The Khalas Tv Blog India ਸ਼੍ਰੋਮਣੀ ਕਮੇਟੀ ਵੱਲੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ‘ਵੀਰ ਬਾਲ ਦਿਵਸ’ ਵਜੋਂ ਮਨਾਉਣ ਦਾ ਵਿਰੋਧ
India Punjab Religion

ਸ਼੍ਰੋਮਣੀ ਕਮੇਟੀ ਵੱਲੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ‘ਵੀਰ ਬਾਲ ਦਿਵਸ’ ਵਜੋਂ ਮਨਾਉਣ ਦਾ ਵਿਰੋਧ

Opposition to celebrating the martyrdom of Sahibzades as 'Veer Bal Divas' by the Shiromani Committee

ਸ਼੍ਰੋਮਣੀ ਕਮੇਟੀ ਵੱਲੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ‘ਵੀਰ ਬਾਲ ਦਿਵਸ’ ਵਜੋਂ ਮਨਾਉਣ ਦਾ ਵਿਰੋਧ

‘ਦ ਖ਼ਾਲਸ ਬਿਊਰੋ :  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਭਾਰਤ ਸਰਕਾਰ ਵੱਲੋਂ ਮਨਾਏ ਜਾ ਰਹੇ ਵੀਰ ਬਾਲ ਦਿਵਸ ਨੂੰ ਰੱਦ ਕਰਦਿਆਂ ਸਿੱਖ ਇਤਿਹਾਸ ਛੁਟਿਆਉਣ ਵਾਲੀ ਸਰਕਾਰੀ ਚਾਲ ਤੋਂ ਸੰਗਤ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਜਾਰੀ ਇੱਕ ਬਿਆਨ ਵਿਚ ਕਿਹਾ ਕਿ  ਭਾਰਤ ਸਰਕਾਰ ਸਿੱਖਾਂ ਦੇ ਇਤਿਹਾਸ ਨੂੰ ਰਲਗੱਡ ਕਰਨ ਦੇ ਰਾਹ ਤੁਰੀ ਹੋਈ ਹੈ ਅਤੇ ਦੁੱਖ ਦੀ ਗੱਲ ਹੈ ਕਿ ਦਿੱਲੀ ਕਮੇਟੀ ਦੇ ਪ੍ਰਧਾਨ  ਹਰਮੀਤ ਸਿੰਘ ਕਾਲਕਾ ਇਸ ਵਿਚ ਸਹਿਯੋਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦੀਆਂ ਪਰੰਪਰਾਵਾਂ ਦੇ ਵਿਰੁੱਧ ਜਾ ਕੇ ਭਾਰਤ ਸਰਕਾਰ ਵੱਲੋਂ ਸਾਹਿਬਜ਼ਾਦਿਆਂ ਦੇ ਸ਼ਹਾਦਤ ਦਿਵਸ ਨੂੰ ਵੀਰ ਬਾਲ ਦਿਵਸ ਵਜੋਂ ਮਨਾਉਣਾ ਦੁਨੀਆ ਦੇ ਧਰਮ ਇਤਿਹਾਸ ਅੰਦਰ ਸਭ ਤੋਂ ਵੱਡੀ ਸ਼ਹਾਦਤ ਤੇ ਮੁੱਲਵਾਨ ਵਿਰਾਸਤ ਨੂੰ ਖੋਰਾ ਲਗਾਉਣ ਦੀ ਕੋਝੀ ਸਾਜ਼ਿਸ਼ ਹੈ।

ਐਡਵੋਕੇਟ ਧਾਮੀ ਨੇ ਆਖਿਆ ਕਿ ਜੇ ਸਰਕਾਰ ਸਾਹਿਬਜ਼ਾਦਿਆਂ ਨੂੰ ਸੱਚਮੁੱਚ ਹੀ ਸ਼ਰਧਾ ਤੇ ਸਤਿਕਾਰ ਭੇਟ ਕਰਨਾ ਚਾਹੁੰਦੀ ਹੈ ਤਾਂ ਉਸ ਨੂੰ ਸਾਹਿਬਜ਼ਾਦੇ ਸ਼ਹਾਦਤ ਦਿਵਸ ਵਜੋਂ ਇਹ ਦਿਹਾੜਾ ਮਨਾਉਣ ਵਿੱਚ ਕੀ ਪ੍ਰੇਸ਼ਾਨੀ ਹੈ? ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਇਸ ਖਿੱਤੇ ਵਿੱਚੋਂ ਮੁਗਲਾਂ ਨੂੰ ਉਖਾੜ ਸੁੱਟਣ ਵਿੱਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਅਹਿਮ ਯੋਗਦਾਨ ਸੀ ਪਰ ਜਿਸ ਤਰ੍ਹਾਂ ਸਰਕਾਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਵੀਰ ਬਾਲ ਦਿਵਸ ਵਜੋਂ ਮਨਾਉਣ ਲਈ ਜ਼ੋਰ ਦੇ ਰਹੀ ਹੈ, ਉਸ ਤੋਂ ਸਾਫ਼ ਹੈ ਕਿ ਸਰਕਾਰ ਸਿੱਖ ਵਿਰੋਧੀ ਤਾਕਤਾਂ ਦੇ ਇਸ਼ਾਰੇ ‘ਤੇ ਸਿਆਸਤ ਖੇਡ ਰਹੀ ਹੈ।

ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ‘ਤੇ ਸਿੱਖ ਵਿਦਵਾਨਾਂ ਦੀ ਕਮੇਟੀ ਨੇ ਵੀਰ ਬਾਲ ਦਿਵਸ ਦੀ ਬਜਾਏ ਸਾਹਿਬਜ਼ਾਦੇ ਸ਼ਹਾਦਤ ਦਿਵਸ ਦਾ ਨਾਂਅ ਸੁਝਾਇਆ ਹੈ ਅਤੇ ਇਸ ਸਬੰਧੀ SGPC ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਵੀ ਭੇਜਿਆ ਗਿਆ ਹੈ ਪਰ ਫਿਰ ਵੀ ਸਰਕਾਰ ਨੇ ਨਾਮ ਨਹੀਂ ਬਦਲਿਆ ਅਤੇ ਡੀਐਸਜੀਐਮਸੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਦਾ ਸਰਕਾਰੀ ਸਮਾਗਮਾਂ ਵਿੱਚ ਸ਼ਾਮਲ ਹੋਣਾ ਭਾਈਚਾਰੇ ਲਈ ਦੁਖਦਾਈ ਹੈ।

ਹਰਮੀਤ ਸਿੰਘ ਕਾਲਕਾ ਨੂੰ ਸਿੱਖ ਇਤਿਹਾਸ ਨੂੰ ਵਿਗਾੜਨ ਦੀ ਸਰਕਾਰੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਬਾਰੇ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ। ਉਨ੍ਹਾਂ ਡੀਐਸਜੀਐਮਸੀ ਦੇ ਅਹੁਦੇਦਾਰਾਂ ਅਤੇ ਸਮੂਹ ਮੈਂਬਰਾਂ ਨੂੰ ਸਿੱਖ ਵਿਚਾਰਧਾਰਾ ਦੀ ਰਾਖੀ ਕਰਨ ਦੀ ਅਪੀਲ ਕੀਤੀ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਿੱਖ ਕੌਮ ਆਪਣੇ ਇਤਿਹਾਸ ਦੀ ਮੌਲਿਕਤਾ ਅਤੇ ਮਹੱਤਤਾ ਨੂੰ ਕਦੇ ਵੀ ਘੱਟ ਨਹੀਂ ਹੋਣ ਦੇਵੇਗੀ ਅਤੇ ਆਪਣੇ ਇਤਿਹਾਸ ਦੀ ਭਾਵਨਾ ਅਨੁਸਾਰ ਸਾਹਿਬਜ਼ਾਦਿਆਂ ਨੂੰ ਸ਼ਰਧਾ ਤੇ ਸਤਿਕਾਰ ਦੇਵੇਗੀ।

Exit mobile version