ਚੰਡੀਗੜ੍ਹ : ਸਰਕਾਰ ਭਾਅ ਤੋਂ ਹੇਠਾਂ ਵਿਕਣ ਕਾਰਨ ਨਰਮਾ ਕਾਸ਼ਤਕਾਰਾਂ ਨੂੰ 100 ਕਰੋੜ ਦਾ ਰਗੜਾ ਲੱਗਿਆ ਹੈ। ਇਸ ਦਾ ਖ਼ੁਲਾਸਾ ਪੰਜਾਬ ਮੰਡੀ ਬੋਰਡ ਦੇ ਅੰਕੜਿਆਂ ਤੋਂ ਹੋਇਆ ਹੈ। ਜਿਸ ਮੁਤਾਬਕ ਹੁਣ ਤੱਕ ਪੰਜਾਬ ਵਿਚ 2.54 ਲੱਖ ਕੁਇੰਟਲ ਨਰਮਾ (cotton crop) ਸਰਕਾਰੀ ਭਾਅ ਤੋਂ ਹੇਠਾਂ ਵਿਕ ਚੁੱਕਾ ਹੈ, ਜਿਸ ਅਨੁਸਾਰ ਕਿਸਾਨਾਂ ਨੂੰ ਕਰੀਬ 100 ਕਰੋੜ ਦਾ ਰਗੜਾ ਲੱਗ ਚੁੱਕਿਆ ਹੈ।
ਵੇਰਵਿਆਂ ਅਨੁਸਾਰ ਪੰਜਾਬ ਵਿਚ ਇਸ ਵਾਰ ਨਰਮੇ ਹੇਠ ਰਕਬਾ ਘੱਟ ਕੇ ਸਿਰਫ਼ 1.73 ਲੱਖ ਹੈਕਟੇਅਰ ਰਹਿ ਗਿਆ ਹੈ ਜਦਕਿ ਪੰਜਾਬ ਸਰਕਾਰ ਖੇਤੀ ਵਿਭਿੰਨਤਾ ਦੇ ਦਾਅਵੇ ਕਰ ਰਹੀ ਹੈ। ਅਕਤੂਬਰ ਮਹੀਨੇ ਵਿਚ ਨਰਮੇ ਦੀ ਖ਼ਰੀਦ ਦਾ ਕੰਮ ਸ਼ੁਰੂ ਹੋ ਜਾਂਦਾ ਹੈ ਜੋ ਮਾਰਚ ਤੱਕ ਚੱਲਦਾ ਹੈ। ਕਪਾਹ ਮੰਡੀਆਂ ਵਿਚ ਹੁਣ ਤੱਕ ਕਰੀਬ 65 ਫ਼ੀਸਦੀ ਫ਼ਸਲ ਵਿਕ ਚੁੱਕੀ ਹੈ। ਇਸ ਵੇਲੇ ਤੱਕ ਪੰਜਾਬ ਦੀਆਂ ਡੇਢ ਦਰਜਨ ਕਪਾਹ ਮੰਡੀਆਂ ਵਿਚ 9.86 ਲੱਖ ਕੁਇੰਟਲ ਨਰਮੇ ਦੀ ਖ਼ਰੀਦ ਹੋਈ ਹੈ। ਖ਼ਰੀਦੇ ਹੋਏ ਨਰਮੇ ਵਿਚੋਂ 2.55 ਲੱਖ ਕੁਇੰਟਲ ਨਰਮਾ ਸਰਕਾਰੀ ਭਾਅ ਤੋਂ ਹੇਠਾਂ ਵਿਕਿਆ ਹੈ ਜੋ ਕੁੱਲ ਖ਼ਰੀਦ ਦਾ ਕਰੀਬ 25.76 ਫ਼ੀਸਦੀ ਬਣਦਾ ਹੈ।
ਭਾਰਤੀ ਕਪਾਹ ਨਿਗਮ ਨੇ ਹੁਣ ਤੱਕ 1.79 ਲੱਖ ਕੁਇੰਟਲ ਨਰਮੇ ਦੀ ਖ਼ਰੀਦ ਕੀਤੀ ਹੈ। ਇਸ ਵਾਰ ਨਰਮੇ ਦੀ ਸਰਕਾਰੀ ਕੀਮਤ 6,620 ਰੁਪਏ ਪ੍ਰਤੀ ਕੁਇੰਟਲ (ਮੀਡੀਅਮ ਰੇਸ਼ੇ ਵਾਲਾ ਨਰਮਾ) ਸੀ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਸਕੱਤਰ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਸੀ ਕਿ ਕਿਸਾਨਾਂ ਨੂੰ ਪ੍ਰਤੀ ਕੁਇੰਟਲ ਪਿੱਛੇ ਇੱਕ ਹਜ਼ਾਰ ਤੋਂ 2500 ਰੁਪਏ ਦਾ ਘਾਟਾ ਪਿਆ ਹੈ ਅਤੇ ਕਿਸੇ ਵੀ ਸਰਕਾਰ ਨੇ ਕਿਸਾਨ ਦੀ ਨਹੀਂ ਸੁਣੀ।
ਵੇਰਵਿਆਂ ਅਨੁਸਾਰ ਪ੍ਰਾਈਵੇਟ ਵਪਾਰੀਆਂ ਨੇ ਹੁਣ ਤੱਕ ਪੰਜਾਬ ਚੋਂ 8.07 ਲੱਖ ਕੁਇੰਟਲ ਨਰਮਾ ਖ਼ਰੀਦ ਕੀਤਾ ਹੈ। ਕਿਸਾਨ ਆਗੂ ਸੁਖਮਿੰਦਰ ਸਿੰਘ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਦੀ ਚੁੱਪ ਕਾਰਨ ਕਿਸਾਨਾਂ ਦੀ ਮੰਡੀਆਂ ਵਿਚ ਲੁੱਟ ਹੋ ਰਹੀ ਹੈ। ਜਾਣਕਾਰੀ ਅਨੁਸਾਰ ਬਠਿੰਡਾ ਦੇ ਪਿੰਡ ਮਲਕਾਣਾ ਦਾ ਇੱਕ ਕਿਸਾਨ ਨਰਮੇ ਦੀ ਭਰੀ ਟਰਾਲੀ ਨੂੰ ਦੋ ਦਿਨਾਂ ਮਗਰੋਂ ਰਾਮਾਂ ਮੰਡੀ ਵਿਚੋਂ ਵਾਪਸ ਲੈ ਆਇਆ ਕਿਉਂਕਿ ਕੋਈ ਗਾਹਕ ਹੀ ਨਹੀਂ ਸੀ। ਮਾਨਸਾ ਜ਼ਿਲ੍ਹੇ ਵਿਚ ਤਾਂ ਨਰਮੇ ਦੀਆਂ ਐਤਕੀਂ ਕਈ ਢੇਰੀਆਂ 3000 ਰੁਪਏ ਕੁਇੰਟਲ ਵਿਚ ਵੀ ਵਿਕੀਆਂ ਹਨ ਜਦਕਿ ਮੁਕਤਸਰ ਵਿਚ ਕਈ ਢੇਰੀਆਂ ਦਾ ਭਾਅ 3700 ਰੁਪਏ ਤੱਕ ਰਿਹਾ ਹੈ।
ਪੰਜਾਬ ਦੇ 9 ਜ਼ਿਲ੍ਹਿਆਂ ਵਿੱਚ ਨਰਮੇ ਦੀ ਖ਼ਰੀਦ ਹੁੰਦੀ ਹੈ ਅਤੇ ਫ਼ਾਜ਼ਿਲਕਾ ਜ਼ਿਲ੍ਹੇ ਵਿਚ ਸਭ ਤੋਂ ਵੱਧ 95,250 ਕੁਇੰਟਲ ਨਰਮਾ ਸਰਕਾਰੀ ਭਾਅ ਤੋਂ ਹੇਠਾਂ ਵਿਕਿਆ ਹੈ। ਇਸੇ ਤਰ੍ਹਾਂ ਮਾਨਸਾ ਜ਼ਿਲ੍ਹੇ ਵਿਚ 84,662 ਕੁਇੰਟਲ ਅਤੇ ਮੁਕਤਸਰ ਜ਼ਿਲ੍ਹੇ ਵਿਚ 35,727 ਕੁਇੰਟਲ ਨਰਮਾ ਸਰਕਾਰੀ ਭਾਅ ਤੋਂ ਹੇਠਾਂ ਵਿਕਿਆ ਹੈ। ਭਾਰਤੀ ਕਪਾਹ ਨਿਗਮ ਦੇ ਖੇਤਰੀ ਮੈਨੇਜਰ ਵਿਨੋਦ ਕੁਮਾਰ ਨਾਲ ਸੰਪਰਕ ਕਰਨਾ ਚਾਹਿਆ ਪਰ ਉਨ੍ਹਾਂ ਫ਼ੋਨ ਚੁੱਕਿਆ ਨਹੀਂ। ਪਿਛਲੇ ਦਸ ਵਰ੍ਹਿਆਂ ’ਤੇ ਨਜ਼ਰ ਮਾਰੀਏ ਤਾਂ ਭਾਰਤੀ ਕਪਾਹ ਨਿਗਮ ਨੇ ਪੰਜਾਬ ਵਿਚੋਂ 2015-16 ਤੋਂ ਲੈ ਕੇ 2018-19 ਤੱਕ ਅਤੇ ਉਸ ਮਗਰੋਂ ਸਾਲ 2021-22 ਅਤੇ ਸਾਲ 2022-23 ਵਿਚ ਨਰਮਾ ਦੀ ਕਦੇ ਖ਼ਰੀਦ ਨਹੀਂ ਕੀਤੀ ਹੈ। ਕੁੱਝ ਵਰ੍ਹੇ ਪਹਿਲਾਂ ਤਾਂ ਮਾਰਕਫੈੱਡ ਵੱਲੋਂ ਵੀ ਨਰਮੇ ਦੀ ਖ਼ਰੀਦ ਕੀਤੀ ਜਾਂਦੀ ਸੀ ਪਰ ਹੁਣ ਮਾਰਕਫੈੱਡ ਵੀ ਪਾਸਾ ਵੱਟ ਗਿਆ ਹੈ।