The Khalas Tv Blog Punjab ਨਵੀਂ ਐੱਸਆਈਟੀ ਬਣਾਉਣ ‘ਤੇ ਨਵਜੋਤ ਸਿੱਧੂ ਮੁੜ ਹੋਏ ਕੈਪਟਨ ਦੇ ਦੁਆਲੇ
Punjab

ਨਵੀਂ ਐੱਸਆਈਟੀ ਬਣਾਉਣ ‘ਤੇ ਨਵਜੋਤ ਸਿੱਧੂ ਮੁੜ ਹੋਏ ਕੈਪਟਨ ਦੇ ਦੁਆਲੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਨਵਜੋਤ ਸਿੰਘ ਸਿੱਧੂ ਨੇ ਕੱਲ੍ਹ ਪੰਜਾਬ ਸਰਕਾਰ ਵੱਲੋਂ ਕੋਟਕਪੂਰਾ ਮਾਮਲੇ ਦੀ ਜਾਂਚ ਲਈ ਗਠਿਤ ਕੀਤੀ ਗਈ ਨਵੀਂ ਤਿੰਨ ਮੈਂਬਰੀ ਐੱਸਆਈਟੀ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ‘ਇਹ ਬਹੁਤ ਹੀ ਦੁੱਖਦਾਈ ਹੈ ਕਿ ਪੰਜਾਬ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਨੂੰ ਮੰਨ ਕੇ ਨਵੀਂ ਐੱਸਆਈਟੀ ਦਾ ਗਠਨ ਕਰ ਦਿੱਤਾ ਹੈ। ਪੰਜਾਬ ਦੇ ਲੋਕ ਵੀ ਹਾਈਕੋਰਟ ਦੇ ਇਸ ਫੈਸਲੇ ਦੇ ਖਿਲਾਫ ਖੜ੍ਹੇ ਸੀ। ਪੰਜਾਬ ਸਰਕਾਰ ਵੱਲੋਂ ਨਵੀਂ ਐੱਸਆਈਟੀ ਨੂੰ ਜਾਂਚ ਲਈ 6 ਮਹੀਨਿਆਂ ਦਾ ਸਮਾਂ ਦੇਣਾ ਸਰਕਾਰ ਦੇ ਸਭ ਤੋਂ ਵੱਡੇ ਚੋਣ ਵਾਅਦੇ ਦੀ ਦੇਰੀ ਨੂੰ ਵਧਾਉਂਦਾ ਹੈ ਅਤੇ ਇਹ ਸਪੱਸ਼ਟ ਕਰਦਾ ਹੈ ਕਿ ਸਰਕਾਰ ਦਾ ਮਨੋਰਥ ਅਗਲੀਆਂ ਚੋਣਾਂ ਤੱਕ ਇਸ ਮੁੱਦੇ ਨੂੰ ਲੈ ਕੇ ਜਾਣਾ ਹੈ।’

ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ‘ਜਾਣਬੁੱਝ ਕੇ ਦੇਰੀ ਨਾਲ ਹੋਣ ਵਾਲਾ ਬੇਇਨਸਾਫ ਲੋਕਾਂ ਦੇ ਨਾਲ ਧੋਖਾ ਹੈ। ਮਲਟੀਪਲ ਇੰਨਕੁਆਰੀ ਕਮਿਸ਼ਨਾਂ, ਐੱਸਆਈਟੀਜ਼ ਅਤੇ 6 ਸਾਲ ਬੀਤਣ ਤੋਂ ਬਾਅਦ ਇਸ ਮਾਮਲੇ ਦੇ ਗਵਾਹ ਕਮਜ਼ੋਰ ਪੈ ਗਏ ਹਨ ਅਤੇ ਇਸ ਮਾਮਲੇ ਦੇ ਦੋਸ਼ੀ ਸਿਆਣੇ ਹੋ ਗਏ ਹਨ। ਇੱਕੋ ਮਾਮਲੇ ‘ਤੇ ਵਾਰ-ਵਾਰ ਜਾਂਚ ਨੂੰ ਦੁਹਰਾਉਣਾ ਦੋਸ਼ੀਆਂ ਦੇ ਬਚਾਅ ਨੂੰ ਮਜ਼ਬੂਤ ਕਰ ਰਿਹਾ ਹੈ।’

ਸਿੱਧੂ ਨੇ ਕਿਹਾ ਕਿ ਇਨਸਾਫ਼ ਵਿੱਚ ਜਾਣ-ਬੁੱਝ ਕੇ ਦੇਰੀ ਲੋਕਮਤ ਨਾਲ ਵਿਸ਼ਵਾਸ਼ਘਾਤ ਹੈ। 6 ਸਾਲਾਂ ਦੌਰਾਨ ਕਈ ਜਾਂਚ ਕਮਿਸ਼ਨ ਅਤੇ ਸਿਟਾਂ (SITs) ਬਨਣ ਕਰਕੇ ਸਬੂਤ ਕਮਜ਼ੋਰ ਹੋ ਗਏ ਹਨ ਤੇ ਇੱਕੋ ਦੋਸ਼ ਬਾਰੇ ਵਾਰ-ਵਾਰ ਪੜਤਾਲ ਹੋਣ ਕਾਰਨ ਦੋਸ਼ੀ ਆਪਣਾ ਬਚਾਅ ਮਜ਼ਬੂਤ ਕਰਨ ਲਈ ਹੋਰ ਸਿਆਣੇ ਹੋ ਗਏ ਹਨ।

ਨਵਜੋਤ ਸਿੰਘ ਸਿੱਧੂ ਨੇ ਆਪਣੇ ਫੇਸਬੁੱਕ ਪੇਜ ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣਾਂ ਤੋਂ ਪਹਿਲਾਂ ਕੀਤੇ ਗਏ ਵਾਅਦੇ ਦੀ ਇੱਕ ਵੀਡੀਓ ਸਾਂਝੀ ਕਰਕੇ ਇਹ ਨਿਸ਼ਾਨਾ ਕੱਸਿਆ ਗਿਆ ਹੈ। ਵੀਡੀਓ ਵਿੱਚ ਕੈਪਟਨ ਕਹਿ ਰਹੇ ਹਨ ਕਿ ‘ਜਦੋਂ ਬੇਅਦਬੀ ਮਾਮਲੇ ਦੀ ਜਾਂਚ ਹੋਈ ਤਾਂ ਇਸ ਵਿੱਚ ਪ੍ਰਕਾਸ਼ ਸਿੰਘ ਬਾਦਲ ਅਤੇ ਉਸਦੇ ਪਰਿਵਾਰ ਦਾ ਨਾਂ ਆਵੇਗਾ ਅਤੇ ਫਿਰ ਮੈਂ ਉਨ੍ਹਾਂ ਖਿਲਾਫ ਕਾਰਵਾਈ ਕਰਾਂਗਾ।’ ਪਰ ਕੈਪਟਨ ਸਰਕਾਰ ਵੱਲੋਂ ਚਾਰ ਸਾਲਾਂ ਵਿੱਚ ਇਸ ਮਾਮਲੇ ਦਾ ਕੋਈ ਫੈਸਲਾ ਨਹੀਂ ਕੀਤਾ ਗਿਆ, ਜਿਸ ਕਰਕੇ ਉਨ੍ਹਾਂ ‘ਤੇ ਬਾਦਲ ਪਰਿਵਾਰ ਨਾਲ ਰਲਣ ਦੇ ਦੋਸ਼ ਲੱਗ ਰਹੇ ਹਨ।

ਕੱਲ੍ਹ ਬਣੀ ਇੱਕ ਹੋਰ ਛੇਵੀਂ ਐੱਸਆਈਟੀ

ਪੰਜਾਬ ਸਰਕਾਰ ਨੇ ਕੱਲ੍ਹ ਕੋਟਕਪੁਰਾ ਗੋਲੀਕਾਂਡ ਮਾਮਲੇ ਵਿੱਚ ਨਵੀਂ ਤਿੰਨ ਮੈਂਬਰੀ ਐੱਸਆਈਟੀ ਦਾ ਗਠਨ ਕੀਤਾ ਸੀ। ਇਸ ਐੱਸਆਈਟੀ ਵਿੱਚ ਏਡੀਜੀਪੀ ਵਿਜੀਲੈਂਸ ਐੱਲਕੇ ਯਾਦਵ, ਫਰੀਦਕੋਟ ਦੇ ਡੀਆਈਜੀ ਸੁਰਜੀਤ ਸਿੰਘ ਅਤੇ ਲੁਧਿਆਣਾ ਦੇ ਕਮਿਸ਼ਨਰ ਰਾਕੇਸ਼ ਅਗਰਵਾਲ ਸ਼ਾਮਿਲ ਹਨ। ਜਾਣਕਾਰੀ ਮੁਤਾਬਕ ਇਸ ਐੱਸਆਈਟੀ ਨੂੰ ਆਪਣੀ ਜਾਂਚ ਮੁਕੰਮਲ ਕਰਨ ਲਈ 6 ਮਹੀਨਿਆਂ ਦਾ ਸਮਾਂ ਦਿੱਤਾ ਗਿਆ ਹੈ। ਪੰਜਾਬ ਸਰਕਾਰ ਨੇ ਨਵੀਂ ਐੱਸਆਈਟੀ ਦੇ ਮੈਂਬਰਾਂ ਨੂੰ ਕੁੱਝ ਵੀ ਲੀਕ ਨਾ ਕਰਨ ਦੀ ਹਦਾਇਤ ਦਿੱਤੀ ਹੈ ਕਿ ਜਾਂਚ ਵਿੱਚ ਕੀ ਖੁਲਾਸਾ ਹੋਇਆ ਹੈ।

ਪੰਜਵੀਂ ਐੱਸਆਈਟੀ ਕਦੋਂ ਹੋਈ ਸੀ ਖਤਮ

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ 10 ਅਪ੍ਰੈਲ ਨੂੰ ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਸਿਟ ਦੀ ਜਾਂਚ ਨੂੰ ਖਾਰਜ ਕਰ ਦਿੱਤਾ ਸੀ। ਹਾਈਕੋਰਟ ਨੇ ਪੰਜਾਬ ਸਰਕਾਰ ਨੂੰ IG ਕੁੰਵਰ ਵਿਜੇ ਪ੍ਰਤਾਪ ਸਿੰਘ ਤੋਂ ਬਿਨਾਂ ਨਵੀਂ SIT ਬਣਾਉਣ ਦੇ ਹੁਕਮ ਦੇ ਦਿੱਤੇ ਸਨ। ਹਾਈਕੋਰਟ ਨੇ ਮਾਮਲੇ ‘ਚ ਮੁਲਜ਼ਮ ਥਾਣਾ ਸਿਟੀ ਕੋਟਕਪੂਰਾ ਦੇ ਸਾਬਕਾ ਐੱਸਐੱਚਓ ਗੁਰਦੀਪ ਸਿੰਘ ਪੰਧੇਰ ਦੀ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਕਿਹਾ ਸੀ ਕਿ ਜਾਂਚ ਟੀਮ ਦੇ ਮੁੱਖ ਮੈਂਬਰ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਵੱਲੋਂ ਇਸ ਮਾਮਲੇ ਵਿੱਚ ਕੀਤੀ ਗਈ ਪੜਤਾਲ ਪੱਖਪਾਤੀ ਜਾਪਦੀ ਹੈ।

ਹੁਣ ਤੱਕ ਕਿੰਨੀਆਂ SIT ਦਾ ਹੋ ਚੁੱਕਾ ਹੈ ਗਠਨ ?

  • ਪਹਿਲੀ ਐੱਸਆਈਟੀ 4 ਜੂਨ, 2015 ਨੂੰ ਐੱਸਪੀ(ਡੀ) ਅਮਰਜੀਤ ਸਿੰਘ ਦੀ ਅਗਵਾਈ ਵਿੱਚ ਬਣੀ।
  • ਦੂਜੀ ਐੱਸਆਈਟੀ 10 ਜੂਨ, 2015 ਨੂੰ ਤਤਕਾਲੀ ਐੱਸਐੱਸਪੀ ਚਰਨਜੀਤ ਸ਼ਰਮਾ ਦੀ ਅਗਵਾਈ ਵਿੱਚ ਬਣਾਈ ਗਈ।
  • ਤੀਸਰੀ ਐੱਸਆਈਟੀ 16 ਅਕਤੂਬਰ, 2015 ਨੂੰ ਏਡੀਜੀਪੀ ਇੰਦਰਪਾਲ ਸਿੰਘ ਦੀ ਅਗਵਾਈ ਵਿੱਚ ਬਣਾਈ ਗਈ ਸੀ।
  • ਚੌਥੀ ਐੱਸਆਈਟੀ 20 ਨਵੰਬਰ, 2015 ਨੂੰ ਡੀਆਈਜੀ ਰਣਬੀਰ ਸਿੰਘ ਖੱਟੜਾ ਦੀ ਅਗਵਾਈ ਵਿੱਚ ਬਣਾਈ ਗਈ।
  • ਪੰਜਵੀਂ ਐੱਸਆਈਟੀ 10 ਸਤੰਬਰ, 2018 ਵਿੱਚ ਕੈਪਟਨ ਸਰਕਾਰ ਨੇ ਪ੍ਰਬੋਧ ਕੁਮਾਰ ਦੀ ਅਗਵਾਈ ਵਿੱਚ ਗਠਿਤ ਕੀਤੀ। ਇਸ ਐੱਸਆਈਟੀ ਵਿੱਚ ਆਈਜੀ ਅਰੁਣਪਾਲ ਸਿੰਘ, ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ, ਏਆਈਜੀ ਭੁਪਿੰਦਰ ਸਿੰਘ, ਐੱਸਐੱਸਪੀ ਸਤਿੰਦਰ ਸਿੰਘ ਮੈਂਬਰ ਰਹੇ ਹਨ।
  • ਹੁਣ ਛੇਵੀਂ ਐੱਸਆਈਟੀ ਦਾ ਵੀ ਗਠਨ ਹੋ ਚੁੱਕਿਆ ਹੈ। ਇਸ ਐੱਸਆਈਟੀ ਵਿੱਚ ਏਡੀਜੀਪੀ ਵਿਜੀਲੈਂਸ ਐੱਲਕੇ ਯਾਦਵ, ਫਰੀਦਕੋਟ ਦੇ ਡੀਆਈਜੀ ਸੁਰਜੀਤ ਸਿੰਘ ਅਤੇ ਲੁਧਿਆਣਾ ਦੇ ਕਮਿਸ਼ਨਰ ਰਾਕੇਸ਼ ਅਗਰਵਾਲ ਸ਼ਾਮਿਲ ਹਨ।
Exit mobile version