ਚੰਡੀਗੜ੍ਹ : ਪੰਜਾਬ ਦੇ ਵੱਖ-ਵੱਖ ਵਿਭਾਗਾਂ ਵਿੱਚ ਆਏ ਦਿਨ ਆਧਿਕਾਰੀਆਂ ਵੱਲੋਂ ਰਿਸ਼ਵਤ ਲੈਣ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਨਵੇਂ-ਨਵੇਂ ਤਰੀਕਿਆਂ ਨਾਲ ਰਿਸ਼ਵਤ ਲਈ ਜਾਂਦੀ ਹੈ ਪਰ ਇਸ ਵਾਰ ਰਿਸ਼ਵਤ ਲੈਣ ਦਾ ਜੋ ਕੇਸ ਸਾਹਮਣੇ ਆਇਆ ਹੈ, ਉਹ ਸਭ ਨੂੰ ਹੈਰਾਨ ਕਰ ਦੇਣ ਵਾਲਾ ਹੈ।
ਪਲੇਟਫਾਰਮ ‘ਗੂਗਲ ਪੇ’ ਰਾਹੀਂ ਭ੍ਰਿਸ਼ਟਾਚਾਰ ਦੀ ਖੇਡ
ਦਰਅਸਲ ਪੰਜਾਬ ਦੇ ਵਿੱਤ ਵਿਭਾਗ ਵਿੱਚ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਵੱਡੇ ਪੱਧਰ ’ਤੇ ਹੋਣ ਵਾਲੇ ਤਬਾਦਲਿਆਂ ਸਬੰਧੀ ਇੱਕ ਨਵੀਂ ਖੇਡ ਸਾਹਮਣੇ ਆਈ ਹੈ। ਇਸ ‘ਚ ਆਨਲਾਈਨ ਟ੍ਰਾਂਜੈਕਸ਼ਨ ਪਲੇਟਫਾਰਮ ‘ਗੂਗਲ ਪੇ’ ਰਾਹੀਂ ਭ੍ਰਿਸ਼ਟਾਚਾਰ ਦੀ ਖੇਡ 4 ਸਾਲਾਂ ਤੋਂ ਚੱਲ ਰਹੀ ਸੀ। ਵਿਭਾਗੀ ਜਾਂਚ ਤੋਂ ਪਤਾ ਲੱਗਾ ਹੈ ਕਿ ਟ੍ਰਾਂਸਫਰ ਲਈ ਰਿਸ਼ਵਤ ਗੂਗਲ ਪੇ ਰਾਹੀਂ ਲਈ ਜਾਂਦੀ ਸੀ। ਇਸ ਰਾਹੀਂ ਕਰੀਬ ਇੱਕ ਕਰੋੜ ਰੁਪਏ ਦੇ ਲੈਣ-ਦੇਣ ਦੇ ਸਬੂਤ ਮਿਲੇ ਹਨ।
ਕਾਂਗਰਸ ਸਰਕਾਰ ਵੇਲੇ ਤੋਂ ਹੀ ਚੱਲ ਰਿਹਾ ਸੀ ਕੰਮ
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਵਿਜੀਲੈਂਸ ਬਿਊਰੋ ਨੂੰ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਉੱਚ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸ਼ਨਾਖਤ ਕਰਕੇ ਉਨ੍ਹਾਂ ਖ਼ਿਲਾਫ਼ ਠੋਸ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਸਬੰਧੀ ਸ਼ਿਕਾਇਤ ਮਿਲਣ ਤੋਂ ਬਾਅਦ ਮਾਮਲਾ ਸਾਹਮਣੇ ਆਇਆ ਹੈ। ਜਾਂਚ ‘ਚ ਸਾਹਮਣੇ ਆਇਆ ਹੈ ਕਿ ਗੂਗਲ ਪੇ ਦੇ ਜ਼ਰੀਏ ਰਿਸ਼ਵਤ ਲੈਣ ਦਾ ਇਹ ਸਿਲਸਿਲਾ 4 ਸਾਲ ਪਹਿਲਾਂ ਕਾਂਗਰਸ ਸਰਕਾਰ ਦੇ ਸਮੇਂ ਤੋਂ ਹੀ ਚੱਲ ਰਿਹਾ ਹੈ।
ਚਾਰ ਅਧਿਕਾਰੀ ਅਤੇ ਕਰਮਚਾਰੀ ਜਾਂਚ ਅਧੀਨ ਹਨ
ਰਿਸ਼ਵਤ ਲੈਣ ਵਾਲੇ ਅਫ਼ਸਰਾਂ ਨੇ ਅਜਿਹੇ ਜਾਣਕਾਰਾਂ ਨਾਲ ਸੈਟਿੰਗ ਕੀਤੀ ਹੋਈ ਸੀ, ਜੋ ਪੇਸ਼ ਵਜੋਂ ਦੁਕਾਨਦਾਰ ਸਨ। ਉਨ੍ਹਾਂ ਨੂੰ ਗੂਗਲ ਪੇਅ ‘ਤੇ ਕਿਸ਼ਤਾਂ ਵਿਚ ਰਿਸ਼ਵਤ ਦਾ ਭੁਗਤਾਨ ਕੀਤਾ ਜਾਂਦਾ ਸੀ ਅਤੇ ਅਧਿਕਾਰੀ ਦੁਕਾਨਦਾਰਾਂ ਤੋਂ ਨਕਦ ਲੈਂਦਾ ਸੀ। ਜੇਕਰ ਵੱਖ-ਵੱਖ ਦਿਨਾਂ ‘ਚ ਦੁਕਾਨਦਾਰ ਦੇ ਖਾਤੇ ‘ਚ 20-20 ਹਜ਼ਾਰ ਰੁਪਏ ਜਮ੍ਹਾ ਹੁੰਦੇ ਸਨ ਤਾਂ ਅਧਿਕਾਰੀ ਉਸ ਤੋਂ 35 ਹਜ਼ਾਰ ਦੀ ਨਕਦੀ ਲੈ ਲੈਂਦਾ ਸੀ। ਦੁਕਾਨਦਾਰ ਇਸ ਤੋਂ ਕਮਿਸ਼ਨ ਵੀ ਲੈਂਦਾ ਸੀ।
ਵਿੱਤ ਵਿਭਾਗ ਵਿੱਚ ਤਬਾਦਲੇ ਅਤੇ ਮੁਅੱਤਲੀ ਬਿਨਾਂ ਪੈਸੇ ਤੋਂ ਨਹੀਂ ਹੁੰਦੀ ਸੀ। ਗੂਗਲ ਪੇ ਦਾ ਲੈਣ-ਦੇਣ ਸਾਹਮਣੇ ਵੀ ਨਹੀਂ ਆਉਂਦਾ ਸੀ। ਵਿਜੀਲੈਂਸ ਨੇ ਮੁੱਢਲੀ ਜਾਂਚ ਵਿੱਚ ਅਜਿਹੇ 4 ਅਧਿਕਾਰੀਆਂ ਤੇ ਕਰਮਚਾਰੀਆਂ ਦੇ ਬੈਂਕ ਖਾਤਿਆਂ ਅਤੇ ਗੂਗਲ ਨਾਲ ਕੀਤੇ ਲੈਣ-ਦੇਣ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮਾਂ ਦੇ ਫੋਨ ਰਾਹੀਂ ਉਨ੍ਹਾਂ ਦੇ ਰਿਸ਼ਤੇਦਾਰਾਂ ਅਤੇ ਜਾਣ-ਪਛਾਣ ਵਾਲਿਆਂ ਦੇ ਨੰਬਰ ਲੈ ਕੇ, ਉਨ੍ਹਾਂ ਦੇ ਖਾਤਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
80 ਹਜ਼ਾਰ ਤੋਂ 5 ਲੱਖ ਰੁਪਏ ਤੱਕ ਸੀ ਰੇਟ
ਟਰਾਂਸਫਰ-ਪੋਸਟਿੰਗ ਲਈ 80 ਹਜ਼ਾਰ ਤੋਂ 5 ਲੱਖ ਤੱਕ ਦੀ ਰਿਸ਼ਵਤ ਲਈ ਜਾਂਦੀ ਸੀ। ਵਿਭਾਗ ਨੇ ਕੁਝ ਦਿਨ ਪਹਿਲਾਂ ਹੀ ਵਿਭਾਗ ਦੇ ਸੁਪਰਡੈਂਟ, ਸੀਨੀਅਰ ਸਹਾਇਕ, ਜੂਨੀਅਰ ਸਹਾਇਕ ਅਤੇ ਸੀਨੀਅਰ ਸਹਾਇਕ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ‘ਚ ਵੀ ਟ੍ਰਾਂਜੈਕਸ਼ਨ ਸਿਰਫ ਗੂਗਲ ਪੇ ਰਾਹੀਂ ਹੀ ਕੀਤੀ ਗਈ ਸੀ।
ਵਿੱਤ ਮੰਤਰੀ ਹਰਪਾਲ ਚੀਮਾ ਨੇ ਮੰਨਿਆ ਕਿ ਵਿੱਤ ਵਿਭਾਗ ਵਿੱਚ ਟਰਾਂਸਫਰ-ਪੋਸਟਿੰਗ ਸਬੰਧੀ ਪੈਸੇ ਦਾ ਲੈਣ-ਦੇਣ ਸਾਹਮਣੇ ਆਇਆ ਅਤੇ ਜਾਂਚ ਜਾਰੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਭ੍ਰਿਸ਼ਟਾਚਾਰ ਪਿਛਲੀ ਸਰਕਾਰ ਦੇ ਸਮੇਂ ਤੋਂ ਹੀ ਚੱਲ ਰਿਹਾ ਹੈ।