‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕੇਂਦਰ ਸਰਕਾਰ ਨੇ ਕਿਹਾ ਹੈ ਕਿ ਕਰੋਨਾ ਦੀ ਦੂਜੀ ਲਹਿਰ ਸਮੇਂ ਆਕਸੀਜਨ ਦੀ ਘਾਟ ਕਾਰਨ ਸਿਰਫ਼ ਇਕ ਮੌਤ ਹੋਈ ਹੈ, ਜੋ ਇਕ ਸੂਬੇ ਵਿੱਚ ਦਰਜ ਕੀਤੀ ਗਈ ਹੈ।ਸਿਹਤ ਮੰਤਰਾਲੇ ’ਚ ਜੁਆਇੰਟ ਸਕੱਤਰ ਲਵ ਅਗਰਵਾਲ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਸੰਸਦ ਵਿਚ ਸੂਬਿਆਂ ਤੋਂ ਆਕਸੀਜਨ ਦੀ ਕਿੱਲਤ ਕਰਕੇ ਹੋਣ ਵਾਲੀਆਂ ਮੌਤਾਂ ਬਾਰੇ ਪੁੱਛਿਆ ਗਿਆ ਸੀ।ਰਿਪੋਰਟਾਂ ਮੁਤਾਬਕ ਹੁਣ ਤੱਕ ਇਕ ਹੀ ਮੌਤ ਹੋਈ ਹੈ ਤੇ ਸਬੰਧਤ ਰਾਜ ਨੇ ਇਸ ਦਾ ਵੀ ਸ਼ੱਕੀ ਕੇਸ ਵਜੋਂ ਹਵਾਲਾ ਦਿੱਤਾ ਹੈ।ਜਦੋਂਕਿ ਹੋਰਨਾਂ ਰਾਜਾਂ ਨੇ ਆਕਸੀਜਨ ਦੀ ਕਿੱਲਤ ਕਰਕੇ ਹੋਣ ਵਾਲੀਆਂ ਮੌਤਾਂ ਬਾਰੇ ਕੋਈ ਅੰਕੜਾ ਪੇਸ਼ ਨਹੀਂ ਕੀਤਾ ਹੈ।
ਉਨ੍ਹਾਂ ਰਾਜ ਦਾ ਨਾਮ ਦੱਸਣ ਤੋਂ ਇਨਕਾਰ ਕਰ ਦਿੱਤਾ।ਸੂਤਰਾਂ ਅਨੁਸਾਰ ਸਰਕਾਰ ਆਕਸੀਜਨ ਦੀ ਕਮੀ ਕਰ ਕੇ ਹੋਣ ਵਾਲੀਆਂ ਮੌਤਾਂ ਬਾਰੇ ਰਿਪੋਰਟ ਨੂੰ 13 ਅਗਸਤ ਨੂੰ ਖ਼ਤਮ ਹੋ ਰਹੇ ਮੌਨਸੂਨ ਇਜਲਾਸ ਵਿੱਚ ਰੱਖ ਸਕਦੀ ਹੈ। ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਕੇਂਦਰ ਵੱਲੋਂ ਮੰਗੀ ਜਾਣਕਾਰੀ ਦਾ ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ ਤੇ ਕਸ਼ਮੀਰ, ਉੱਤਰਾਖੰਡ ਸਮੇਤ 13 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਹੀ ਜਵਾਬ ਦਿੱਤਾ ਹੈ।
ਸੂਤਰਾਂ ਮੁਤਾਬਕ ਪੰਜਾਬ ਨੇ ਜਿਹੜੀ ਜਾਣਕਾਰੀ ਦਿਤੀ ਹੈ, ਉਸ ਵਿੱਚ ਆਕਸੀਜਨ ਦੀ ਕਿੱਲਤ ਕਰਕੇ 4 ਸ਼ੱਕੀ ਮੌਤਾਂ ਦਾ ਦਾਅਵਾ ਕੀਤਾ ਗਿਆ ਹੈ। ਕੇਂਦਰ ਸਰਕਾਰ ਨੇ ਪਿਛਲੇ ਮਹੀਨੇ ਵੀ ਸੰਸਦ ਵਿੱਚ ਦੱਸਿਆ ਸੀ ਕਿ ਆਕਸੀਜਨ ਦੀ ਕਿੱਲਤ ਕਰਕੇ ਕੋਈ ਮੌਤ ਨਹੀਂ ਹੋਈ ਤੇ ਨਾ ਹੀ ਰਾਜਾਂ ਤੇ ਯੂਟੀਜ਼ ਨੇ ਇਸ ਬਾਰੇ ਕੋਈ ਅੰਕੜੇ ਸਾਂਝੇ ਕੀਤੇ ਹਨ।