The Khalas Tv Blog International ਨਮਾਜ਼ ਅਦਾ ਕਰ ਰਹੇ ਫਲਸਤੀਨੀਆਂ ’ਤੇ ਇਜ਼ਰਾਈ ਨੇ ਦਾਗ਼ੇ ਰਾਕੇਟ! 100 ਦੀ ਮੌਤ, ਸਕੂਲ ’ਤੇ ਕੀਤਾ ਹਮਲਾ
International

ਨਮਾਜ਼ ਅਦਾ ਕਰ ਰਹੇ ਫਲਸਤੀਨੀਆਂ ’ਤੇ ਇਜ਼ਰਾਈ ਨੇ ਦਾਗ਼ੇ ਰਾਕੇਟ! 100 ਦੀ ਮੌਤ, ਸਕੂਲ ’ਤੇ ਕੀਤਾ ਹਮਲਾ

ਬਿਉਰੋ ਰਿਪੋਰਟ: ਗਾਜ਼ਾ ਦੇ ਦਾਰਾਜ ਜ਼ਿਲ੍ਹੇ ਦੇ ਇੱਕ ਸਕੂਲ ’ਤੇ ਇਜ਼ਰਾਈਲ ਵੱਲੋਂ ਸ਼ਨੀਵਾਰ ਸਵੇਰੇ ਹਮਲਾ ਕੀਤਾ ਗਿਆ, ਜਿਸ ਵਿੱਚ 100 ਤੋਂ ਵੱਧ ਲੋਕ ਮਾਰੇ ਗਏ। ਅਲ ਜਜ਼ੀਰਾ ਦੀ ਰਿਪੋਰਟ ਮੁਤਾਬਕ ਮਰਨ ਵਾਲਿਆਂ ਵਿੱਚ ਔਰਤਾਂ, ਬੱਚੇ ਅਤੇ ਬਜ਼ੁਰਗ ਵੀ ਸ਼ਾਮਲ ਹਨ।

ਇਸ ਸਕੂਲ ਵਿੱਚ ਕਈ ਲੋਕਾਂ ਨੇ ਸ਼ਰਨ ਲਈ ਹੋਈ ਸੀ। ਇਹ ਹਮਲਾ ਸਵੇਰ ਦੀ ਨਮਾਜ਼ ਅਦਾ ਕਰਦੇ ਸਮੇਂ ਹੋਇਆ। ਸਥਾਨਕ ਲੋਕਾਂ ਮੁਤਾਬਕ ਸਕੂਲ ’ਤੇ ਇੱਕ ਤੋਂ ਬਾਅਦ ਇੱਕ 3 ਰਾਕੇਟ ਡਿੱਗੇ। ਇਸ ਤੋਂ ਬਾਅਦ ਸਕੂਲ ’ਚ ਅੱਗ ਲੱਗ ਗਈ, ਜਿਸ ਨੂੰ ਬੁਝਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।

ਇਜ਼ਰਾਇਲੀ ਫੌਜ ਨੇ ਹਮਲੇ ਦੀ ਪੁਸ਼ਟੀ ਕੀਤੀ ਹੈ। ਉਸ ਦਾ ਦਾਅਵਾ ਹੈ ਕਿ ਅਲ-ਤਾਬੀਨ ਸਕੂਲ ਨੂੰ ਹਮਾਸ ਦੇ ਦਫ਼ਤਰ ਵਜੋਂ ਵਰਤਿਆ ਜਾ ਰਿਹਾ ਸੀ। ਉਥੇ ਹਮਾਸ ਦੇ ਕਈ ਅੱਤਵਾਦੀ ਮੌਜੂਦ ਸਨ। ਫੌਜ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਨਾਗਰਿਕਾਂ ’ਤੇ ਹਮਲਾ ਨਹੀਂ ਕੀਤਾ ਸੀ।

IDF ਨੇ ਕਿਹਾ ਕਿ ਇਸ ਨੇ ਨਾਗਰਿਕਾਂ ਨੂੰ ਘੱਟ ਤੋਂ ਘੱਟ ਨੁਕਸਾਨ ਪਹੁੰਚਾਉਣ ਲਈ ਹਮਲੇ ਤੋਂ ਪਹਿਲਾਂ ਕਈ ਕਦਮ ਚੁੱਕੇ ਸਨ। ਇਸ ਦੇ ਲਈ ਇਲਾਕੇ ਦੀ ਹਵਾਈ ਨਿਗਰਾਨੀ ਕੀਤੀ ਗਈ। ਇਸ ਤੋਂ ਇਲਾਵਾ ਉਥੇ ਮੌਜੂਦ ਇਜ਼ਰਾਇਲੀ ਖੁਫੀਆ ਸੂਤਰਾਂ ਰਾਹੀਂ ਵੀ ਜਾਣਕਾਰੀ ਇਕੱਠੀ ਕੀਤੀ ਗਈ।

ਹਮਾਸ ਨੇ ਇਸ ਹਮਲੇ ਨੂੰ ਦੱਸਿਆ ਭਿਆਨਕ

ਹਮਾਸ ਦੇ ਬੁਲਾਰੇ ਮਹਿਮੂਦ ਬਾਸਲ ਨੇ ਸਮਾਚਾਰ ਏਜੰਸੀ ਏਐਫਪੀ ਨੂੰ ਦੱਸਿਆ ਕਿ ਹਮਲੇ ਵਿਚ ਲਗਭਗ 100 ਲੋਕ ਮਾਰੇ ਗਏ ਹਨ। ਇਸ ਦੇ ਨਾਲ ਹੀ ਦਰਜਨਾਂ ਲੋਕ ਜ਼ਖ਼ਮੀ ਵੀ ਹੋਏ ਹਨ। ਸਕੂਲ ਵਿੱਚ ਵਿਸਥਾਪਿਤ ਫਲਸਤੀਨੀ ਰਹਿ ਰਹੇ ਸਨ। ਉਨ੍ਹਾਂ ਨੇ ਇਸ ਹਮਲੇ ਨੂੰ ਬੇਹੱਦ ਭਿਆਨਕ ਦੱਸਿਆ ਹੈ। ਕਰਮਚਾਰੀ ਅੱਗ ’ਤੇ ਕਾਬੂ ਪਾਉਣ, ਲਾਸ਼ਾਂ ਨੂੰ ਕੱਢਣ ਅਤੇ ਜ਼ਖ਼ਮੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਇਹ ਹਮਲਾ ਵੀਰਵਾਰ ਨੂੰ ਗਾਜ਼ਾ ਦੇ ਦੋ ਸਕੂਲਾਂ ’ਤੇ ਇਜ਼ਰਾਈਲੀ ਬਲਾਂ ਦੇ ਹਮਲਿਆਂ ਤੋਂ ਬਾਅਦ ਹੋਇਆ ਹੈ, ਜਿਸ ’ਚ ਘੱਟੋ-ਘੱਟ 18 ਲੋਕ ਮਾਰੇ ਗਏ ਸਨ। ਉਸ ਸਮੇਂ ਇਜ਼ਰਾਇਲੀ ਫੌਜ ਨੇ ਕਿਹਾ ਸੀ ਕਿ ਉਸ ਨੇ ਹਮਾਸ ਦੇ ਕਮਾਂਡ ਸੈਂਟਰਾਂ ’ਤੇ ਹਮਲਾ ਕੀਤਾ ਹੈ।

ਫਲਸਤੀਨੀ ਪੱਤਰਕਾਰ ਹੋਸਾਮ ਸ਼ਬਾਤ ਨੇ ਸੋਸ਼ਲ ਮੀਡੀਆ ’ਤੇ ਲਿਖਿਆ ਕਿ ਗਾਜ਼ਾ ਸ਼ਹਿਰ ਦੇ ਇੱਕ ਬੰਬਬਾਰੀ ਵਾਲੇ ਸਕੂਲ ਵਿੱਚ ਫਲਸਤੀਨੀ ਲੋਕ ਫਸੇ ਹੋਏ ਹਨ। ਅੱਗ ਬੁਝਾਉਣ ਵਿੱਚ ਮੁਸ਼ਕਲ ਆ ਰਹੀ ਹੈ ਕਿਉਂਕਿ ਇਜ਼ਰਾਈਲੀ ਫੌਜ ਨੇ ਪਾਣੀ ਦੀ ਸਪਲਾਈ ਵੀ ਕੱਟ ਦਿੱਤੀ ਹੈ।

Exit mobile version