The Khalas Tv Blog International ਪਾਕਿਸਤਾਨ ‘ਚ ਭਗਤ ਸਿੰਘ ਨੂੰ ਕਿਹਾ ਗਿਆ ਅੱਤਵਾਦੀ, ਲਾਹੌਰ ਦੇ ਸ਼ਾਦਮਾਨ ਚੌਕ ਨੂੰ ਭਗਤ ਸਿੰਘ ਦਾ ਨਾਂ ਦੇਣ ਦੀ ਯੋਜਨਾ ਕੀਤੀ ਰੱਦ
International Punjab

ਪਾਕਿਸਤਾਨ ‘ਚ ਭਗਤ ਸਿੰਘ ਨੂੰ ਕਿਹਾ ਗਿਆ ਅੱਤਵਾਦੀ, ਲਾਹੌਰ ਦੇ ਸ਼ਾਦਮਾਨ ਚੌਕ ਨੂੰ ਭਗਤ ਸਿੰਘ ਦਾ ਨਾਂ ਦੇਣ ਦੀ ਯੋਜਨਾ ਕੀਤੀ ਰੱਦ

ਪਾਕਿਸਤਾਨ : ਭਾਰਤ ਦੀ ਅਜ਼ਾਦੀ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਕ੍ਰਾਂਤੀਕਾਰੀ ਭਗਤ ਸਿੰਘ ਦੇ ਨਾਂ ’ਤੇ ਲਾਹੌਰ ਸ਼ਹਿਰ ਦੇ ਸ਼ਾਦਮਾਨ ਚੌਕ ਦਾ ਨਾਂ ਬਦਲਣ ਦੀ ਯੋਜਨਾ ਰੱਦ ਕਰ ਦਿੱਤੀ ਗਈ ਹੈ। ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਭਾਰਤ ਦੇ ਬਹਾਦਰ ਅਤੇ ਕ੍ਰਾਂਤੀਕਾਰੀ ਪੁੱਤਰ ਭਗਤ ਸਿੰਘ ਨੂੰ ਅੱਤਵਾਦੀ ਐਲਾਨ ਦਿੱਤਾ ਹੈ। ਪੰਜਾਬ ਸਰਕਾਰ, ਪਾਕਿਸਤਾਨ ਨੇ ਲਾਹੌਰ ਦੇ ਸ਼ਾਦਮਾਨ ਚੌਕ ਦਾ ਨਾਂ ਬਦਲਣ ਅਤੇ ਉਸ ਦੇ ਸਨਮਾਨ ਵਿੱਚ ਬੁੱਤ ਲਗਾਉਣ ਦਾ ਵਿਰੋਧ ਕੀਤਾ। ਲਾਹੌਰ ਪ੍ਰਸ਼ਾਸਨ ਨੇ ਅਦਾਲਤ ਦੀ ਮਾਣਹਾਨੀ ਦੀ ਪਟੀਸ਼ਨ ਦੇ ਜਵਾਬ ਵਿੱਚ ਇੱਕ ਰਿਪੋਰਟ ਪੇਸ਼ ਕੀਤੀ, ਜਿਸ ਵਿੱਚ ਭਗਤ ਸਿੰਘ ਨੂੰ ਇੱਕ ਅਪਰਾਧੀ ਅਤੇ ਅੱਜ ਦੇ ਮਾਪਦੰਡਾਂ ਅਨੁਸਾਰ, ਇੱਕ ਅੱਤਵਾਦੀ ਦੱਸਿਆ ਗਿਆ ਸੀ।

ਸਹਾਇਕ ਐਡਵੋਕੇਟ ਜਨਰਲ ਅਸਗਰ ਲੇਘਾਰੀ ਵੱਲੋਂ ਸ਼ੁੱਕਰਵਾਰ ਨੂੰ ਲਾਹੌਰ ਹਾਈ ਕੋਰਟ ਵਿੱਚ ਦਿੱਤੇ ਗਏ ਲਿਖਤੀ ਜਵਾਬ ’ਚ ਆਜ਼ਾਦੀ ਘੁਲਾਟੀਏ ’ਤੇ ਗੰਭੀਰ ਦੋਸ਼ ਲਾਏ ਗਏ ਹਨ।

ਲਾਹੌਰ ਮੈਟਰੋਪੌਲੀਟਨ ਕਾਰਪੋਰੇਸ਼ਨ ਨੇ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਪਾਕਿਸਤਾਨ ਦੇ ਚੇਅਰਮੈਨ ਇਮਤਿਆਜ਼ ਰਸ਼ੀਦ ਕੁਰੈਸ਼ੀ ਵੱਲੋਂ ਲਾਹੌਰ ਹਾਈ ਕੋਰਟ ’ਚ ਦਾਇਰ ਮਾਣਹਾਨੀ ਪਟੀਸ਼ਨ ਦੇ ਜਵਾਬ ਵਿੱਚ ਕਿਹਾ, ‘ਸ਼ਾਦਮਾਨ ਚੌਕ ਦਾ ਨਾਮ ਬਦਲ ਕੇ ਭਗਤ ਸਿੰਘ ਦੇ ਨਾਮ ’ਤੇ ਰੱਖਣ ਅਤੇ ਉਥੇ ਉਨ੍ਹਾਂ ਦਾ ਬੁੱਤ ਲਾਉਣ ਦੀ ਪ੍ਰਸਤਾਵਿਤ ਯੋਜਨਾ ਨੂੰ (ਸੇਵਾਮੁਕਤ) ਫ਼ੌਜੀ ਅਧਿਕਾਰੀ ਤਾਰਿਕ ਮਜੀਦ ਵੱਲੋਂ ਦਿੱਤੀ ਗਈ ਰਾਏ ਦੇ ਮੱਦੇਨਜ਼ਰ ਰੱਦ ਕਰ ਦਿੱਤਾ ਗਿਆ ਹੈ।’

ਇਸ ਵਿਚ ਕਿਹਾ ਗਿਆ ਹੈ ਕਿ ਸ਼ਾਦਮਾਨ ਚੌਕ ਦਾ ਨਾਮ ਭਗਤ ਸਿੰਘ ਦੇ ਨਾਮ ’ਤੇ ਰੱਖਣ ਲਈ ਬਣਾਈ ਗਈ ਕਮੇਟੀ ਵਿੱਚ ਸ਼ਾਮਲ ਕੀਤੇ ਗਏ ਸੇਵਾਮੁਕਤ ਅਧਿਕਾਰੀ ਮਜੀਦ ਨੇ ਦਾਅਵਾ ਕੀਤਾ, ‘ਭਗਤ ਸਿੰਘ ਕ੍ਰਾਂਤੀਕਾਰੀ ਨਹੀਂ ਬਲਕਿ ਅਪਰਾਧੀ ਸੀ। ਉਸ ਨੇ ਬਰਤਾਨਵੀ ਅਧਿਕਾਰੀ ਦੀ ਹੱਤਿਆ ਕੀਤੀ ਸੀ ਅਤੇ ਇਸ ਅਪਰਾਧ ਲਈ ਉਸ ਨੂੰ ਦੋ ਸਾਥੀਆਂ ਸਮੇਤ ਫਾਂਸੀ ਦਿੱਤੀ ਗਈ ਸੀ।’

ਮਜੀਦ ਅਨੁਸਾਰ, ‘ਭਗਤ ਸਿੰਘ ਮੁਸਲਮਾਨਾਂ ਦੇ ਦੁਸ਼ਮਣ ਧਾਰਮਿਕ ਆਗੂਆਂ ਤੋਂ ਪ੍ਰਭਾਵਿਤ ਸੀ ਅਤੇ ਗੈਰ-ਸਰਕਾਰੀ ਸੰਗਠਨ ‘ਭਗਤ ਸਿੰਘ ਫਾਊਂਡੇਸ਼ਨ’, ਜੋ ਇਸਲਾਮਿਕ ਵਿਚਾਰਧਾਰਾ ਅਤੇ ਪਾਕਿਸਤਾਨੀ ਸੱਭਿਆਚਾਰ ਦੇ ਖ਼ਿਲਾਫ਼ ਕੰਮ ਕਰ ਰਿਹਾ ਹੈ, ’ਤੇ ਪਾਬੰਦੀ ਲਾਈ ਜਾਣੀ ਚਾਹੀਦੀ ਹੈ।’ ਉਨ੍ਹਾਂ ਕਿਹਾ, ‘ਇਸ ਸੰਗਠਨ ਦੇ ਅਧਿਕਾਰੀ, ਜੋ ਖੁਦ ਨੂੰ ਮੁਸਲਮਾਨ ਆਖਦੇ ਹਨ, ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪਾਕਿਸਤਾਨ ਵਿੱਚ ਇੱਕ ਨਾਸਤਕ ਦੇ ਨਾਮ ’ਤੇ ਕਿਸੇ ਥਾਂ ਦਾ ਨਾਮ ਨਹੀਂ ਰੱਖਿਆ ਜਾ ਸਕਦਾ ਕਿਉਂਕਿ ਇਸਲਾਮ ਵਿੱਚ ਬੁੱਤ ਲਾਉਣ ਦੀ ਮਨਾਹੀ ਹੈ।’

ਦੂਜੇ ਬੰਨੇ ਭਗਤ ਸਿੰਘ ਫਾਊਂਡੇਸ਼ਨ ਪਾਕਿਸਤਾਨ ਵੱਲੋਂ ਇਦ ਦਾਅਵੇ ਦਾ ਵਿਰੋਧ ਕੀਤਾ ਗਿਆ ਹੈ। ਭਗਤ ਸਿੰਘ ਫਾਊਂਡੇਸ਼ਨ ਪਾਕਿਸਤਾਨ ਵੱਲੋਂ ਇਸ ਫੈਸਲੇ ਵਿਰੁਧ ਹਾਈਕੋਰਟ ਦਾ ਰੁਖ ਕੀਤਾ ਗਿਆ ਹੈ।

ਦੱਸਣਯੋਗ ਹੈ ਕਿ ਲਾਹੌਰ ਹਾਈ ਕੋਰਟ ਨੇ 2018 ਵਿਚ ਸਰਕਾਰ ਨੂੰ ਸ਼ਾਦਮਾਨ ਚੌਕ ਦਾ ਨਾਂ ਬਦਲਣ ਹੁਕਮ ਕੀਤਾ ਸੀ ਜਿੱਥੇ 23 ਮਾਰਚ 1931 ਨੂੰ ਆਜ਼ਾਦੀ ਦੇ ਪਰਵਾਨੇ ਭਗਤ ਸਿੰਘ ਨੂੰ ਫਾਂਸੀ ਦਿੱਤੀ ਗਈ ਸੀ।

 

Exit mobile version