‘ਦ ਖ਼ਾਲਸ ਬਿਊਰੋ :- ਪੰਜਾਬ ਕਾਂਗਰਸ ਵਿੱਚ ਹਾਲੇ ਵੀ ਦੋ ਧਿਰਾਂ ਦੀ ਆਪਸੀ ਖਿੱਚ-ਧੂਹ ਦੀ ਧੂਣੀ ਧੁਖ ਰਹੀ ਹੈ। ਨਵਜੋਤ ਸਿੰਘ ਸਿੱਧੂ ਦੇ ਤਾਜਪੋਸ਼ੀ ਸਮਾਗਮ ਤੋਂ ਬਾਅਦ ਉਨ੍ਹਾਂ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਨਾਲ ਕੋਈ ਦੁਆ-ਸਲਾਮ ਨਹੀਂ ਕੀਤੀ। ਸਗੋਂ ਬਦਲਾਖੋਰੀ ਦੀ ਭਾਵਨਾ ਸ਼ੁਰੂ ਹੋ ਗਈ ਹੈ। ਲੰਘੇ ਕੱਲ੍ਹ ਕਾਂਗਰਸ ਦੇ ਇੱਕ ਵਿਧਾਇਕ ਦੇ ਰੇਤ ਕਾਰੋਬਾਰ ਦਾ ਮਾਮਲਾ ਪੁਲਿਸ ਤੱਕ ਪਹੁੰਚ ਗਿਆ ਜਦਕਿ ਅੱਜ ਮੁੱਖ ਮੰਤਰੀ ਦੇ ਨਜ਼ਦੀਕੀ ਦੱਸੇ ਜਾਂਦੇ ਇੱਕ ਮੰਤਰੀ ਦੇ ਸ਼ਰਾਬ ਦੇ ਧੰਦੇ ਦਾ ਮਾਮਲਾ ਉਛਾਲਿਆ ਜਾਣ ਲੱਗਾ ਹੈ।
ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਵੀ ਲੰਘੇ ਕੱਲ੍ਹ ਮੀਡੀਆ ਨਾਲ ਗੱਲਬਾਤ ਕਰਦਿਆਂ ਪੰਜਾਬ ਕਾਂਗਰਸ ਅੰਦਰ ਚੱਲ ਰਹੇ ਆਪਸੀ ਵਿਰੋਧ ਦੀ ਗੱਲ ਮੰਨ ਲਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਤੇ ਪਾਰਟੀ ਪ੍ਰਧਾਨ ਨੂੰ ਨੇੜੇ ਲਿਆਉਣ ਲਈ ਯਤਨ ਕੀਤੇ ਜਾਣਗੇ। ਪਰ ਉਨ੍ਹਾਂ ਨੇ ਨਾਲ ਹੀ ਕਿਹਾ ਕਿ 2022 ਦੀਆਂ ਚੋਣਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਲੜੀਆਂ ਜਾਣਗੀਆਂ। ਨਵਜੋਤ ਸਿੰਘ ਸਿੱਧੂ ਦੀ ਕੱਲ੍ਹ ਚਾਰ ਵਰਕਿੰਗ ਪ੍ਰਧਾਨਾਂ ਸਮੇਤ ਕਾਂਗਰਸ ਦੇ ਦੂਜੇ ਕਈ ਸੀਨੀਅਰ ਨੇਤਾਵਾਂ ਨਾਲ ਚੰਡੀਗੜ੍ਹ ਵਿੱਚ ਮੀਟਿੰਗ ਕਰਕੇ ਮੁੱਖ ਮੰਤਰੀ ਨੂੰ ਮਿਲੇ ਬਗ਼ੈਰ ਚਲੇ ਜਾਣਾ, ਦੋਹਾਂ ਦੇ ਦਿਲਾਂ ਅੰਦਰ ਚੱਲ ਰਹੀ ਦੂਰੀ ਦਾ ਇੱਕ ਵੱਡਾ ਸਬੂਤ ਹੈ।
ਇੱਕ ਵੱਖਰੀ ਜਾਣਕਾਰੀ ਦੇ ਅਨੁਸਾਰ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਫ਼ਿਰੋਜ਼ਪੁਰ ਦੇ ਇੱਕ ਵਿਧਾਇਕ ਅਤੇ ਮੰਤਰੀ ਦੇ ਸ਼ਰਾਬ ਨਾਲ ਜੁੜੇ ਕਾਰੋਬਾਰ ਬਾਰੇ ਮੋਤੀਆਂ ਵਾਲੀ ਸਰਕਾਰ ਨੂੰ ਚਿੱਠੀ ਲਿਖੀ ਹੈ।