ਦਿੱਲੀ ਦੀਆਂ ਸਮੂਹ ਪੰਥਕ ਜਥੇਬੰਦੀਆਂ ਵੱਲੋਂ ਅੱਜ ਬੰਦੀ ਛੋੜ ਦਿਵਸ ਦੇ ਮੌਕੇ ਤਿਹਾੜ ਜੇਲ੍ਹ ਦੇ ਬਾਹਰ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਗਤੀ ਅਰਦਾਸ ਕੀਤੀ ਗਈ। ਸੰਗਤਾਂ ਵੱਲੋਂ ਗੁਰੂ ਜਸ ਗਾਇਨ ਕਰਨ ਉਪਰੰਤ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿਚ ਬੰਦੀ ਸਿੰਘਾਂ ਦੀ ਰਿਹਾਈ ਲਈ ਤਰਲਾ ਮਾਰਿਆ ਗਿਆ।
ਇਕੱਠ ਨੂੰ ਸੰਬੋਧਨ ਕਰਦਿਆਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨਾਂ ਪਰਮਜੀਤ ਸਿੰਘ ਸਰਨਾ ਅਤੇ ਮਨਜੀਤ ਸਿੰਘ ਜੀ.ਕੇ. ਨੇ ਸਰਕਾਰਾਂ ਤੋਂ ਸਿੱਖ ਬੰਦੀਆਂ ਦੀ ਰਿਹਾਈ ਦੀ ਮੰਗ ਕੀਤੀ।
ਸਰਨਾ ਨੇ ਸਾਬਕਾ ਕਾਂਗਰਸੀ ਆਗੂ ਲਲਿਤ ਮਾਕਨ ਕਤਲ ਕਾਂਡ ਦਾ ਹਵਾਲਾ ਦੇ ਕੇ ਕਿਹਾ ਕਿ ਰਣਜੀਤ ਸਿੰਘ ਕੁੱਕੀ ਗਿੱਲ ’ਤੇ ਵੀ ਪ੍ਰੋ.ਦਵਿੰਦਰਪਾਲ ਸਿੰਘ ਭੁੱਲਰ ਵਾਂਗ ਮਕੱਦਮਾ ਸੀ, ਉਦੋਂ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਨੇ ਲਲਿਤ ਮਾਕਨ ਦੀ ਧੀ ਦੀ ਸਹਿਮਤੀ ਪਿਛੋਂ ਕੁੱਕੀ ਗਿੱਲ ਨੂੰ ਰਿਹਾਅ ਕਰ ਦਿਤਾ ਸੀ, ਜੋ ਪਹਿਲਾਂ ਉਮਰ ਕੈਦ ਤੋਂ ਵੱਧ ਸਜ਼ਾ ਭੁਗਤ ਚੁਕੇ ਸਨ। ਇਸੇ ਤਰ੍ਹਾਂ ਕੇਜਰੀਵਾਲ ਸਰਕਾਰ ਨੂੰ ਵੀ ਪ੍ਰੋ.ਭੁੱਲਰ ਦੀ ਰਿਹਾਈ ਕਰਨੀ ਚਾਹੀਦੀ ਹੈ ਤਾਂ ਹੀ ਉਹ ਆਉਂਦੀ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਸਿੱਖਾਂ ਦੀ ਵੋਟ ਦੇ ਹੱਕਦਾਰ ਹੋਣਗੇ।
ਮਨਜੀਤ ਸਿੰਘ ਜੀ ਕੇ ਨੇ ਦਿੱਲੀ ਕਮੇਟੀ ਵਲ ਇਸ਼ਾਰਾ ਕਰਦੇ ਹੋਏ ਕਿਹਾ, “ਵਿਕੇ ਹੋਏ ਲੀਡਰ ਕੌਮ ਦੀ ਅਗਵਾਈ ਨਹੀਂ ਕਰ ਸਕਦੇ, ਜਿਹੜੇ ਖ਼ੁਦ ਸਰਕਾਰਾਂ ਕੋਲ ਮੰਗਤੇ ਹੋਣ ਉਨ੍ਹਾਂ ਸਿੱਖ ਬੰਦੀਆਂ ਦੀ ਰਿਹਾਈ ਦੀ ਮੰਗ ਕਿਵੇਂ ਕਰਨੀ? ਸੌਧਾ ਸਾਧ ਨੂੰ ਮੁੜ ਮੁੜ ਪੈਰੋਲ, ਰਾਜੀਵ ਗਾਂਧੀ ਦੇ ਕਾਤਲਾਂ ਨੂੰ ਰਿਹਾਈ ਅਤੇ ਬਿਲਕਿਸ ਬਾਨੋ ਦੇ ਕਾਤਲਾਂ ਨੂੰ ਰਿਹਾਈ ਦਿਤੀ ਜਾ ਸਕਦੀ ਹੈ, ਫਿਰ ਚੰਗੇ ਕਿਰਦਾਰ ਕਰ ਕੇ, 20-20 ਸਾਲ ਸਜ਼ਾਵਾਂ ਭੁਗਤ ਚੁਕੇ ਸਿੱਖ ਬੰਦੀਆਂ ਨੂੰ ਰਿਹਾਈ ਕਿਉਂ ਨਹੀਂ ਦਿਤੀ ਜਾ ਸਕਦੀ?”
ਦਿੱਲੀ ਕਮੇਟੀ ਦੇ ਸਾਬਕਾ ਮੀਡੀਆ ਸਲਾਹਕਾਰ ਡਾ.ਪਰਮਿੰਦਰਪਾਲ ਸਿੰਘ ਨੇ ਕਿਹਾ, “ਦਿੱਲੀ ਸਰਕਾਰ ਦੇ ਸਜ਼ਾ ਸਮੀਖ਼ਿਆ ਬੋਰਡ ਨੇ 21 ਦਸੰਬਰ 2023 ਨੂੰ ਪ੍ਰੋ. ਭੁੱਲਰ ਦੀ ਰਿਹਾਈ ਦੀ ਮੰਗ ਨੂੰ ਇਕ ਵਾਰ ਫਿਰ ਰੱਦ ਕਰ ਦਿਤਾ ਜਦ ਕਿ ਉਸ ਮੀਟਿੰਗ ਵਿਚ ਦਿੱਲੀ ਸਰਕਾਰ ਦੇ ਜੇਲ ਮੰਤਰੀ ਕੈਲਾਸ਼ ਗਹਿਲੋਤ ਨੇ ਭੁੱਲਰ ਦੀ ਰਿਹਾਈ ਕਰਨ ਦੀ ਹਾਮੀ ਭਰੀ, ਪਰ ਬਾਕੀ ਅਫ਼ਸਰਾਂ ਨੇ ਇਸ ਮੰਗ ਨੂੰ ‘ਅਤਿਵਾਦ’ ਨਾਲ ਜੋੜ ਕੇ, ਰੱਦ ਕਰ ਦਿਤਾ।”
ਤਿਹਾੜ ਜੇਲ ’ਚ ਬੰਦ ਭਾਈ ਜਗਤਾਰ ਸਿੰਘ ਹਵਾਰਾ ਦੇ ਮੁਲਾਕਾਤੀ ਇਕਬਾਲ ਸਿੰਘ ਮਹਾਵੀਰ ਨਗਰ ਨੇ ਕਿਹਾ, “ਅੱਜ ਹੀ ਮੈਂ ਜਥੇਦਾਰ ਹਵਾਰਾ ਨਾਲ ਜੇਲ ’ਚ ਮੁਲਾਕਾਤ ਕਰ ਕੇ ਆਇਆਂ ਹਾਂ, ਉਨ੍ਹਾਂ ਸਾਰਿਆਂ ਨੂੰ ਇਕ ਨਿਸ਼ਾਨ ਸਾਹਿਬ ਥੱੱਲੇ ਇਕੱਠੇ ਹੋਣ ਦਾ ਸੱਦਾ ਦਿਤਾ ਹੈ।”
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਪ੍ਰਧਾਨ ਕਰਤਾਰ ਸਿੰਘ ਚਾਵਲਾ, ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ (ਦਿੱਲੀ ਸਟੇਟ) ਦੀ ਪ੍ਰਧਾਨ ਬੀਬੀ ਰਣਜੀਤ ਕੌਰ, ਸ਼੍ਰੋਮਣੀ ਯੂਥ ਅਕਾਲੀ ਦਲ (ਦਿੱਲੀ) ਦੇ ਸਾਬਕਾ ਪ੍ਰਧਾਨ ਰਮਨਦੀਪ ਸਿੰਘ ਸੋਨੂੰ, ਸਿੱਖ ਬ੍ਰਦਰਹੁੱਡ ਇੰਟਰਨੈਸ਼ਨਲ ਜਥੇਬੰਦੀ ਦੇ ਸਕੱਤਰ ਜਨਰਲ ਗੁਣਜੀਤ ਸਿੰਘ ਬਖ਼ਸ਼ੀ, ਸਾਬਕਾ ਕੌਂਸਲਰ ਬੀਬੀ ਮਨਦੀਪ ਕੌਰ ਬਖ਼ਸ਼ੀ, ਅਵਨੀਤ ਕੌਰ ਭਾਟੀਆ, ਬਲਦੀਪ ਸਿੰਘ ਰਾਜਾ ਤੇ ਕਈ ਦਿੱਲੀ ਕਮੇਟੀ ਮੈਂਬਰ ਸ਼ਾਮਲ ਹੋਏ।