The Khalas Tv Blog Punjab ਗੁਰੂ ਘਰਾਂ ਦੇ ਵਿਗੜੇ ਪ੍ਰਬੰਧ ਦੇ ਪਹਿਲੀ ਵਾਰ ਵੱਡੇ ਖੁਲਾਸੇ
Punjab

ਗੁਰੂ ਘਰਾਂ ਦੇ ਵਿਗੜੇ ਪ੍ਰਬੰਧ ਦੇ ਪਹਿਲੀ ਵਾਰ ਵੱਡੇ ਖੁਲਾਸੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) : ਗੁਰਦੁਆਰਾ ਸਿੰਘ ਸਭਾ ਸੈਕਟਰ 71 ਦੇ ਬਾਹਰ ਅੱਜ ਸਿੱਖ ਸੰਗਤ ਵੱਲੋਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਖਿਲਾਫ਼ ਅਣਮਿੱਥੇ ਸਮੇਂ ਲਈ ਧਰਨਾ ਲਗਾਇਆ ਗਿਆ ਹੈ। ਮਟਕਾ ਚੌਂਕ ਕਰਕੇ ਸੁਰਖੀਆਂ ਵਿੱਚ ਆਏ ਬਾਬਾ ਲਾਭ ਸਿੰਘ ਵੀ ਇਸ ਧਰਨੇ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਏ। ਦਰਅਸਲ, ਗੁਰਦੁਆਰਾ ਸਾਹਿਬ ਦੇ ਕਥਾਵਾਚਕ ਚਮਕੌਰ ਸਿੰਘ ਨੂੰ ਪ੍ਰਬੰਧਕ ਕਮੇਟੀ ਨੇ ਆਪਣੀ ਡਿਊਟੀ ਬਦਲਣ ਦੇ ਲਈ ਕਿਹਾ ਸੀ। ਚਮਕੌਰ ਸਿੰਘ ਨੂੰ ਕਥਾ ਕਰਨ ਦੀ ਬਜਾਏ ਰੋਲ ਕਰਨ ਲਈ ਕਿਹਾ ਗਿਆ ਸੀ। ਪਰ ਚਮਕੌਰ ਸਿੰਘ ਨੇ ਆਪਣੀ ਡਿਊਟੀ ਯਾਦ ਕਰਵਾਉਂਦਿਆਂ ਰੋਲ ਕਰਨ ਤੋਂ ਮਨ੍ਹਾ ਕਰ ਦਿੱਤਾ। ਪ੍ਰਬੰਧਕ ਕਮੇਟੀ ਨੂੰ ਇਹ ਗੱਲ ਪਸੰਦ ਨਾ ਆਈ ਤਾਂ ਕੈਸ਼ੀਅਰ ਨੇ ਕਥਾਵਾਚਕ ਨੂੰ ਮਾਂ-ਭੈਣ ਦੀ ਗਾਲ੍ਹ ਕੱਢ ਦਿੱਤੀ, ਜਿਸ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਤਕਰਾਰ ਹੋ ਗਈ। ਕਥਾਵਾਚਕ ਚਮਕੌਰ ਸਿੰਘ ਨੂੰ ਪ੍ਰਬੰਧਕ ਕਮੇਟੀ ਨੇ ਨੌਕਰੀ ਤੋਂ ਕੱਢਣ ਦੀ ਧਮਕੀ ਦੇ ਦਿੱਤੀ। ਚਮਕੌਰ ਸਿੰਘ ਡੇਢ ਸਾਲ ਤੋਂ ਇਸ ਗੁਰਦੁਆਰਾ ਸਾਹਿਬ ਵਿਖੇ ਕਥਾਵਾਚਕ ਦੇ ਤੌਰ ਉੱਤੇ ਸੇਵਾ ਨਿਭਾ ਰਹੇ ਹਨ।

ਕਥਾਵਾਚਕ ਨੇ ਪੰਜ ਸਿੰਘਾਂ ਦੇ ਰੂਪ ਵਿੱਚ ਵੱਖ ਵੱਖ ਜਥੇਬੰਦੀਆਂ ਦੇ ਸਿੰਘਾਂ ਦੀ ਪ੍ਰਬੰਧਕ ਕਮੇਟੀ ਦੇ ਨਾਲ ਮੁਲਾਕਾਤ ਕਰਵਾਈ। ਪੰਜ ਸਿੰਘਾਂ ਵੱਲੋਂ ਕਈ ਚਿਰ ਪ੍ਰਬੰਧਕ ਕਮੇਟੀ ਨੂੰ ਸਮਝਾਉਣ ਤੋਂ ਬਾਅਦ ਪ੍ਰਬੰਧਕ ਕਮੇਟੀ ਇੱਕ ਵਾਰ ਤਾਂ ਕਥਾਵਾਚਕ ਨੂੰ ਨੌਕਰੀ ਉੱਤੇ ਰੱਖਣ ਦੇ ਲਈ ਮੰਨ ਗਈ ਪਰ ਦੋ ਦਿਨਾਂ ਬਾਅਦ ਮੁੱਕਰ ਗਈ ਅਤੇ ਚਮਕੌਰ ਸਿੰਘ ਨੂੰ 30 ਸਤੰਬਰ ਨੂੰ ਗੁਰਦੁਆਰਾ ਸਾਹਿਬ ਤੋਂ ਜਾਣ ਲਈ ਕਹਿ ਦਿੱਤਾ। ਇਸ ਤੋਂ ਬਾਅਦ ਚਮਕੌਰ ਸਿੰਘ ਨੇ ਕੁਝ ਸਿੰਘਾਂ ਦੇ ਨਾਲ ਗੁਰਦੁਆਰਾ ਸਾਹਿਬ ਦੇ ਬਾਹਰ ਅਣਮਿੱਥੇ ਸਮੇਂ ਲਈ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਪ੍ਰਦਰਸ਼ਨਕਾਰੀ ਸਿੰਘਾਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮੁਲਾਕਾਤ ਕਰਨ ਦੇ ਲਈ ਵੀ ਕਿਹਾ ਪਰ ਕਮੇਟੀ ਵੱਲੋਂ ਸਾਫ਼ ਮਨ੍ਹਾ ਕਰ ਦਿੱਤਾ ਗਿਆ।

ਪ੍ਰਦਰਸ਼ਨਕਾਰੀ ਸਿੰਘ ਨੇ ਕਿਹਾ ਕਿ ਅਸੀਂ ਪੰਜ ਸਿੰਘ ਬੜੇ ਪਿਆਰ ਸਤਿਕਾਰ ਨਾਲ ਆਏ ਸੀ ਕਿ ਗੁਰੂ ਘਰ ਦੀ ਗੱਲ ਬਾਹਰ ਨਾ ਜਾਵੇ। ਉਹਨਾਂ ਨੇ ਦੱਸਿਆ ਕਿ ਕਮੇਟੀ ਵੱਲੋਂ ਕਥਾਵਾਚਕ ਚਮਕੌਰ ਸਿੰਘ ਨੂੰ ਪਾਠ ਦੀਆਂ ਵਾਰੀਆਂ ਲਗਾਉਣ ਲਈ ਲਿਖਣ ਲਈ ਕਿਹਾ ਗਿਆ ਤਾਂ ਅਸੀਂ ਕਿਹਾ ਕਿ ਜਿਹੜੇ ਬੰਦੇ ਨੇ ਗਾਲ੍ਹ ਕੱਢੀ ਹੈ, ਉਹ ਵੀ ਲਿਖ ਕੇ ਮੁਆਫ਼ੀ ਮੰਗੇ। ਉਨ੍ਹਾਂ ਨੇ ਮੁਆਫ਼ੀ ਮੰਗਣ ਤੋਂ ਇਨਕਾਰ ਕਰ ਦਿੱਤਾ ਤਾਂ ਅਸੀਂ ਵੀ ਰੋਲ ਲਗਾਉਣ ਲਈ ਲਿਖ ਕੇ ਦੇਣ ਤੋਂ ਮਨ੍ਹਾ ਕਰ ਦਿੱਤਾ। ਉਨ੍ਹਾਂ ਨੇ ਕਮੇਟੀ ਉੱਤੇ ਦੋਸ਼ ਲਾਉਂਦਿਆਂ ਕਿਹਾ ਕਿ ਇਸ ਕਮੇਟੀ ਵਿੱਚ ਕੁਝ ਬੰਦੇ ਠੀਕ ਨਹੀਂ ਹਨ, ਇਸ ਲਈ ਉਨ੍ਹਾਂ ਦੇ ਨਾਲ ਨਾ ਵਰਤਿਆ ਜਾਵੇ।

ਕਥਾਵਾਚਕ ਚਮਕੌਰ ਸਿੰਘ ਨੇ ਕਿਹਾ ਕਿ ਗੁਰਦੁਆਰਿਆਂ ਦਾ ਪ੍ਰਬੰਧ ਬਹੁਤ ਗਲਤ ਹੋ ਚੁੱਕਾ ਹੈ। ਇਸ ਗੁਰਦੁਆਰੇ ਦੇ ਪ੍ਰਧਾਨ ਨੇ ਗੁਰਦੁਆਰਾ ਸਾਹਿਬ ਨੂੰ ਆਪਣੀ ਨਿੱਜੀ ਜਾਇਦਾਦ ਸਮਝ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਗੁਰਦੁਆਰੇ ਹੁੰਦੇ ਹਨ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਪਰ ਗੁਰਦੁਆਰਿਆਂ ਵਿੱਚ ਸਿਆਸੀ ਰੰਗਤ ਦਿੱਤੀ ਜਾ ਰਹੀ ਹੈ।

ਚਮਕੌਰ ਸਿੰਘ ਨੇ ਦੋਸ਼ ਲਾਉਂਦਿਆਂ ਕਿਹਾ ਕਿ ਮੈਨੂੰ ਇੱਥੋਂ ਤੱਕ ਕਿਹਾ ਗਿਆ ਕਿ ਉਹ ਕਮੇਟੀਆਂ ਖਿਲਾਫ਼ ਨਾ ਜਾਣ, ਨਹੀਂ ਤਾਂ ਉਨ੍ਹਾਂ ਨੂੰ ਚੰਡੀਗੜ੍ਹ ਜਾਂ ਮੁਹਾਲੀ ਦੇ ਕਿਸੇ ਵੀ ਗੁਰਦੁਆਰਾ ਸਾਹਿਬ ਵਿੱਚ ਨਹੀਂ ਰੱਖਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਹੋ ਜਿਹੀਆਂ ਕਮੇਟੀਆਂ ਦੀ ਵਜ੍ਹਾ ਕਰਕੇ ਨੌਜਵਾਨ ਸਿੱਖੀ ਪ੍ਰਚਾਰ ਵੱਲ ਨਹੀਂ ਆ ਰਹੇ।

Exit mobile version