ਪੰਜਾਬ ਦੀਆਂ ਕੁਲ 13 ਲੋਕ ਸਭਾ ਸੀਟਾਂ ਹਾਲੇ ਤੱਕ 355 ਨਾਮਜ਼ਦਗੀ ਕਾਗ਼ਜ਼ ਸਹੀ ਪਾਏ ਗਏ ਹਨ ਅਤੇ ਭਲਕੇ ਕਾਗ਼ਜ਼ ਵਾਪਸ ਲੈਣ ਉਪਰੰਤ, ਸਥਿਤੀ ਸਪੱਸ਼ਟ ਹੋਵੇਗੀ ਕਿ ਮੁਕਾਬਲਾ 4 ਕੋਨਾ ਜਾਂ 3 ਕੋਨਾ ਕਿਸ-ਕਸ ਸੀਟ ’ਤੇ ਰਹੇਗਾ। ਲੋਕ ਸਭਾ ਚੋਣਾਂ ਵਾਸਤੇ ਐਤਕੀ 2019 ਦੇ ਮੁਕਾਬਲੇ ਉਮੀਦਵਾਰਾਂ ’ਚ ਜ਼ਿਆਦਾਤਰ ਮੌਜੂਦਾ ਵਿਧਾਇਕ, ਮੰਤਰੀ, ਐਮ.ਪੀ.,ਪਾਰਟੀ ਪ੍ਰਧਾਨ ਅਤੇ ਦਲ ਬਦਲੂ ਲੀਡਰ ਜ਼ਿਆਦਾ ਸ਼ਾਮਲ ਹਨ।
‘ਆਪ’ ਸਰਕਾਰ ਦੇ 5 ਮੰਤਰੀਆਂ ਮੀਤ ਹੇਅਰ, ਕੁਲਦੀਪ ਧਾਲੀਵਾਲ, ਡਾ.ਬਲਬੀਰ ਸਿੰਘ, ਗੁਰਮੀਤ ਸਿੰਘ ਖੁੱਡੀਆ ਤੇ ਲਾਲਜੀਤ ਭੁੱਲਰ ਤੋਂ ਇਲਾਵਾ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ, ਪੱਪੀ ਪਾਰਸ਼ਰ, ਜਗਦੀਪ ਸਿੰਘ ਕਾਕਾ ਬਾਰੜ ਯਾਨੀ ਕੁਲ 8 ਸਮੇਤ 11 ਵਿਧਾਇਕ ਚੋਣ ਮੁਕਾਬਲੇ ’ਚ ਹਨ। ਕਾਂਗਰਸ ਤੋਂ ਸੁਖਪਾਲ ਖਹਿਰਾ , ਪਰਟੀ ਪ੍ਰਧਾਨ ਰਾਜਾ ਵੜਿੰਗ ਤੇ ਸੁਖਜਿੰਦਰ ਰੰਧਾਵਾ ਵੀ ਕ੍ਰਮਵਾਰ ਸੰਗਰੂਰ, ਜਲੰਧਰ ਤੇ ਗੁਰਦਾਸਪੁਰ ਸੀਟ ’ਤੇ ਵਿਰੋਧੀ ਉਮੀਦਵਾਰਾਂ ਨੂੰ ਸਖ਼ਤ ਟੱਕਰ ਦੇਣਗੇ।
ਇਸ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਾਵਾ ਨੇ ਵਿਧਾਨ ਸਭਾ ਨਿਯਮਾਵਲੀ ਤਹਿਤ ਧਾਰਾ 51(3) ਅਨੁਸਾਰ ਕਾਂਗਰਸ ’ਚੋਂ ‘ਆਪ’ ਪਾਰਟੀ ’ਚ ਗਏ ਡਾ. ਰਾਜ ਕੁਮਾਰ ਚੱਬੇਵਾਲ ਅਤੇ ‘ਆਪ’ ਨੂੰ ਛੱਡ ਕੇ ਬੀ.ਜੇ.ਪੀ ਵਿਚ ਗਏ ਸ਼ੀਤਲ ਅੰਗੁਰਾਲ ਨੂੰ ਨੋਟਿਸ ਭੇਜ ਕੇ 3 ਜੂਨ ਨੂੰ ਚੰਡੀਗੜ੍ਹ ਸਥਿਤ ਸਪੀਕਰ ਦੇ ਚੈਂਬਰ ਵਿਚ ਪੇਸ਼ ਹੋਣ ਲਈ ਲਿਖਤੀ ਸੰਮਨ ਜਾਰੀ ਕੀਤੇ ਹਨ।
ਜ਼ਿਕਰਯੋਗ ਹੈ ਕਿ ਚੱਬੇਵਾਲ ਤੋਂ ਕਾਂਗਰਸੀ ਵਿਧਾਇਕ ਨੇ 15 ਮਾਰਚ ਨੂੰ ਅਸਤੀਫ਼ਾ ਭੇਜਿਆ ਸੀ ਜਦੋਂ ਕਿ ਅੰਗੁਰਾਲ ਨੇ 28 ਮਾਰਚ ਨੂੰ ਅਸਤੀਫ਼ਾ ਦਿਤਾ ਸੀ। ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦੇ ਹੋਏ ਵਿਧਾਨ ਸਭਾ ਸਕੱਤੇ੍ਰਤ ਦੇ ਇਕ ਸੀਨੀਅਰ ਅਧਿਆਰੀ ਨੇ ਦੱਸਿਆ ਕਿ 1 ਜੂਨ ਨੂੰ ਵੋਟਾਂ ਪੈਣ ਉਪਰੰਤ 3 ਜੂਨ-ਸੋਮਵਾਰ 11 ਵਜੇ ਪੇਸ਼ੀ ਦੌਰਾਨ, ਇਨ੍ਹਾਂ ਅਸਤੀਫ਼ੇ ਦੇਣ ਵਾਲੇ ਵਿਧਾਇਕਾਂ ਡਾ. ਰਾਜ ਕੁਮਾਰ ਤੇ ਸ਼ੀਤਲ ਅੰਗੁਰਾਲ ਨੂੰ ਖ਼ੁਦ ਕਹਿਣਾ ਪਵੇਗਾ ਤੇ ਸਪੀਕਰ ਸਾਹਮਣੇ ਭਰੋਸਾ ਦੇਣਾ ਪਵੇਗਾ ਕਿ ‘‘ਮੇਰੇ ’ਤੇ ਕਿਸੇ ਪਾਰਟੀ ਜਾਂ ਨੇਤਾ ਨੇ ਦਬਾਅ ਨਹੀਂ ਪਾਇਆ ।’’
ਨਿਯਮਾਂ ਮੁਤਾਬਕ ਸਪੀਕਰ ਕੋਲ ‘ਦਬਾਅ’ ਵਾਲੇ ਨੁਕਤੇ ਹੇਠ, ਅਸਤੀਫ਼ਾ ਮਨਜ਼ੂਰ ਕਰਨ ਜਾਂ ਰੱਦ ਕਰਨ ਦੇ ਅਨੇਕਾਂ ਰਸਤੇ ਹਨ। ਜ਼ਿਕਰਯੋਗ ਹੈ ਕਿ 2012 ’ਚ ਧੂਰੀ ਹਲਕੇ ਤੋਂ ਚੁਣੇ ਗਏ ਕਾਂਗਰਸੀ ਵਿਧਾਇਕ ਅਰਵਿੰਦ ਖੰਨਾ ਵਲੋਂ ਦਿਤੇ ਅਸਤੀਫ਼ੇ ਨੂੰ ਸਪੀਕਰ ਚਰਨਜੀਤ ਅਟਵਾਲ ਨੇ ਮਨਜ਼ੂਰ ਕਰਨ ਵਾਸਤੇ 3 ਸਾਲ ਲਗਾ ਦਿਤੇ ਸਨ।