The Khalas Tv Blog Punjab ਪ੍ਰਕਾਸ਼ ਸਿੰਘ ਬਾਦਲ ਦਾ ਸਸਕਾਰ ਸ਼ਮਸ਼ਾਨ ਘਾਟ ‘ਚ ਕਿਉਂ ਨਹੀਂ ਹੋ ਰਿਹਾ ?
Punjab

ਪ੍ਰਕਾਸ਼ ਸਿੰਘ ਬਾਦਲ ਦਾ ਸਸਕਾਰ ਸ਼ਮਸ਼ਾਨ ਘਾਟ ‘ਚ ਕਿਉਂ ਨਹੀਂ ਹੋ ਰਿਹਾ ?

ਮੁਹਾਲੀ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਅੰਤਿਮ ਸਸਕਾਰ ਜੱਦੀ ਪਿੰਡ ਬਾਦਲ ਦੇ ਪੁਸ਼ਤੈਨੀ ਖੇਤਾਂ ਵਿੱਚ ਹੋਵੇਗਾ। ਇਸ ਦੇ ਲਈ ਕਿਨੂੰ ਦੇ ਬਾਗ ਨੂੰ ਉਜਾੜਿਆ ਗਿਆ ਹੈ ਅਤੇ ਇਸੇ ਥਾਂ ‘ਤੇ ਹੀ ਪ੍ਰਕਾਸ਼ ਸਿੰਘ ਬਾਦਲ ਨੂੰ ਅਗਨ ਭੇਟ ਕੀਤਾ ਜਾਵੇਗਾ। ਪਰਿਵਾਰ ਨੇ ਇਹ ਫੈਸਲਾ ਇਸ ਲਈ ਲਿਆ ਹੈ ਕਿਉਂਕਿ ਸਸਕਾਰ ਵੇਲੇ ਵੱਡੀ ਗਿਣਤੀ ਵਿੱਚ ਲੋਕਾਂ ਦੇ ਪਹੁੰਚਣ ਦੀ ਉਮੀਦ ਹੈ। ਅਜਿਹੇ ਵਿੱਚ ਪਰਿਵਾਰ ਨੇ ਫੈਸਲਾ ਲਿਆ ਹੈ ਕਿ ਉਨ੍ਹਾਂ ਨੂੰ ਅੰਤਿਮ ਵਿਦਾਈ ਕਿਨੂੰ ਦੇ ਖੇਤਾਂ ਵਿੱਚ ਹੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਪ੍ਰਕਾਸ਼ ਸਿੰਘ ਬਾਦਲ ਨੂੰ ਖੇਤਾਂ ਨਾਲ ਕਾਫੀ ਪਿਆਰ ਵੀ ਸੀ, ਉਹ ਭਾਵੇਂ ਪੰਜਾਬ ਜਾਂ ਫਿਰ ਦੇਸ਼ ਦੇ ਕਿਸੇ ਵੀ ਕੋਨੇ ਵਿੱਚ ਹੋਣ, ਉਹ ਆਪਣੇ ਸਟਾਫ ਕੋਲੋ ਖੇਤਾਂ ਦਾ ਵੀਡੀਓ ਜ਼ਰੂਰ ਮੰਗਵਾਉਂਦੇ ਸਨ।

ਚੰਡੀਗੜ੍ਹ ਤੋਂ ਸ਼ੁਰੂ ਹੋਈ ਅੰਤਿਮ ਯਾਤਰਾ

ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਦੀ ਦੇਹ ਨੂੰ ਲੈਕੇ ਪਰਿਵਾਰ ਬਾਦਲ ਪਿੰਡ ਦੇ ਲਈ ਰਵਾਨਾ ਹੋ ਗਿਆ ਹੈ। ਐਬੂਲੈਂਸ ਨੂੰ ਫੁੱਲਾਂ ਦੇ ਨਾਲ ਸਜਾਇਆ ਗਿਆ ਹੈ। ਬਿਕਰਮ ਸਿੰਘ ਮਜੀਠੀਆ ਐਂਬੂਲੈਂਸ ਦੀ ਡਰਾਇਵਿੰਗ ਸੀਟ ‘ਤੇ ਬੈਠੇ ਹਨ, ਉਨ੍ਹਾਂ ਦੇ ਨਾਲ ਪ੍ਰਕਾਸ਼ ਸਿੰਘ ਬਾਦਲ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਹਨ। ਪ੍ਰਕਾਸ਼ ਸਿੰਘ ਬਾਦਲ ਦੇ ਭਤੀਜੇ ਅਤੇ ਸੁਖਬੀਰ ਬਾਦਲ ਦੇ ਭਰਾ ਮਨਪ੍ਰੀਤ ਬਾਦਲ ਦੋਵੇਂ ਦੇਹ ਨੂੰ ਮੋਢਾ ਦੇ ਕੇ ਐਂਬੂਲੈਂਸ ਤੱਕ ਲੈਕੇ ਆਏ ਸਨ। ਇਸ ਤੋਂ ਪਹਿਲਾਂ ਚੰਡੀਗੜ੍ਹ ਵਿੱਚ ਅਕਾਲੀ ਦਲ ਦੇ ਦਫ਼ਤਰ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇਹ ਰੱਖੀ ਗਈ ਸੀ।

ਪ੍ਰਧਾਨ ਮੰਤਰੀ ਨੇ ਦਿੱਤੀ ਸ਼ਰਧਾਂਜਲੀ, CM ਮਾਨ ਨਹੀਂ ਪਹੁੰਚੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਸਾਬਕਾ ਮੁੱਖ ਮੰਤਰੀ ਨੂੰ ਸ਼ਰਧਾਂਜਲੀ ਦਿੱਤੀ,ਪਰ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਪਹੁੰਚੇ। ਮੰਨਿਆ ਜਾ ਰਿਹਾ ਹੈ ਕਿ ਉਹ ਵੀਰਵਾਰ ਨੂੰ ਬਾਦਲ ਪਿੰਡ ਪਹੁੰਚ ਕੇ ਸ਼ਰਧਾਂਜਲੀ ਦੇ ਸਕਦੇ ਹਨ। ਪੰਜਾਬ ਕੈਬਨਿਟ ਤੋਂ ਹਰਪਾਲ ਸਿੰਘ ਚੀਮਾ ਅਤੇ ਹਰਜੋਤ ਸਿੰਘ ਬੈਂਸ ਸ਼ਰਧਾਂਜਲੀ ਦੇ ਲਈ ਪਹੁੰਚੇ । ਇਸ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਐੱਮਪੀ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਨੇ ਵੀ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਦਿੱਤੀ। ਸੁਨੀਲ ਜਾਖੜ ਪਰਮਿੰਦਰ ਸਿੰਘ ਢੀਂਡਸਾ ਵੀ ਇਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਆਏ ਸਨ। ਇਸ ਤੋਂ ਇਲਾਵਾ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਪਹੁੰਚੇ। ਜਥੇਦਾਰ ਸ੍ਰੀ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਸੋਗ ਸੁਨੇਹਾ ਭੇਜਿਆ ਹੈ ।

ਮੰਗਲਵਾਰ ਲਏ ਅੰਤਿਮ ਸਾਹ

ਮੰਗਲਵਾਰ ਸ਼ਾਮ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਪ੍ਰਕਾਸ਼ ਸਿੰਘ ਬਾਦਲ ਦਾ ਦਿਹਾਂਤ ਹੋਇਆ ਸੀ। ਸ਼ੁੱਕਰਵਾਰ ਤੋਂ ਉਹ ਸਾਹ ਵਿੱਚ ਤਕਲੀਫ ਦੀ ਵਜ੍ਹਾ ਕਰਕੇ ICU ਵਿੱਚ ਭਰਤੀ ਹੋਏ ਸਨ। ਇਸ ਤੋਂ ਪਹਿਲਾਂ ਵੀ ਉਹ 2 ਵਾਰ PGI ਅਤੇ ਮੁਹਾਲੀ ਦੇ ਹਸਪਤਾਲ ਵਿੱਚ ਭਰਤੀ ਹੋਏ ਸਨ ਪਰ ਉਹ ਠੀਕ ਹੋਕੇ ਵਾਪਸ ਘਰ ਪਰਤ ਗਏ ਸਨ। 7 ਦਹਾਕਿਆਂ ਤੱਕ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੀ ਸਿਆਸਤ ਵਿੱਚ ਆਪਣਾ ਦਬਦਬਾ ਕਾਇਮ ਰੱਖਿਆ, ਸਰਪੰਚੀ ਤੋਂ ਸਿਆਸਤ ਵਿੱਚ ਕਦਮ ਰੱਖਿਆ ਅਤੇ 5 ਵਾਰ ਸੂਬੇ ਦੇ ਮੁੱਖ ਮੰਤਰੀ ਰਹੇ ਅਤੇ 1 ਵਾਰ ਕੇਂਦਰ ਵਿੱਚ ਵਜ਼ੀਰ ਵੀ ਰਹੇ ।

Exit mobile version