The Khalas Tv Blog Punjab ਪੰਜ ਸਿੰਘ ਸਾਹਿਬਾਨਾਂ ਨੇ ਇਨ੍ਹਾਂ ਸਿੱਖਾਂ ਨੂੰ ਲਗਾਈ ਸਜ਼ਾ, ਸਾਬਕਾ ਜਥੇਦਾਰ ਨੇ ਮੰਨੀ ਗਲਤੀ
Punjab

ਪੰਜ ਸਿੰਘ ਸਾਹਿਬਾਨਾਂ ਨੇ ਇਨ੍ਹਾਂ ਸਿੱਖਾਂ ਨੂੰ ਲਗਾਈ ਸਜ਼ਾ, ਸਾਬਕਾ ਜਥੇਦਾਰ ਨੇ ਮੰਨੀ ਗਲਤੀ

ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜਾਂ ਤਖਤਾਂ ਦੇ ਸਿੰਘ ਸਾਹਿਬਾਨ ਦੀ ਮੀਟਿੰਗ ਤੋਂ ਬਾਅਦ ਗਿਆਨੀ ਰਘਬੀਰ ਸਿੰਘ ਵੱਲੋਂ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਖੜ੍ਹੇ ਹੋ ਕੇ ਸਾਬਕਾ ਜਥੇਦਾਰ ਇਕਬਾਲ ਸਿੰਘ ਸਮੇਤ ਕਈ ਹੋਰ ਸਿੱਖਾਂ ਨੂੰ ਕੀਤੀਆਂ ਗਲਤੀਆਂ ਕਰਕੇ ਧਾਰਮਿਕ ਸਜ਼ਾ ਸੁਣਾਈ ਗਈ ਹੈ। 

ਜਥੇਦਾਰ ਇਕਬਾਲ ਸਿੰਘ ਨੂੰ ਸੁਣਾਈ ਸਜ਼ਾ

ਉਨ੍ਹਾਂ ਨੇ ਸਭ ਤੋਂ ਪਹਿਲਾਂ ਤਖਤ ਸ੍ਰੀ ਹਰਮਿੰਦਰ ਸਾਹਿਬ ਦੇ ਸਾਬਕਾ ਜਥੇਦਾਰ ਇਕਬਾਲ ਸਿੰਘ ਨੂੰ ਤਨਖਾਹ ਲਗਾਈ ਗਈ ਹੈ। ਇਕਬਾਲ ਸਿੰਘ ਉੱਪਰ ਦੋਸ਼ ਹੈ ਕਿ ਉਨ੍ਹਾਂ ਨੇ ਤਖਤ ਪਟਨਾ ਸਾਹਿਬ ਵਿਖੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕੀਤੀ ਗਈ ਹੈ। ਇਕਬਾਲ ਸਿੰਘ ਵੱਲੋਂ ਆਪਣਾ ਦੋਸ਼ ਕਬੂਲਦਿਆਂ ਕਿਹਾ ਕਿ ਉਹ ਹਰ ਤਰ੍ਹਾਂ ਦੀ ਤਨਖਾਹ ਲਈ ਤਿਆਰ ਹਨ।

ਪੰਜ ਸਿੰਘ ਸਾਹਿਬਾਨਾਂ ਵੱਲੋਂ ਇਕਬਾਲ ਸਿੰਘ ਨੂੰ 11 ਦਿਨ ਜੁਪਜੀ ਸਾਹਿਬ ਦੇ ਰੋਜ਼ਾਨਾ ਪਾਠ ਕਰਨ ਦੀ ਸੇਵਾ ਲਗਾਈ ਗਈ ਹੈ। ਗਿਆਨੀ ਰਘਬੀਰ ਸਿੰਘ ਨੇ ਸੇਵਾ ਲਗਾਉਣ ਸਮੇਂ ਕਿਹਾ ਕਿ ਨਿੱਤ ਨੇਮ ਤੋਂ ਇਲਾਵਾ ਜੁਪਜੀ ਸਾਹਿਬ ਦਾ ਇਕ ਪਾਠ ਰੋਜ਼ਾਨਾ ਕੀਤਾ ਜਾਵੇ। ਸਿੰਘ ਸਾਹਿਬ ਨੇ ਕਿਹਾ ਕਿ ਪਾਠ ਕਰਨ ਦੇ ਨਾਲ-ਨਾਲ 11 ਦਿਨ ਇਕ ਘੰਟਾ ਕਿਸੇ ਵੀ ਗੁਰਦੁਆਰੇ ਵਿੱਚ ਕੀਰਤਨ ਸਰਵਨ ਕਰਨਾ ਹੈ, ਸੇਵਾ ਪੂਰੀ ਕਰਨ ਉਪਰੰਤ 500 ਰੁਪਏ ਦੀ ਕੜਾਹ ਪ੍ਰਸ਼ਾਦ ਦੀ ਦੇਗ ਅਕਾਲ ਤਖਤ ਸਾਹਿਬ ਵਿਖੇ ਕਰਵਾਉਣੀ ਹੈ। ਸੇਵਾ ਪੂਰੀ ਹੋਣ ਤੋਂ ਬਾਅਦ ਅਰਦਾਸ ਕਰਵਾਉਣੀ ਹੈ। ਇਸ ਤੋਂ ਬਾਅਦ ਅਕਾਲ ਤਖਤ ਸਾਹਿਬ ਨੂੰ ਲਿਖ ਦੇ ਦੱਸਣਾ ਹੈ ਕਿ ਲਗਾਈ ਗਈ ਸੇਵਾ ਪੂਰੀ ਕਰ ਲਈ ਗਈ ਹੈ।

 ਦਰਸ਼ਨ ਸਿੰਘ ਨੂੰ ਦੁਬਾਰਾ ਅੰਮ੍ਰਿਤ ਛਕਣ ਲਈ ਕਿਹਾ

ਇਸ ਤੋਂ ਬਾਅਦ ਪੰਜ ਸਿੰਘ ਸਾਹਿਬਾਨਾਂ ਵੱਲੋਂ ਦਰਸ਼ਨ ਸਿੰਘ ਨਾਮ ਦੇ ਵਿਅਕਤੀ ਦਾ ਮਾਮਲਾ ਵਿਚਾਰਿਆ ਹੈ। ਦਰਸ਼ਨ ਸਿੰਘ ਉੱਪਰ ਅਰੋਪ ਹੈ ਕਿ ਉਨ੍ਹਾਂ ਨੇ ਪਰਾਈ ਇਸਤਰੀ ਨਾਲ ਸਬੰਧ ਬਣਾਏ ਹਨ। ਇਸ ਤੋਂ ਬਾਅਦ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਪੁੱਛਿਆ ਕਿ ਇਹ ਕੁਕਰਮ ਕਰਨ ਤੋਂ ਬਾਅਦ ਤੁਸੀਂ ਦੁਬਾਰਾ ਅੰਮ੍ਰਿਤ ਛਕਿਆ ਹੈ ਕਿ ਨਹੀਂ? ਦੱਸ ਦੇਈਏ ਕਿ ਦਰਸ਼ਨ ਨੇ ਦੁਬਾਰਾ ਅੰਮ੍ਰਿਤ ਨਹੀਂ ਛਕਿਆ, ਜਿਸ ਕਰਕੇ ਗਿਆਨੀ ਰਘਬੀਰ ਸਿੰਘ ਨੇ ਦਰਸ਼ਨ ਸਿੰਘ ਨੂੰ ਦੁਬਾਰਾ ਅੰਮ੍ਰਿਤਪਾਨ ਕਰਨ ਤੋਂ ਬਾਅਦ ਅਕਾਲ ਤਖਤ ‘ਤੇ ਪੇਸ਼ ਹੋਣ ਦੇ ਆਦੇਸ਼ ਕੀਤੇ ਹਨ।

ਜਗਜੀਤ ਸਿੰਘ ਨੂੰ ਸੁਣਾਈ ਸਜ਼ਾ

ਇਸ ਦੇ ਨਾਲ ਹੀ ਜਗਜੀਤ ਸਿੰਘ ਨੂੰ ਵੀ ਧਾਰਮਿਕ ਸਜ਼ਾ ਦਿੱਤੀ ਗਈ ਹੈ। ਉਨ੍ਹਾਂ ਉੱਪਰ ਦੋਸ਼ ਸੀ ਕਿ ਉਸ ਨੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਉਲਟ ਜਾ ਕੇ ਆਪਣੇ ਨਿੱਜੀ ਸਵਾਰਥ ਦੇ ਖਾਤਰ ਦੁਨੀਆਵੀ ਅਦਾਲਤ ਵਿੱਚ ਪਹੁੰਚ ਕੀਤੀ ਹੈ। ਜਥੇਦਾਰ ਨੇ ਕਿਹਾ ਕਿ ਤੁਸੀਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਅਣਦੇਖੀ ਕੀਤੀ ਹੈ। ਇਸ ਲਈ ਤਹਾਨੂੰ 11 ਦਿਨ ਜੁਪਜੀ ਸਾਹਿਬ ਦੇ ਰੋਜ਼ਾਨਾ ਪਾਠ ਕਰਨ ਦੀ ਸੇਵਾ ਲਗਾਈ ਜਾਂਦੀ ਹੈ। ਜਥੇਦਾਰ ਨੇ ਕਿਹਾ ਕਿ ਨਿੱਤ ਨੇਮ ਤੋਂ ਇਲਾਵਾ ਰੋਜ਼ਾਨਾ ਇਕ ਪਾਠ ਹੋਰ ਜੁਪਜੀ ਸਾਹਿਬ ਦਾ ਕਰਨਾ ਹੈ। ਇਸ ਦੇ ਨਾਲ ਹੀ ਕਿਸੇ ਵੀ ਗੁਰਦੁਆਰੇ ਵਿੱਚ 11 ਦਿਨ ਇਕ ਘੰਟਾ ਕੀਰਤਨ ਸਰਵਨ ਕਰਨਾ ਅਤੇ ਲੰਗਰ ਦੇ ਭਾਂਡੇ ਮਾਂਜਣੇ ਹਨ। ਜਥੇਦਾਰ ਰਘਬੀਰ ਸਿੰਘ ਨੇ ਆਦੇਸ਼ ਕੀਤਾ ਕਿ ਸੇਵਾ ਭੁਗਤਨ ਤੋਂ ਬਾਅਦ ਤਖਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਵਿਖੇ 1000 ਰੁਪਏ ਦੀ ਦੇਗ ਅਤੇ ਅਰਦਾਸ ਕਰਵਾਉਣੀ ਹੈ। ਇਸ ਉਪਰੰਤ ਇਸ ਦੀ ਸਾਰੀ ਲਿਖਤੀ ਜਾਣਕਾਰੀ ਅਕਾਲ ਤਖਤ ਸਾਹਿਬ ਨੂੰ ਭੇਜਣੀ ਹੈ।

ਜੰਮੂ ਕਸ਼ਮੀਰ ਤੋਂ ਆਏ ਸਿੱਖਾਂ ਨੇ ਕੀਤੀ ਇਹ ਬੇਨਤੀ

ਇਸ ਤੋਂ ਬਾਅਦ ਜੰਮੂ ਕਸ਼ਮੀਰ ਤੋਂ ਪੰਜ ਸਿੱਖ ਰਣਜੀਤ ਸਿੰਘ, ਜਗਪਾਲ ਸਿੰਘ, ਸੋਮਨਾਥ ਸਿੰਘ, ਗੁਰਮੀਤ ਸਿੰਘ ਅਤੇ ਜਗਜੀਤ ਸਿੰਘ ਨੂੰ ਸਜ਼ਾ ਸੁਣਾਈ ਗਈ ਹੈ। ਇਨ੍ਹਾਂ ਸਾਰਿਆਂ ਉੱਪਰ ਦੋਸ਼ ਹੈ ਕਿ ਇਨ੍ਹਾਂ ਨੇ ਪੰਥ ਵਿੱਚੋਂ ਛੇਕੇ ਗਏ ਦਰਸ਼ਨ ਸਿੰਘ ਰਾਗੀ ਕੋਲੋ ਕੀਰਤਨ ਕਰਵਾਇਆ ਹੈ। ਇਸ ਉੱਤੇ ਜਦੋਂ ਗਿਆਨੀ ਰਘਬੀਰ ਸਿੰਘ ਨੇ ਪੁੱਛਿਆ ਕਿ ਤੁਸੀਂ ਆਪਣੀ ਗਲਤੀ ਮੰਨਦੇ ਹੋ ਕਿ ਨਹੀਂ? ਤਾਂ ਉਨ੍ਹਾਂ ਨੇ ਆਪਣਾ ਪੱਖ ਪੇਸ਼ ਕਰਨ ਦੀ ਬੇਨਤੀ ਕੀਤੀ। ਜਿਸ ‘ਤੇ ਪੰਜ ਸਿੰਘ ਸਾਹਿਬਾਨਾਂ ਨੇ ਪੰਜਾਂ ਸਿੱਖਾਂ ਨੂੰ ਅਕਾਲ ਤਖਤ ਸਾਹਿਬ ‘ਤੇ ਲਿਖਤੀ ਸਪੱਸ਼ਟੀਕਰਨ ਦੇਣ ਦਾ ਹੁਕਮ ਕੀਤਾ। ਸਪੱਸ਼ਟੀਕਰਨ ਦੇਣ ਤੋਂ ਬਾਅਦ ਉਨ੍ਹਾਂ ਨੂੰ ਫਿਰ ਬੁਲਾਇਆ ਜਾਵੇਗਾ।

ਅਕਾਲੀ ਦਲ ਦੇ ਬਾਗੀ ਧੜੇ ਬਾਰੇ ਨਹੀਂ ਲਿਆ ਫੈਸਲਾ

15 ਜੁਲਾਈ ਨੂੰ ਹਰ ਇਕ ਦੀਆਂ ਨਜ਼ਰਾਂ ਸ੍ਰੀ ਅਕਾਲ ਤਖਤ ਸਾਹਿਬ ‘ਤੇ ਲੱਗੀਆਂ ਹੋਈਆਂ ਸਨ, ਕਿਉਂਕਿ ਹਰ ਇਕ ਨੂੰ ਉਡੀਕ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਵੱਲੋਂ ਦਿੱਤੇ ਗਏ ਮੁਆਫੀਨਾਮੇ ਉੱਤੇ ਪੰਜ ਤਖਤਾਂ ਦੇ ਜਥੇਦਾਰ ਕੀ ਫੈਸਲਾ ਲੈਂਦੇ ਹਨ, ਪਰ ਅੱਜ ਇਸ ਸਬੰਧੀ ਜਥੇਦਾਰ ਸਾਹਿਬਾਨਾਂ ਵੱਲੋਂ ਕੋਈ ਵੀ ਫੈਸਲਾ ਨਹੀਂ ਲਿਆ। ਇੱਥੋਂ ਤੱਕ ਕੀ ਜਥੇਦਾਰ ਸਾਹਿਬਾਨਾਂ ਨੇ ਇਸ ਦਾ ਜ਼ਿਕਰ ਤੱਕ ਨਹੀਂ ਕੀਤਾ।

ਇਹ ਵੀ ਪੜ੍ਹੋ –   SBI ਨੇ ਕੀਤਾ ਕਰਜ਼ਾ ਮਹਿੰਗਾ, 20 ਸਾਲਾਂ ‘ਚ ਮੋੜੋਗੇ 30 ਲੱਖ ਦਾ ਹੋਮ ਲੋਨ ਤਾਂ ਕਿੰਨੀ ਵਧੇਗੀ EMI, ਦੇਖੋ ਹਿਸਾਬ

 

Exit mobile version