ਨਵੀਂ ਦਿੱਲੀ : ਭਾਰਤ ਦੇ ਇੱਕ ਫੀਸਦੀ ਅਮੀਰ ਲੋਕਾਂ ਕੋਲ ਦੇਸ਼ ਦੀ ਕੁੱਲ ਦੌਲਤ ਦਾ 40 ਫੀਸਦੀ ਹਿੱਸਾ ਹੈ। ਜਦਕਿ ਹੇਠਲੇ ਅੱਧੇ ਲੋਕਾਂ ਕੋਲ ਦੇਸ਼ ਦੀ ਦੌਲਤ ਦਾ ਸਿਰਫ਼ 3 ਫ਼ੀਸਦੀ ਹੈ। ਆਕਸਫੈਮ ਇੰਡੀਆ ਦੀ ਰਿਪੋਰਟ ‘ਸਰਵਾਈਵਲ ਆਫ ਦ ਰਿਚੈਸਟ’ ਮੁਤਾਬਿਕ ਸਾਲ 2022 ‘ਚ ਦੇਸ਼ ਦੇ 100 ਸਭ ਤੋਂ ਅਮੀਰ ਲੋਕਾਂ ਕੋਲ 54.12 ਲੱਖ ਕਰੋੜ ਰੁਪਏ ਦੀ ਜਾਇਦਾਦ ਹੈ, ਜਦਕਿ 10 ਸਭ ਤੋਂ ਅਮੀਰ ਲੋਕਾਂ ਕੋਲ 27.52 ਲੱਖ ਕਰੋੜ ਰੁਪਏ ਦੀ ਜਾਇਦਾਦ ਹੈ, 2021 ਦੇ ਮੁਕਾਬਲੇ ਜਿਸ ‘ਚ 32.8 ਫੀਸਦੀ ਦਾ ਵਾਧਾ ਹੋਇਆ ਹੈ।.
ਇਸ ਦੇ ਨਾਲ ਹੀ ਭਾਰਤ ਵਿੱਚ ਅਰਬਪਤੀਆਂ ਦੀ ਕੁੱਲ ਸੰਖਿਆ ਵਿੱਚ ਵੀ ਵਾਧਾ ਹੋਇਆ ਹੈ। ਸਾਲ 2020 ਵਿੱਚ ਇਹ ਅੰਕੜਾ 102 ਸੀ, ਜੋ 2021 ਵਿੱਚ ਵੱਧ ਕੇ 142 ਅਤੇ 2022 ਵਿੱਚ 166 ਹੋ ਗਿਆ। ਇਸ ਦੇ ਉਲਟ ਭਾਰਤ ਵਿੱਚ 22.89 ਕਰੋੜ ਲੋਕ ਗਰੀਬੀ ਵਿੱਚ ਰਹਿ ਰਹੇ ਹਨ, ਜੋ ਕਿ ਦੁਨੀਆਂ ਵਿੱਚ ਸਭ ਤੋਂ ਵੱਧ ਹੈ।
ਰਿਪੋਰਟ ‘ਚ ਕਿਹਾ ਗਿਆ ਹੈ ਕਿ ਜੇਕਰ ਟੈਕਸ ਨੂੰ ਪ੍ਰਗਤੀਸ਼ੀਲ ਨਹੀਂ ਬਣਾਇਆ ਗਿਆ ਤਾਂ ਇਸ ਨਾਲ ਦੇਸ਼ ‘ਚ ਅਸਮਾਨਤਾਵਾਂ ਹੋਰ ਵਧ ਜਾਣਗੀਆਂ।
ਆਕਸਫੈਮ ਇੰਡੀਆ ਦਾ ਕਹਿਣਾ ਹੈ ਕਿ ਭਾਰਤ ਵਿੱਚ ਟੈਕਸ ਦਰਾਂ ਆਮਦਨ ‘ਤੇ ਆਧਾਰਿਤ ਹਨ, ਪਰ ਅਸਿੱਧੇ ਟੈਕਸ ਹਰ ਕਿਸੇ ਲਈ ਇੱਕੋ ਜਿਹੇ ਹਨ, ਚਾਹੇ ਉਨ੍ਹਾਂ ਦੀ ਕਮਾਈ ਕੋਈ ਵੀ ਹੋਵੇ। ਇਸ ਵਿੱਚ ਬਦਲਾਅ ਲਿਆਉਣ ਦੀ ਲੋੜ ਹੈ।