The Khalas Tv Blog Khetibadi ਪੰਜਾਬ ਵਿੱਚ ਇਕ ਹਜ਼ਾਰ ਏਕੜ ਰਕਬੇ ਵਿੱਚ ਕਣਕ ਸੜ ਕੇ ਸੁਆਹ
Khetibadi Punjab

ਪੰਜਾਬ ਵਿੱਚ ਇਕ ਹਜ਼ਾਰ ਏਕੜ ਰਕਬੇ ਵਿੱਚ ਕਣਕ ਸੜ ਕੇ ਸੁਆਹ

ਪੰਜਾਬ ਵਿੱਚ ਕਣਕ ਦੀ ਫਸਲ ਦਾ ਸੀਜਨ ਸ਼ੁਰੂ ਹੋ ਗਿਆ ਹੈ। ਜਿੱਥੇ ਪਿਛਲੇ ਦੋ ਦਿਨਾਂ ਤੋਂ ਕਿਸਾਨਾਂ ਲਈ ਮੀਂਹ ਮੁਸੀਬਤ ਬਣਿਆ ਹੋਇਆ ਹੈ ਉੱਥੇ ਸੂਬੇ ਭਰ ਵਿੱਚ ਕਣਕ ਦੀ ਫਸਲ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ।

ਜਾਣਕਾਰੀ ਮੁਤਾਬਕ ਪੰਜਾਬ ਵਿੱਚ ਅੱਜ ਅੱਧਾ ਦਰਜਨ ਦੇ ਕਰੀਬ ਜ਼ਿਲ੍ਹਿਆਂ ਵਿੱਚ ਇਕ ਹਜ਼ਾਰ ਏਕੜ ਦੇ ਕਰੀਬ ਰਕਬੇ ਵਿੱਚ ਵਾਢੀ ਲਈ ਤਿਆਰ ਖੜ੍ਹੀ ਕਣਕ ਅੱਗ ਲੱਗਣ ਨਾਲ ਸੜ ਕੇ ਸੁਆਹ ਹੋ ਗਈ ਹੈ। ਇਸ ਤੋਂ ਇਲਾਵਾ ਕਈ ਥਾਵਾਂ ’ਤੇ ਨਾੜ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ।

ਖੇਤਾਂ ਵਿੱਚ ਅੱਗ ਲੱਗਣ ਦੀ ਜਾਣਕਾਰੀ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਘਟਨਾ ਵਾਲੀ ਥਾਂ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਫਾਇਰ ਬ੍ਰਿਗੇਡ ਦੇ ਨਾਲ ਕਿਸਾਨ ਵੀ ਕਣਕਾਂ ਨੂੰ ਲੱਗੀ ਅੱਗ ਬੁਝਾਉਣ ਵਿੱਚ ਲੱਗੇ ਰਹੇ। ਹਾਲਾਂਕਿ ਕਿਸਾਨਾਂ ਵੱਲੋਂ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਪਹਿਲਾਂ ਬੇਮੌਸਮੇ ਮੀਂਹ ਤੇ ਹੁਣ ਅਗਜ਼ਨੀ ਦੀਆਂ ਘਟਨਾਵਾਂ ਕਰਕੇ ਕਿਸਾਨਾਂ ਨੂੰ ਦੋਹਰੀ ਮਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪੰਜਾਬ ਦੇ ਫਿਰੋਜ਼ਪੁਰ, ਮਾਨਸਾ, ਬਠਿੰਡਾ, ਮੋਗਾ ਤੇ ਹੋਰਨਾਂ ਕਈ ਇਲਾਕਿਆਂ ਵਿੱਚ ਅਗਜ਼ਨੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਸਭ ਤੋਂ ਵੱਧ ਘਟਨਾਵਾਂ ਫਿਰੋਜ਼ਪੁਰ ਦੇ ਜ਼ੀਰਾ ਦੇ ਨਜ਼ਦੀਕੀ ਪਿੰਡਾਂ ਵਿੱਚ ਅਤੇ ਮੋਗਾ ਦੇ ਪਿੰਡ ਵੈਰੋਕੇ ਵਿੱਚ ਵਾਪਰੀਆਂ। ਲੰਘੇ ਕੱਲ੍ਹ ਫਿਰੋਜ਼ਪੁਰ ‘ਚ ਗੁਰੂਹਰਸਹਾਏ ਦੇ ਪਿੰਡ ਹਾਜ਼ੀਵਾਲਾ ’ਚ ਕੁਦਰਤ ਦਾ ਕਹਿਰ ਦੇਖਣ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਹਾਜ਼ੀਵਾਲਾ ਦੇ ਖੇਤਾਂ ’ਚ ਭਿਆਨਕ ਅੱਗ ਲੱਗ ਗਈ ਹੈ, ਜਿਸ ਦੇ ਚੱਲਦਿਆਂ ਕਈ ਕਿਲ੍ਹੇ ਨਾੜ ਸੜ ਕੇ ਸਵਾਹ ਹੋ ਗਈ ਹੈ।

ਅੱਗ ਇੰਨੀ ਭਿਆਨਕ ਸੀ ਕਿ ਇਸ ਦੇ ਨਾਲ ਉੱਠਣ ਵਾਲੇ ਧੂੰਏ ਦੇ ਨਾਲ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਹ ਅੱਗ ਫੈਲਦੀ ਫੈਲਦੀ ਰੇਲਵੇ ਲਾਈਨ ਦੇ ਕੋਲ ਪਹੁੰਚ ਗਈ, ਜਿਸ ਕਾਰਨ ਰੇਲ ਗੱਡੀ ’ਚ ਸਵਾਰ ਮੁਸਾਫ਼ਰਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਗੁਰੂ ਹਰ ਸਹਾਏ ਰੇਲਵੇ ਸਟੇਸ਼ਨ ’ਤੇ 2:30 ਵਜੇ ਪਹੁੰਚਣ ਵਾਲੀ ਗੱਡੀ ਨੂੰ ਝੋਕ ਟਹਿਲ ਸਿੰਘ ਵਾਲਾ ਦੇ ਰੇਲਵੇ ਸਟੇਸ਼ਨ ’ਤੇ ਰੋਕ ਲਿਆ ਗਿਆ। ਮੌਕੇ ’ਤੇ ਪਹੁੰਚ ਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਤਾਂ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਨਹੀਂ ਪਹੁੰਚਿਆ ਸੀ ਪ੍ਰੰਤੂ ਲੋਕਾਂ ਵਲੋਂ ਅੱਗ ’ਤੇ ਕਾਬੂ ਪਾਉਣ ਦੇ ਲਈ ਕੋਸ਼ਿਸ਼ ਕੀਤੀ ਜਾ ਰਹੀ ਸੀ।

 

 

Exit mobile version