The Khalas Tv Blog Punjab ਪਾਕਿਸਤਾਨ ਵੱਲੋਂ ਪੰਜਾਬ ਦੇ ਕਈ ਜ਼ਿਲ੍ਹਿਆਂ ‘ਤੇ ਹਮਲਾ
Punjab

ਪਾਕਿਸਤਾਨ ਵੱਲੋਂ ਪੰਜਾਬ ਦੇ ਕਈ ਜ਼ਿਲ੍ਹਿਆਂ ‘ਤੇ ਹਮਲਾ

ਜਿਵੇਂ ਹੀ ਪੰਜਾਬ ਵਿੱਚ ਹਨੇਰਾ ਹੋਇਆ, ਪਾਕਿਸਤਾਨ ਨੇ ਫਿਰੋਜ਼ਪੁਰ, ਫਾਜ਼ਿਲਕਾ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਪਠਾਨਕੋਟ ‘ਤੇ ਹਮਲਾ ਕਰ ਦਿੱਤਾ। ਜਦੋਂ ਪਾਕਿਸਤਾਨੀ ਡਰੋਨ ਅੰਦਰ ਦਾਖਲ ਹੋਏ, ਤਾਂ ਫੌਜ ਦੇ ਰੱਖਿਆ ਪ੍ਰਣਾਲੀ ਨੇ ਉਨ੍ਹਾਂ ਨੂੰ ਅਸਮਾਨ ਵਿੱਚ ਮਾਰਨਾ ਸ਼ੁਰੂ ਕਰ ਦਿੱਤਾ। ਇਸ ਦੇ ਬਾਵਜੂਦ, ਪਾਕਿਸਤਾਨ ਤੋਂ ਡਰੋਨ ਆਉਂਦੇ ਰਹੇ।

ਫਿਰੋਜ਼ਪੁਰ ਦੇ ਪਿੰਡ ਖਾਈ ਸੇਮੇ ਵਿੱਚ ਡਰੋਨ ਡਿੱਗਣ ਤੋਂ ਬਾਅਦ ਇੱਕ ਘਰ ਨੂੰ ਅੱਗ ਲੱਗ ਗਈ। ਇੱਥੇ ਤਿੰਨ ਲੋਕ ਗੰਭੀਰ ਜ਼ਖਮੀ ਹੋ ਗਏ। ਤਿੰਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਡਰੋਨ ਡਿੱਗਿਆ ਤਾਂ ਘਰ ਦੀਆਂ ਲਾਈਟਾਂ ਜਗ ਰਹੀਆਂ ਸਨ। ਉਸੇ ਸਮੇਂ, ਗੁਰਦਾਸਪੁਰ ਦੇ ਕਰਤਾਰਪੁਰ ਲਾਂਘੇ ਤੋਂ 20 ਕਿਲੋਮੀਟਰ ਦੂਰ ਇੱਕ ਜ਼ੋਰਦਾਰ ਧਮਾਕਾ ਹੋਇਆ।

ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਰਾਜੂ ਬੇਲਾ ਛਿੱਛਰਾ ਵਿਖੇ ਸਵੇਰੇ ਪੌਣੇ ਪੰਜ ਵਜੇ ਵੱਡਾ ਧਮਾਕਾ ਹੋਇਆ ਹੈ, ਜਿਸ ਤੋਂ ਬਾਅਦ ਇਸ ਪਿੰਡ ਦੇ ਖਾਲੀ ਖੇਤ ਵਿਚ 40 ਫੁੱਟ ਲੰਬਾ ਤੇ 15 ਫੁੱਟ ਡੂੰਘਾ ਟੋਇਆ ਬਣ ਗਿਆ ਹੈ ਅਤੇ ਪਿੰਡ ਦੇ ਲੋਕ ਇਸ ਧਮਾਕੇ ਦੀ ਆਵਾਜ਼ ਤੋਂ ਬਾਅਦ ਡਰ ਗਏ ਅਤੇ ਤਿੰਨ ਤੋਂ ਚਾਰ ਕਿਲੋਮੀਟਰ ਦੇ ਏਰੀਏ ਦੇ ਵਿਚ ਲੋਕਾਂ ਦੇ ਘਰਾਂ ਦੀਆਂ ਖਿੜਕੀਆਂ ਟੁੱਟ ਗਈਆਂ। ਇਸ ਦੌਰਾਨ ਪੂਰਾ ਪਿੰਡ ਮੌਕੇ ’ਤੇ ਇਕੱਠਾ ਹੋ ਗਿਆ।

ਦੇਰ ਰਾਤ ਕਰੀਬ 2.37 ਤੋਂ 2.40 ਦਰਮਿਆਨ ਤਿੰਨ ਧਮਾਕੇ ਹੋਏ, ਜਿਸ ਦੌਰਾਨ ਫਗਵਾੜਾ ਦੇ ਪਿੰਡ ਖਲਿਆਣ ਦੇ ਖ਼ੇਤਾਂ ਵਿਚ ਅੱਗ ਲੱਗ ਗਈ। ਮੌਕੇ ’ਤੇ ਪੁੱਜੀ ਫਾਇਰ ਬਿ੍ਰਗੇਡ ਦੀ ਟੀਮ ਨੇ ਪੁਲਿਸ ਨਾਲ ਮਿਲ ਕੇ ਅੱਗ ’ਤੇ ਕਾਬੂ ਪਾਇਆ। ਹਾਲਾਂਕਿ ਜਾਨੀ ਨੁਕਸਾ ਤੋਂ ਬਚਾਅ ਰਿਹਾ।

ਦੇਰ ਰਾਤ ਕੋਈ 1:30 ਵਜੇ ਦੇ ਕਰੀਬ ਫਿਰੋਜ਼ਪੁਰ ਪੁਲਿਸ ਥਾਣਾ ਲੱਖੋ ਕੇ ਬਹਿਰਾਮ ਦੇ ਅਧੀਨ ਆਉਂਦੇ ਪਿੰਡ ਬੁਰਜ ਮੱਖਣ ਸਿੰਘ ਵਾਲਾ ਵਿਖੇ ਵੀ ਹਲਕੇ ਧਮਾਕੇ ਦੀ ਅਵਾਜ਼ ਤੋਂ ਬਾਅਦ ਲੋਕ ਜਦੋਂ ਆਪਣੇ ਘਰਾਂ ਤੋਂ ਬਾਹਰ ਨਿਕਲੇ ਤਾਂ ਰਿਹਾਇਸ਼ੀ ਖੇਤਰ ਦੇ ਨਾਲ ਹੀ ਹਵਾਈ ਹਥਿਆਰ ਦਾ ਇਕ ਹਿੱਸਾ ਡਿੱਗਿਆ ਮਿਲਿਆ। ਪਿੰਡ ਵਾਸੀਆਂ ਅਨੁਸਾਰ ਇਸ ਹਵਾਈ ਹਥਿਆਰ ਦੇ ਟੁਕੜੇ ਦੇ ਟਕਰਾਉਣ ਨਾਲ ਬਿਜਲੀ ਦੀਆਂ ਤਾਰਾਂ ਟੁੱਟ ਗਈਆਂ ਪਰ ਹੋਰ ਕਿਸੇ ਤਰ੍ਹਾਂ ਦੇ ਨੁਕਸਾਨ ਤੋਂ ਬਚਾਅ ਰਿਹਾ। ਮੌਕੇ ’ਤੇ ਫੌਜ ਤੇ ਪੰਜਾਬ ਪੁਲਿਸ ਸਾਂਝਾ ਅਭਿਆਨ ਚਲਾ ਰਿਹਾ ਹੈ।

ਕਪੂਰਥਲਾ ‘ਦੇ ਸੁਜਾਨਪੁਰ ਦੇ ਨਾਲ ਲੱਗਦੇ ਪਿੰਡ ਵੱਡਾ ਭਨਵਾਲ ਵਿਖੇ ਇਕ ਘਰ ਦੀ ਛੱਤ ’ਤੇ ਰਾਕਟ ਸੈੱਲ ਡਿੱਗਣ ਨਾਲ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਸਵੇਰੇ ਕਰੀਬ ਪੰਜ ਵਜੇ ਇਹ ਰਾਕੇਟ ਸ਼ੈਲ ਇਕ ਘਰ ਦੀ ਛੱਤ ’ਤੇ ਡਿੱਗਾ, ਜਿਸ ਨਾਲ ਘਰ ਦੀ ਛੱਤ ’ਤੇ ਵੱਡਾ ਸੁਰਾਖ ਹੋ ਗਿਆ। ਪਰ ਕਿਸੇ ਤਰ੍ਹਾਂ ਦੀ ਕੋਈ ਜਾਨੀ ਮਾਲੀ ਨੁਕਸਾਨ ਹੋਣ ਦੀ ਸੂਚਨਾ ਨਹੀਂ ਹੈ। ਪਿੰਡ ਦੇ ਸਰਪੰਚ ਅਤੇ ਪਰਿਵਾਰਕ ਮੈਂਬਰਾਂ ਵਲੋਂ ਪ੍ਰਸ਼ਾਸਨ ਨੂੰ ਇਸ ਸੰਬੰਧੀ ਸੂਚਿਤ ਕਰ ਦਿੱਤਾ ਗਿਆ ਹੈ।

ਜਲੰਧਰ ਦੇ ਭੋਗਪੁਰ ਵਿਖੇ ਬੀਤੀ ਰਾਤ ਨਜ਼ਦੀਕੀ ਪਿੰਡ ਕਰੇਸ਼ੀਆ ਦੇ ਖੇਤਾਂ ਵਿਚ ਪਾਕਿਸਤਾਨੀ ਮਿਜ਼ਾਇਲ ਦੇ ਟੁਕੜੇ ਡਿੱਗੇ ਹਨ।

ਹਮਲੇ ਦੌਰਾਨ, ਪਠਾਨਕੋਟ, ਫਿਰੋਜ਼ਪੁਰ, ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਫਾਜ਼ਿਲਕਾ, ਪਟਿਆਲਾ, ਫਰੀਦਕੋਟ, ਫਤਿਹਗੜ੍ਹ ਸਾਹਿਬ ਅਤੇ ਬਠਿੰਡਾ ਵਿੱਚ ਵੀ ਬਲੈਕਆਊਟ ਕਰ ਦਿੱਤਾ ਗਿਆ।

Exit mobile version