉਨ੍ਹਾਂ ਭਰੋਸਾ ਦਿਵਾਇਆ ਕਿ 23 ਅਗਸਤ ਤੋਂ ਪਹਿਲਾਂ ਐੱਫਆਈਆਰ ਰੱਦ ਕਰ ਦਿੱਤੀਆਂ ਜਾਣਗੀਆਂ ਅਤੇ ਗ੍ਰਿਫ਼ਤਾਰ ਦੋ ਨੌਜਵਾਨ ਰਿਹਾਅ ਕਰ ਦਿੱਤੇ ਜਾਣਗੇ। ਇਸ ਭਰੋਸੇ ਤੋਂ ਬਾਅਦ ਸਰਬਸੰਮਤੀ ਨਾਲ ਧਰਨਾ ਨਾ ਦੇਣ ਦਾ ਫ਼ੈਸਲਾ ਲਿਆ ਗਿਆ।
ਗੁਰਸਿਮਰਨ ਸਿੰਘ ਮੰਡ ਨੇ ਵੀ ਪੱਤਰ ਰਾਹੀਂ ਆਪਣੀ ਗ਼ਲਤੀ ਲਈ ਮੁਆਫ਼ੀ ਮੰਗਣ ਦੀ ਇੱਛਾ ਪ੍ਰਗਟਾਈ ਹੈ। ਆਗੂਆਂ ਨੇ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ 25 ਅਗਸਤ ਨੂੰ ਅੰਬਾਲਾ ਨਾ ਪਹੁੰਚਣ ਅਤੇ ਅਜਿਹੀਆਂ ਅਫਵਾਹਾਂ ਨਾ ਫੈਲਾਉਣ ਜਿਨ੍ਹਾਂ ਨਾਲ ਰਾਜ ਦੀ ਅਮਨ-ਸ਼ਾਂਤੀ ਭੰਗ ਹੋਵੇ। ਐੱਫਆਈਆਰ ਰੱਦ ਹੋਣ ਅਤੇ ਮੁਆਫ਼ੀ ਮਿਲਣ ਤੋਂ ਬਾਅਦ ਪੰਜੋਖਰਾ ਸਾਹਿਬ ਵਿਖੇ ਲੋਕਾਂ ਦਾ ਧੰਨਵਾਦ ਕਰਨ ਲਈ ਇੱਕ ਸਮਾਗਮ ਕੀਤਾ ਜਾਵੇਗਾ।


