The Khalas Tv Blog Punjab ਹੁਣ ਪ੍ਰਾਈਵੇਟ ਸਕੂਲ ਤੋਂ ਸਰਕਾਰੀ ਸਕੂਲ ‘ਚ ਦਾਖ਼ਲਾ ਲੈਣ ਲਈ ਨਹੀਂ ਦੇਣਾ ਪਵੇਗਾ ਟ੍ਰਾਂਸਫਰ ਸਰਟੀਫਿਕੇਟ
Punjab

ਹੁਣ ਪ੍ਰਾਈਵੇਟ ਸਕੂਲ ਤੋਂ ਸਰਕਾਰੀ ਸਕੂਲ ‘ਚ ਦਾਖ਼ਲਾ ਲੈਣ ਲਈ ਨਹੀਂ ਦੇਣਾ ਪਵੇਗਾ ਟ੍ਰਾਂਸਫਰ ਸਰਟੀਫਿਕੇਟ

‘ਦ ਖ਼ਾਲਸ ਬਿਊਰੋ :-  ਪੰਜਾਬ ਸਕੂਲ ਸਿੱਖਿਆ ਬੋਰਡ (PSEB) ਦੇ ਮੁੱਖ ਸਕੱਤਰ ਵੱਲੋਂ ਕੱਲ੍ਹ 8 ਸਤੰਬਰ ਨੂੰ ਵਿਦਿਆਰਥੀਆਂ ਲਈ ਸਰਕਾਰੀ ਸਕੂਲਾਂ ਦੇ ਦਾਖ਼ਲਿਆ ਦੀਆਂ ਸ਼ਰਤਾਂ ਨਿਯਮਤ ਕੀਤੀਆਂ ਗਈਆਂ ਹਨ। ਬੋਰਡ ਵੱਲੋਂ ਸਿੱਖਿਆ ਅਧਿਕਾਰੀਆਂ ਤੇ ਸਕੂਲ ਮੁਖੀਆਂ ਨੂੰ ਪੱਤਰ ਜਾਰੀ ਕਰ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਜੇ ਕੋਈ ਵਿਦਿਆਰਥੀ ਪ੍ਰਾਈਵੇਟ ਸਕੂਲ ਤੋਂ ਸਰਕਾਰੀ ਸਕੂਲ ‘ਚ ਦਾਖ਼ਲਾ ਲੈਣਾ ਚਾਹੁੰਦਾ ਹੈ ਤਾਂ ਵਿਦਿਆਰਥੀ ਤੋਂ ਟ੍ਰਾਂਸਫਰ ਸਰਟੀਫਿਕੇਟ ਲੈਣ ਦੀ ਕੋਈ ਜ਼ਰੂਰਤ ਨਹੀਂ ਹੈ। ਸਕੂਲ ਮੁਖੀ ਆਪਣੀ ਤਸੱਲੀ ’ਤੇ ਅਜਿਹੇ ਵਿਦਿਆਰਥੀ ਨੂੰ ਦਾਖ਼ਲਾ ਦੇ ਸਕਦੇ ਹਨ, ਪਰ ਵਿਦਿਆਰਥੀਆਂ ਦੇ ਮਾਪੇ ਸਰਕਾਰੀ ਸਕੂਲ ‘ਚ ਪੜ੍ਹਾਈ ਸਬੰਧੀ ਲਿਖ਼ਤੀ ਰੂਪ ’ਚ ਦੇਣਗੇ। ਪੱਤਰ ’ਚ ਦਰਜ ਹੈ ਕਿ ਬੱਚੇ ਦੇ ਟਰਾਂਸਫਰ ਸਰਟੀਫਿਕੇਟ ਨਾ ਹੋਣ ’ਤੇ ਉਸ ਦੀ ਪ੍ਰੀਖਿਆ ਲੈਣ ਸਬੰਧੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।

ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਕੁੱਝ ਵਿਦਿਆਰਥੀਆਂ ਕੋਲ ਆਪਣਾ ਜਨਮ ਸਰਟੀਫਿਕੇਟ ਨਹੀਂ ਹੈ ਪਰ ਉਹ ਸਕੂਲ ‘ਚ ਦਾਖ਼ਲਾ ਲੈਣਾ ਚਾਹੁੰਦੇ ਹਨ। ਅਜਿਹੇ ਵਿਦਿਆਰਥੀਆਂ ਨੂੰ ਜਨਮ ਸਰਟੀਫਿਕੇਟ ਦੇਣ ਲਈ ਮਜਬੂਰ ਨਹੀਂ ਕੀਤਾ ਜਾਵੇਗਾ ਤੇ ਉਨ੍ਹਾਂ ਦਾ ਦਾਖ਼ਲਾ ਪ੍ਰੋਵਿਜ਼ਨਲ ਆਧਾਰ ’ਤੇ ਕੀਤਾ ਜਾਵੇ।

ਨਿਰਧਾਰਿਤ ਫੀਸ ਹੀ ਵਸੂਲਣ ਦੀ ਹਦਾਇਤ

ਸਿੱਖਿਆ ਵਿਭਾਗ ਨੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਹਦਾਇਤ ਦਿੱਤੀ ਹੈ ਕਿ ਜੇ ਕਿਸੇ ਵੀ ਨਿੱਜੀ ਸਕੂਲ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਰਜਿਸਟਰੇਸ਼ਨ ਫੀਸ ਨਾਲੋਂ ਵੱਧ ਫੀਸ ਵਿਦਿਆਰਥੀਆਂ ਤੋਂ ਵਸੂਲੇ ਜਾਣ ਦਾ ਮਾਮਲਾ ਧਿਆਨ ਵਿੱਚ ਆਉਂਦਾ ਹੈ ਤਾਂ ਇਸ ਦੀ ਰਿਪੋਰਟ ਬੋਰਡ ਦੇ ਚੇਅਰਮੈਨ ਤੇ ਜ਼ਿਲ੍ਹਾ ਨੋਡਲ ਅਫ਼ਸਰ ਨੂੰ ਭੇਜੀ ਜਾਵੇ। ਸ਼ਿਕਾਇਤਾਂ ਆ ਰਹੀਆਂ ਹਨ ਕਿ ਇਸ ਵੇਲੇ ਕਈ ਪ੍ਰਾਈਵੇਟ ਸਕੂਲ ਵੱਧ ਫੀਸ ਵਸੂਲ ਰਹੇ ਹਨ।

Exit mobile version