ਸ਼ੰਭੂ : ਮੰਗਲਵਾਰ (27 ਫਰਵਰੀ) ਕਿਸਾਨ ਅੰਦੋਲਨ ਦਾ 15ਵਾਂ ਦਿਨ ਹੈ। ਦਿੱਲੀ ਮਾਰਚ 29 ਫਰਵਰੀ ਤੱਕ ਮੁਲਤਵੀ ਕਰਨ ਤੋਂ ਬਾਅਦ ਕਿਸਾਨ ਪੰਜਾਬ-ਹਰਿਆਣਾ ਦੇ ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਡਟੇ ਹੋਏ ਹਨ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਉਨ੍ਹਾਂ ਦੇ ਅੰਦੋਲਨ ਨੂੰ ਪੂਰੇ ਦੇਸ਼ ਵਿੱਚ ਸਮਰਥਨ ਮਿਲਿਆ ਹੈ ਅਤੇ ਪੂਰੇ ਦੇਸ਼ ਵਿੱਚ ਕਿਸਾਨਾਂ ਨੇ ਟਰੈਕਟਰ ਮਾਰਚ ਦੁਆਰਾ ਉਨ੍ਹਾਂ ਨੂੰ ਸਮਰਥਨ ਦਿੱਤਾ ਹੈ। ਦੇਸ਼ ਦੇ ਕਿਸਾਨ ਅਤੇ ਮਜ਼ਦੂਰਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਲੰਘੇ ਕੱਲ੍ਹ ਦੇ ਟਰੈਕਟਰ ਮਾਰਚ ਵਿੱਚ ਦੇਸ਼ ਦੇ ਕਿਸਾਨ ਅਤੇ ਮਜ਼ਦੂਰਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।
ਪੰਧੇਰ ਨੇ ਕਿਹਾ ਕਿ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ, ਆਦਿਵਾਸੀਆਂ ਨੇ ਨੱਚ ਕੇ, ਗਾ ਕੇ ਅਤੇ ਤੁਰ ਕੇ ਅੰਦੋਲਨ ਦਾ ਸਮਰਥਨ ਕੀਤਾ। ਪੰਧੇਰ ਨੇ ਦੱਸਿਆ ਕਿ ਰਾਜਸਥਾਨ, ਛੱਤੀਸਗੜ੍ਹ, ਮੱਧ ਪ੍ਰਦੇਸ਼ ਅਤੇ ਝਾਰਖੰਡ ਵਿੱਚ ਅੰਦੋਲਨ ਨੂੰ ਸਮਰਥਨ ਦਿੱਤਾ ਗਿਆ ਹੈ। ਸ਼ੁਭਕਰਨ ਦੇ ਮਾਮਲੇ ‘ਤੇ ਬੋਲਦਿਆਂ ਪੰਧੇਰ ਨੇ ਕਿਹਾ ਕਿ ਸ਼ੁਭਕਰਨ ਦਾ ਮ੍ਰਿਤਕ ਸਰੀਰ ਹਾਲੇ ਤੱਕ ਮੋਰਚਰੀ ਘਰ ਵਿੱਚ ਰੱਖਿਆ ਗਿਆ ਹੈ ਕਿਉਂਕਿ ਪੰਜਾਬ ਸਰਕਾਰ ਨੇ ਹਾਲੇ ਤੱਕ ਮੁਲਜ਼ਮਾਂ ਖ਼ਿਲਾਫ਼ ਕੋਈ ਵੀ FIR ਦਰਜ ਨਹੀਂ ਕੀਤੀ।
ਪੰਧੇਰ ਨੇ ਕਿਹਾ ਕਿ FIR ਦਰਜ ਕਰਨੀ ਜਾਂ ਰੱਦ ਕਰਨੀ ਇਹ ਸਰਕਾਰ ਦੀ ਮਰਜ਼ੀ ਹੈ। ਕੇਂਦਰ ਸਰਕਾਰ ਨਾਲ ਜੋ ਗੱਲਬਾਤ ਟੁੱਟਣ ਦਾ ਕਾਰਨ ਇਹ ਹੈ। ਸਾਡੀਆਂ ਮੰਗਾਂ ਕੇਂਦਰ ਨੇ ਮੰਨੀਆਂ ਨਹੀਂ, ਜੋ ਅਸੀਂ ਰੱਖੀਆਂ ਸੀ ਉਹ ਹੈ ਕਿ MSP ‘ਤੇ ਕੇਂਦਰ ਸਰਕਾਰ ਖਰੀਦ ਗਰੰਟੀ ਕਾਨੂੰਨ ਲੈ ਕੇ ਆਵੇ ਅਤੇ 23 ਫ਼ਸਲਾਂ ‘ਤੇ ਸਰਕਾਰ MSP ਦੇਵੇ। ਇਸਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਦੁਪਹਿਰ ਬਾਅਦ ਦੁਬਾਰਾ ਸ਼ੰਭੂ ਬਾਰਡਰ ‘ਤੇ ਪਹੁੰਚਣ ਲਈ ਵੀ ਕਿਹਾ ਹੈ।