ਬਿਉਰੋ ਰਿਪੋਰਟ: ਉੱਤਰੀ ਕੋਰੀਆ ਦੇ ਸ਼ਾਸਕ ਕਿਮ ਜੋਂਗ ਉਨ ਨੇ ’ਚ ਹੜ੍ਹਾਂ ਨੂੰ ਰੋਕਣ ’ਚ ਨਾਕਾਮ ਰਹਿਣ ’ਤੇ 30 ਸਰਕਾਰੀ ਅਧਿਕਾਰੀਆਂ ਨੂੰ ਫਾਂਸੀ ਦੇ ਦਿੱਤੀ ਹੈ। ਕੁਝ ਹੋਰ ਅਧਿਕਾਰੀਆਂ ਨੂੰ ਮੌਤ ਦੀ ਸਜ਼ਾ ਦਾ ਹੁਕਮ ਦਿੱਤਾ ਗਿਆ ਹੈ। ਦੱਸ ਦੇਈਏ ਕਿ ਉੱਤਰੀ ਕੋਰੀਆ ਵਿੱਚ ਹੁਣ ਤੱਕ ਹੜ੍ਹ ਕਾਰਨ 1000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਚਾਂਗਾਂਗ ਸੂਬੇ ਵਿਚ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਸਭ ਤੋਂ ਵੱਧ ਮੌਤਾਂ ਹੋਈਆਂ ਹਨ।
ਚੋਸੁਨ ਟੀਵੀ ਨੇ ਆਪਣੀ ਰਿਪੋਰਟ ਵਿੱਚ ਦਾਅਵਾ ਕੀਤਾ ਹੈ ਕਿ ਉੱਤਰੀ ਕੋਰੀਆ ਦੀ ਸਰਕਾਰ ਨੇ ਉਨ੍ਹਾਂ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਸਹੁੰ ਖਾਧੀ ਹੈ ਜਿਨ੍ਹਾਂ ਉੱਤੇ ਮੌਤਾਂ ਦੀ ਗਿਣਤੀ ਨੂੰ ਰੋਕਣ ਵਿੱਚ ਨਾਕਾਮ ਰਹਿਣ ਦਾ ਇਲਜ਼ਾਮ ਹੈ। ਚੋਸੁਨ ਟੀਵੀ ਨੇ ਉੱਤਰੀ ਕੋਰੀਆ ਦੇ ਇੱਕ ਅਧਿਕਾਰੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜ਼ਿੰਮੇਵਾਰ ਲੋਕਾਂ ਨੂੰ ਸਖ਼ਤ ਸਜ਼ਾ ਦਾ ਸਾਹਮਣਾ ਕਰਨਾ ਪਵੇਗਾ। ਰਿਪੋਰਟ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਪਿਛਲੇ ਮਹੀਨੇ ਦੇ ਅਖੀਰ ਵਿੱਚ ਹੜ੍ਹ ਪ੍ਰਭਾਵਿਤ ਖੇਤਰ ਦੇ 20 ਤੋਂ 30 ਅਧਿਕਾਰੀ ਇਕੱਠੇ ਮਾਰੇ ਗਏ ਸਨ।
ਉੱਤਰੀ ਕੋਰੀਆ ਦੀ ਕੇਂਦਰੀ ਸਮਾਚਾਰ ਏਜੰਸੀ (KCNA) ਨੇ ਰਿਪੋਰਟ ਦਿੱਤੀ ਹੈ ਕਿ ਕਿਮ ਜੋਂਗ ਉਨ ਨੇ ਜੁਲਾਈ ਵਿੱਚ ਚੀਨ ਦੀ ਸਰਹੱਦ ਨੇੜੇ ਚਾਗਾਂਗ ਸੂਬੇ ਵਿੱਚ ਤਬਾਹਕੁਨ ਹੜ੍ਹਾਂ ਤੋਂ ਬਾਅਦ ਅਧਿਕਾਰੀਆਂ ਨੂੰ ਸਖ਼ਤ ਸਜ਼ਾ ਦੇਣ ਦਾ ਹੁਕਮ ਦਿੱਤਾ ਸੀ। ਕੇਸੀਐਨਏ ਦੇ ਅਨੁਸਾਰ, ਸਿਨੁਈਜੂ ਵਿੱਚ ਹੋਈ ਇੱਕ ਐਮਰਜੈਂਸੀ ਪੋਲਿਟ ਬਿਊਰੋ ਦੀ ਮੀਟਿੰਗ ਵਿੱਚ, ਕਿਮ ਜੋਂਗ ਉਨ ਨੇ ਆਪਣੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਉਨ੍ਹਾਂ ਲੋਕਾਂ ਨੂੰ ਸਖ਼ਤ ਸਜ਼ਾ ਦੇਣ ਜੋ ਆਫ਼ਤ ਪ੍ਰਬੰਧਨ ਲਈ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਜ਼ਰਅੰਦਾਜ਼ ਕਰਦੇ ਹਨ।
ਜੁਲਾਈ ਵਿੱਚ, ਉੱਤਰੀ-ਪੱਛਮੀ ਪ੍ਰਾਂਤ ਵਿੱਚ ਭਿਆਨਕ ਹੜ੍ਹ ਆਏ, ਜਿਸ ਨਾਲ ਹਜ਼ਾਰਾਂ ਨਿਵਾਸੀ ਬੇਘਰ ਹੋ ਗਏ ਅਤੇ ਬਹੁਤ ਸਾਰੇ ਮਾਰੇ ਗਏ। ਦੱਖਣੀ ਕੋਰੀਆਈ ਮੀਡੀਆ ਮੁਤਾਬਕ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ 1,000 ਤੋਂ ਵੱਧ ਹੋ ਸਕਦੀ ਹੈ।