‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਮਰਹੂਮ ਪੰਜਾਬੀ ਨੌਜਵਾਨ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਨੂੰ ਐਤਵਾਰ ਅੰਤਰਰਾਸ਼ਟਰੀ ਸਨਮਾਨ ਦੇ ਨਾਲ ਨਿਵਾਜਿਆ ਗਿਆ। ਮੂਸੇਵਾਲਾ ਨੂੰ ਸਭ ਤੋਂ ਵੱਡੇ ਪੁਰਸਕਾਰ ਵਾਰਿਸ ਸ਼ਾਹ ਅੰਤਰਰਾਸ਼ਟਰੀ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ। ਮੂਸੇਵਾਲਾ ਨੂੰ ਪੰਜਾਬੀ ਜ਼ੁਬਾਨ ਨੂੰ ਪ੍ਰਫੁਲਿਤ ਕਰਨ ਦੇ ਲਈ ਮਰਨ ਉਪਰੰਤ ਪੰਜਾਬੀ ਵਿਰਸਾ ਪਾਕਿਸਤਾਨ ਵੱਲੋਂ ਇਹ ਪੁਰਸਕਾਰ ਦਿੱਤਾ ਗਿਆ ਹੈ।
ਸਿੱਧੂ ਮੂਸੇਵਾਲਾ ਨੂੰ ਇਹ ਸਨਮਾਨ ਪਾਕਿਸਤਾਨ ਸਥਿਤ ਸਾਹਿਤ ਸਭਾ “ਪੰਜਾਬੀ ਵਿਰਸਾ” ਵੱਲੋਂ ਕਵੀ ਡਾ. ਸੁਰਜੀਤ ਸਿੰਘ ਪਾਤਰ ਅਤੇ ਲੇਖਕ ਹਰਜਿੰਦਰ ਪਾਲ ਜਿੰਦਰ ਦੇ ਨਾਲ ਦਿੱਤਾ ਗਿਆ ਹੈ। ਇਹ ਪੁਰਸਕਾਰ ਪੰਜਾਬੀ ਲੇਖਕਾਂ ਤੇ ਸਾਹਿਤਕਾਰਾਂ ਨੂੰ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਦਿੱਤਾ ਜਾਂਦਾ ਹੈ। ਸਿੱਧੂ ਮੂਸੇਵਾਲਾ ਇਸ ਪੁਰਸਕਾਰ ਨਾਲ ਸਨਮਾਨਿਤ ਹੋਣ ਵਾਲੇ ਪਹਿਲੇ ਗਾਇਕ ਬਣ ਗਏ ਹਨ।
ਪਾਕਿਸਤਾਨੀ ਲੇਖਕ ਅਤੇ ਵਾਰਿਸ ਸ਼ਾਹ ਇੰਟਰਨੈਸ਼ਨਲ ਅਵਾਰਡ ਕਮੇਟੀ ਦੇ ਪ੍ਰਧਾਨ ਇਲਿਆਸ ਘੁੰਮਣ ਨੇ ਟਵਿੱਟਰ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿੱਚ ਪੰਜਾਬੀ ਲੇਖਕਾਂ ਅਤੇ ਗਾਇਕਾਂ ਦਾ ਇੱਕ ਸਮੂਹ ਸਿੱਧੂ ਨੂੰ ਇਸ ਵੱਕਾਰੀ ਪੁਰਸਕਾਰ ਨਾਲ ਯਾਦ ਕਰਦੇ ਹੋਏ ਦੇਖਿਆ ਜਾ ਸਕਦਾ ਹੈ।
ਇਹ ਦੂਜੀ ਵਾਰ ਹੈ ਜਦੋਂ ਕਿਸੇ ਭਾਰਤੀ ਸ਼ਖਸੀਅਤ ਨੂੰ ਇਹ ਪੁਰਸਕਾਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ 2000 ਵਿੱਚ ਕਵਿਤਰੀ ਅੰਮ੍ਰਿਤਾ ਪ੍ਰੀਤਮ ਨੂੰ ਇਹ ਸਨਮਾਨ ਦਿੱਤਾ ਗਿਆ ਸੀ।