ਸੜਕੀ ਦੁਰਘਟਨਾਵਾਂ ਭਾਰਤ ਲਈ ਇੱਕ ਵੱਡੀ ਚੁਣੌਤੀ ਹਨ। ਭਾਰਤ ਵਿੱਚ ਹਰ ਘੰਟੇ ਲਗਭਗ 20 ਲੋਕ ਆਪਣੀ ਜਾਨ ਗਵਾਉਂਦੇ ਹਨ ਅਤੇ ਪੰਜਾਬ ਵਿੱਚ ਰੋਜ਼ਾਨਾ ਔਸਤਨ 13 ਲੋਕ ਸੜਕ ਹਾਦਸਿਆਂ ਦਾ ਸ਼ਿਕਾਰ ਬਣਦੇ ਹਨ। ਇਸ ਗੰਭੀਰ ਸਮੱਸਿਆ ਨੂੰ ਹੱਲ ਕਰਨ ਲਈ ਭਾਰਤ ਸਰਕਾਰ ਇੱਕ ਮਹੱਤਵਪੂਰਨ ਤਕਨੀਕ ਲਾਗੂ ਕਰਨ ਜਾ ਰਹੀ ਹੈ, ਜਿਸ ਨਾਲ ਸੜਕ ਦੁਰਘਟਨਾਵਾਂ ਵਿੱਚ ਲਗਭਗ 40 ਫੀਸਦੀ ਤੱਕ ਕਮੀ ਆ ਸਕਦੀ ਹੈ। ਇਹ ਤਕਨੀਕ ਵਾਹਨਾਂ ਲਈ ਇੱਕ ਜੀਵਨਦਾਨ ਵਾਂਗ ਸਾਬਤ ਹੋਵੇਗੀ। ਕੇਂਦਰੀ ਸੜਕ ਅਤੇ ਟਰਾਂਸਪੋਰਟ ਮੰਤਰਾਲੇ ਨੇ ਮੋਟਰ ਵਾਹਨ ਨਿਯਮ 1989 ਵਿੱਚ ਸੋਧ ਕਰਕੇ ਇੱਕ ਡਰਾਫਟ ਤਿਆਰ ਕੀਤਾ ਹੈ, ਜਿਸ ਵਿੱਚ ਵਾਹਨਾਂ ਵਿੱਚ V2V (ਵਹੀਕਲ ਟੂ ਵਹੀਕਲ) ਕਮਿਊਨੀਕੇਸ਼ਨ ਸਿਸਟਮ ਨੂੰ ਲਾਜ਼ਮੀ ਬਣਾਉਣ ਦਾ ਫੈਸਲਾ ਲਿਆ ਗਿਆ ਹੈ।
V2V (ਵਹੀਕਲ ਟੂ ਵਹੀਕਲ) ਕਮਿਊਨੀਕੇਸ਼ਨ ਸਿਸਟਮ
ਇਸ ਤਕਨੀਕ ਤਹਿਤ 1 ਅਕਤੂਬਰ 2027 ਤੋਂ ਨਵੀਆਂ ਗੱਡੀਆਂ ਵਿੱਚ V2V ਸਿਸਟਮ ਲਾਗੂ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ AIS-230 ਮਾਨਕ ਦਾ ਪਾਲਣ ਕਰਨਾ ਪਵੇਗਾ। ਇਹ ਸਿਸਟਮ ਟੂ-ਵ੍ਹੀਲਰ, ਈ-ਸਕੂਟਰ, ਆਟੋ ਰਿਕਸ਼ਾ, ਬੱਸ ਅਤੇ ਟਰੱਕ ਵਰਗੀਆਂ ਸਾਰੀਆਂ ਸ਼੍ਰੇਣੀਆਂ ਦੀਆਂ ਗੱਡੀਆਂ ਵਿੱਚ ਲਾਗੂ ਹੋਵੇਗਾ। V2V ਤਕਨੀਕ ਇੱਕ ਵਾਇਰਲੈੱਸ ਤਕਨਾਲੋਜੀ ਹੈ, ਜਿਸ ਰਾਹੀਂ ਗੱਡੀਆਂ ਆਪਸ ਵਿੱਚ ਆਪਣੀ ਲੋਕੇਸ਼ਨ, ਰਫ਼ਤਾਰ, ਦਿਸ਼ਾ ਅਤੇ ਬ੍ਰੇਕ ਲੱਗਣ ਵਰਗੀ ਰੀਅਲ ਟਾਈਮ ਜਾਣਕਾਰੀ ਸਾਂਝੀ ਕਰ ਸਕਦੀਆਂ ਹਨ। ਇਸ ਲਈ ਇੰਟਰਨੈੱਟ ਦੀ ਲੋੜ ਨਹੀਂ ਪੈਂਦੀ। ਇਸ ਤਕਨੀਕ ਨਾਲ ਗੱਡੀਆਂ ਇੱਕ ਦੂਜੇ ਦੀ ਮੌਜੂਦਗੀ ਬਾਰੇ ਪਹਿਲਾਂ ਹੀ ਜਾਣਕਾਰੀ ਪ੍ਰਾਪਤ ਕਰ ਲੈਂਦੀਆਂ ਹਨ।
ਹਰ V2V ਯੁਕਤ ਵਾਹਨ ਲਗਾਤਾਰ ਬੇਸਿਕ ਸੇਫਟੀ ਮੈਸੇਜ (BSM) ਭੇਜਦਾ ਰਹਿੰਦਾ ਹੈ। ਆਸ-ਪਾਸ ਦੀਆਂ ਗੱਡੀਆਂ ਇਸ ਨੂੰ ਰਿਸੀਵ ਕਰਕੇ ਸੰਭਾਵਿਤ ਟੱਕਰ ਦਾ ਅੰਦਾਜ਼ਾ ਲਗਾਉਂਦੀਆਂ ਹਨ ਅਤੇ ਖ਼ਤਰਾ ਮਹਿਸੂਸ ਹੋਣ ‘ਤੇ ਡਰਾਈਵਰ ਨੂੰ ਤੁਰੰਤ ਅਲਰਟ ਜਾਰੀ ਕਰਦੀਆਂ ਹਨ। ਇਸ ਲਈ ਗੱਡੀਆਂ ਵਿੱਚ ਸੈਂਸਰ, GPS, ਰਾਡਾਰ ਅਤੇ ਕੈਮਰੇ ਵਰਗੀਆਂ ਉਪਕਰਣਾਂ ਦੀ ਲੋੜ ਹੁੰਦੀ ਹੈ। ਇਹ ਉਪਕਰਣ ਵਾਹਨ ਦੀ ਰਫ਼ਤਾਰ, ਦਿਸ਼ਾ ਅਤੇ ਸਥਿਤੀ ਬਾਰੇ ਡਾਟਾ ਇਕੱਠਾ ਕਰਦੇ ਹਨ। ਗੱਡੀ ਹਰ ਸਕਿੰਟ ਵਿੱਚ ਕਈ ਵਾਰ ਆਪਣੀ ਜਾਣਕਾਰੀ ਨੇੜੇ ਚੱਲ ਰਹੀਆਂ ਹੋਰ ਗੱਡੀਆਂ ਨੂੰ ਵਾਇਰਲੈੱਸ ਸਿਗਨਲ ਰਾਹੀਂ ਭੇਜਦੀ ਹੈ। ਰਿਸੀਵਰ ਗੱਡੀਆਂ ਇਸ ਡਾਟਾ ਦਾ ਵਿਸ਼ਲੇਸ਼ਣ ਕਰਕੇ ਖ਼ਤਰੇ ਬਾਰੇ ਫੈਸਲਾ ਲੈਂਦੀਆਂ ਹਨ।
ਜੇਕਰ ਅੱਗੇ ਵਾਲੀ ਗੱਡੀ ਅਚਾਨਕ ਬ੍ਰੇਕ ਲਗਾਵੇ, ਲੇਨ ਬਦਲੇ ਜਾਂ ਟੱਕਰ ਦਾ ਖ਼ਤਰਾ ਬਣੇ ਤਾਂ ਪਿੱਛੇ ਵਾਲੀ ਗੱਡੀ ਦੇ ਡਰਾਈਵਰ ਨੂੰ ਤੁਰੰਤ ਚੇਤਾਵਨੀ ਮਿਲ ਜਾਂਦੀ ਹੈ। ਕੁਝ ਆਧੁਨਿਕ ਵਾਹਨਾਂ ਵਿੱਚ ਸਿਸਟਮ ਆਪਣੇ ਆਪ ਬ੍ਰੇਕ ਵੀ ਲਗਾ ਸਕਦਾ ਹੈ। ਉਦਾਹਰਨ ਵਜੋਂ, ਹਾਈਵੇ ‘ਤੇ 200 ਮੀਟਰ ਅੱਗੇ ਇੱਕ ਗੱਡੀ ਅਚਾਨਕ ਐਮਰਜੈਂਸੀ ਬ੍ਰੇਕ ਲਗਾਵੇ ਤਾਂ V2V ਤਕਨੀਕ ਇਸ ਜਾਣਕਾਰੀ ਨੂੰ ਤੁਹਾਡੀ ਗੱਡੀ ਤੱਕ ਪਹੁੰਚਾ ਦੇਵੇਗੀ ਅਤੇ ਤੁਹਾਨੂੰ ਰਫ਼ਤਾਰ ਘਟਾਉਣ ਲਈ ਚੇਤਾਵਨੀ ਦੇਵੇਗੀ। ਇਸ ਨਾਲ ਹਾਦਸੇ ਦੀ ਸੰਭਾਵਨਾ ਬਹੁਤ ਘੱਟ ਹੋ ਜਾਵੇਗੀ।
ਅਸਾਨ ਸ਼ਬਦਾਂ ਵਿੱਚ V2V ਤਕਨੀਕ ਵਾਹਨਾਂ ਨੂੰ ਇੱਕ-ਦੂਜੇ ਨਾਲ ਗੱਲਬਾਤ ਕਰਨ ਯੋਗ ਬਣਾਉਂਦੀ ਹੈ ਤਾਂ ਜੋ ਉਹ ਖ਼ਤਰਿਆਂ ਬਾਰੇ ਪਹਿਲਾਂ ਹੀ ਜਾਣਕਾਰੀ ਸਾਂਝੀ ਕਰ ਸਕਣ ਅਤੇ ਸੜਕ ਸੁਰੱਖਿਆ ਵਧਾ ਸਕਣ। ਇਸ ਤਕਨੀਕ ਨਾਲ ਬਲਾਇੰਡ ਮੋੜ, ਅੰਨ੍ਹੇ ਚੌਂਕ, ਧੁੰਦ ਵਾਲੇ ਮੌਸਮ, ਟਰੱਕਾਂ ਦੇ ਪਿੱਛੇ ਚੱਲਣ ਵਾਲੀਆਂ ਗੱਡੀਆਂ ਵਿੱਚ ਅਚਾਨਕ ਬ੍ਰੇਕ ਅਤੇ ਵਿਚਾਲੇ ਦੂਰੀ ਦਾ ਅੰਦਾਜ਼ਾ ਲਗਾਉਣ ਵਰਗੀਆਂ ਸਮੱਸਿਆਵਾਂ ਨੂੰ ਬਹੁਤ ਹੱਦ ਤੱਕ ਘਟਾਇਆ ਜਾ ਸਕਦਾ ਹੈ।
ਭਾਰਤ ਵਿੱਚ ਇਸ ਤਕਨੀਕ ਦੀ ਲੋੜ ਇਸ ਲਈ ਵਧੇਰੇ ਮਹੱਤਵਪੂਰਨ ਹੈ ਕਿਉਂਕਿ ਇੱਥੇ ਸੜਕੀ ਦੁਰਘਟਨਾਵਾਂ ਦਾ ਅੰਕੜਾ ਬਹੁਤ ਭਿਆਨਕ ਹੈ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੀ ਤਾਜ਼ਾ ਰਿਪੋਰਟ ਅਨੁਸਾਰ ਸਾਲ 2024 ਵਿੱਚ ਭਾਰਤ ਵਿੱਚ ਕੁੱਲ 4,87,707 ਸੜਕ ਹਾਦਸੇ ਹੋਏ, ਜਿਨ੍ਹਾਂ ਵਿੱਚ 1,77,175 ਲੋਕਾਂ ਨੇ ਆਪਣੀ ਜਾਨ ਗਵਾਈ ਅਤੇ 4,71,000 ਤੋਂ ਵੱਧ ਲੋਕ ਜ਼ਖ਼ਮੀ ਹੋਏ। ਇਸ ਤਰ੍ਹਾਂ ਹਰ ਰੋਜ਼ ਲਗਭਗ 1,336 ਹਾਦਸੇ ਅਤੇ 485 ਮੌਤਾਂ ਹੁੰਦੀਆਂ ਹਨ। ਪੰਜਾਬ ਵਿੱਚ ਵੀ ਰੋਜ਼ਾਨਾ 13 ਲੋਕਾਂ ਦੀ ਮੌਤ ਇਨ੍ਹਾਂ ਹਾਦਸਿਆਂ ਕਾਰਨ ਹੁੰਦੀ ਹੈ ਅਤੇ ਐਮਰਜੈਂਸੀ ਇਲਾਜ ਦੀਆਂ ਕਮੀਆਂ ਵੀ ਵੱਡਾ ਕਾਰਨ ਬਣਦੀਆਂ ਹਨ। ਇਸ ਲਈ V2V ਤਕਨੀਕ ਨੂੰ ਲਾਗੂ ਕਰਨਾ ਇੱਕ ਵਰਦਾਨ ਸਾਬਤ ਹੋ ਸਕਦਾ ਹੈ।
ਪਰ ਇਸ ਤਕਨੀਕ ਨਾਲ ਕੁਝ ਚੁਣੌਤੀਆਂ ਵੀ ਜੁੜੀਆਂ ਹਨ। ਤਕਨੀਕੀ ਮਾਹਿਰਾਂ ਅਨੁਸਾਰ ਵਾਇਰਲੈੱਸ ਸੰਚਾਰ ‘ਤੇ ਆਧਾਰਿਤ ਇਸ ਪ੍ਰਣਾਲੀ ਵਿੱਚ ਸਾਈਬਰ ਸੁਰੱਖਿਆ, ਡਾਟਾ ਚੋਰੀ ਅਤੇ ਲੋਕੇਸ਼ਨ ਟ੍ਰੈਕਿੰਗ ਵਰਗੀਆਂ ਸਮੱਸਿਆਵਾਂ ਆ ਸਕਦੀਆਂ ਹਨ। ਇਸ ਲਈ ਲਾਗੂਕਰਨ ਵੇਲੇ ਮਜ਼ਬੂਤ ਡਾਟਾ ਸੁਰੱਖਿਆ ਅਤੇ ਉੱਚ ਪੱਧਰੀ ਸਾਈਬਰ ਸੁਰੱਖਿਆ ਮਾਪਦੰਡ ਅਪਣਾਉਣਾ ਬਹੁਤ ਜ਼ਰੂਰੀ ਹੈ ਤਾਂ ਜੋ ਵਾਹਨਾਂ ਅਤੇ ਉਨ੍ਹਾਂ ਦੇ ਮਾਲਕਾਂ ਦੀ ਜਾਣਕਾਰੀ ਸੁਰੱਖਿਅਤ ਰਹੇ ਅਤੇ ਕਿਸੇ ਵੀ ਤਰ੍ਹਾਂ ਦਾ ਸਾਈਬਰ ਹਮਲਾ ਰੋਕਿਆ ਜਾ ਸਕੇ।
ਦੁਨੀਆਂ ਭਰ ਵਿੱਚ ਇਹ ਤਕਨੀਕ ਪਹਿਲਾਂ ਹੀ ਵਰਤੀ ਜਾ ਰਹੀ ਹੈ। ਅਮਰੀਕਾ ਵਿੱਚ V2V ਤਕਨਾਲੋਜੀ ਦਾ ਵਿਕਾਸ ਅਤੇ ਟੈਸਟਿੰਗ ਸਭ ਤੋਂ ਅੱਗੇ ਹੈ। ਯੂਰਪ ਵਿੱਚ ਜਰਮਨੀ, ਫਰਾਂਸ ਅਤੇ ਨੀਦਰਲੈਂਡ ਵਰਗੇ ਦੇਸ਼ ਸਮਾਰਟ ਟਰਾਂਸਪੋਰਟ ਸਿਸਟਮ ਵਿੱਚ ਇਸ ਨੂੰ ਅਪਣਾ ਰਹੇ ਹਨ। ਜਾਪਾਨ ਨੇ ਸੜਕ ਸੁਰੱਖਿਆ ਵਧਾਉਣ ਲਈ V2V ਅਤੇ ਹੋਰ ਕਨੈਕਟਿਡ ਕਾਰ ਤਕਨਾਲੋਜੀਆਂ ਨੂੰ ਵਰਤ ਰਿਹਾ ਹੈ। ਚੀਨ ਅਤੇ ਦੱਖਣੀ ਕੋਰੀਆ ਵੀ ਸਮਾਰਟ ਸਿਟੀ ਅਤੇ ਆਟੋਨੋਮਸ ਵਾਹਨ ਪ੍ਰੋਜੈਕਟਾਂ ਵਿੱਚ ਇਸ ਤਕਨੀਕ ਨੂੰ ਤੇਜ਼ੀ ਨਾਲ ਅੱਗੇ ਵਧਾ ਰਹੇ ਹਨ।
ਇਸ ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ V2V ਤਕਨੀਕ ਨਾਲ ਗੱਡੀਆਂ ਵਿਚਾਲੇ ਤਾਲਮੇਲ ਵਧੇਗਾ ਅਤੇ ਡਰਾਈਵਰਾਂ ਨੂੰ ਰੀਅਲ ਟਾਈਮ ਚੇਤਾਵਨੀਆਂ ਮਿਲਣਗੀਆਂ, ਜਿਸ ਨਾਲ ਅਣਜਾਣੇ ਖ਼ਤਰਿਆਂ ਤੋਂ ਬਚਿਆ ਜਾ ਸਕੇਗਾ। ਇਸ ਤੋਂ ਇਲਾਵਾ ਭਵਿੱਖ ਵਿੱਚ V2X (ਵਹੀਕਲ ਟੂ ਐਵਰੀਥਿੰਗ) ਤਕਨੀਕ ਵੀ ਸ਼ਾਮਲ ਹੋ ਸਕਦੀ ਹੈ, ਜਿਸ ਵਿੱਚ ਵਾਹਨ ਟ੍ਰੈਫਿਕ ਲਾਈਟਾਂ, ਰੋਡ ਸਾਈਡ ਯੂਨਿਟਸ ਅਤੇ ਪੈਦਲ ਚੱਲਣ ਵਾਲਿਆਂ ਨਾਲ ਵੀ ਜੁੜ ਸਕਣਗੇ। ਇਸ ਤਰ੍ਹਾਂ ਇੱਕ ਪੂਰੀ ਸਮਾਰਟ ਟਰਾਂਸਪੋਰਟ ਸਿਸਟਮ ਬਣ ਸਕਦਾ ਹੈ।


