The Khalas Tv Blog Punjab ਸੁਮੇਧ ਸੈਣੀ ਵੱਲੋਂ ਪੁਲਿਸ ਨੂੰ ਭੇਜੇ ਗਏ ਮੈਡੀਕਲ ਸਰਟੀਫਿਕੇਟ ਵਿੱਚ ਨਹੀਂ ਹੈ ਹਸਪਤਾਲ ਤੇ ਡਾਕਟਰ ਦਾ ਨਾਂ
Punjab

ਸੁਮੇਧ ਸੈਣੀ ਵੱਲੋਂ ਪੁਲਿਸ ਨੂੰ ਭੇਜੇ ਗਏ ਮੈਡੀਕਲ ਸਰਟੀਫਿਕੇਟ ਵਿੱਚ ਨਹੀਂ ਹੈ ਹਸਪਤਾਲ ਤੇ ਡਾਕਟਰ ਦਾ ਨਾਂ

‘ਦ ਖ਼ਾਲਸ ਬਿਊਰੋ :- ਬਲਵੰਤ ਸਿੰਘ ਮੁਲਤਾਨੀ ਦੇ ਕੇਸ ਦੇ ਚਸ਼ਮਦੀਦ ਗਵਾਹ ਤੇ ਮੁਲਜ਼ਮ ਸਾਬਕਾ DGP ਸੁਮੇਧ ਸੈਣੀ ਨੂੰ ਲੈ ਕੇ ਸਪੈਸ਼ਲ ਪਬਲਿਕ ਪ੍ਰੋਸੀਕਿਊਟਰ (SPP) ਸਰਤੇਜ ਨਰੂਲਾ ਨੇ ਕਿਹਾ ਹੈ ਕਿ ਸੁਮੇਧ ਸੈਣੀ ਕੇਸ ਵਿੱਚ ਸਹਿਯੋਗ ਨਹੀਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ 2 ਦਿਨ ਪਹਿਲਾਂ ਜਦੋਂ ਸੈਣੀ ਨੂੰ ਬੁਲਾਇਆ ਗਿਆ ਸੀ, ਤਦ ਵੀ ਸੈਣੀ ਵੱਲੋਂ ਕੋਈ ਜਵਾਬ ਸਹੀ ਤਰ੍ਹਾਂ ਨਹੀਂ ਦਿੱਤਾ ਗਿਆ ਸੀ।

ਸੈਣੀ ਨੂੰ ਅੱਜ ਜਦੋਂ SIT ਵੱਲੋਂ ਤੀਜਾ ਨੋਟਿਸ ਦੇ ਕੇ ਮਟੌਰ ਥਾਣੇ ਦੁਬਾਰਾ ਬੁਲਾਇਆ ਗਿਆ ਤਾਂ ਉਸ ਨੇ ਸਿਹਤ ਖਰਾਬ ਹੋਣ ਦਾ ਆਖ ਕੇ ਪੇਸ਼ ਹੋਣ ਤੋਂ ਨਾਂਹ ਕਰ ਦਿੱਤੀ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਉਸ ਦੇ ਵਕੀਲ ਦੁਆਰਾ ਭੇਜੇ ਗਏ ਮੈਡੀਕਲ ਸਰਟੀਫਿਕੇਟ ‘ਤੇ ਨਾ ਤਾਂ ਸੈਣੀ ਦੇ ਦਸਤਖਤ ਸਨ, ਨਾ ਹੀ ਹਸਪਤਾਲ, ਨਾ ਹੀ ਡਾਕਟਰ ਦਾ ਨਾਮ, ਅਤੇ ਨਾ ਹੀ ਸੈਣੀ ਦਾ ਪਤਾ ਲਿਖਿਆ ਹੋਇਆ ਸੀ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਵਿੱਚ 5 ਅਕਤੂਬਰ ਨੂੰ ਜਵਾਬ ਦੇਣਾ ਹੈ ਕਿ ਸੈਣੀ ਨੇ ਜਾਂਚ ਵਿੱਚ ਕਿੰਨਾ ਸਮਰਥਨ ਦਿੱਤਾ।

ਦੱਸਣਯੋਗ ਹੈ ਕਿ ਸੁਮੇਧ ਸੈਣੀ ਨੂੰ ਅੱਜ ਮਟੌਰ ਥਾਣੇ ਵਿੱਚ ਸਿੱਟ ਅੱਗੇ ਪੇਸ਼ ਨਹੀਂ ਹੋਏ। ਮੁਹਾਲੀ ਪੁਲਿਸ ਨੇ ਬੀਤੇ ਦਿਨੀਂ ਸੈਣੀ ਨੂੰ ਤੀਜਾ ਨੋਟਿਸ ਜਾਰੀ ਕਰਕੇ ਜਾਂਚ ਵਿੱਚ ਸ਼ਾਮਲ ਹੋਣ ਲਈ ਮਟੌਰ ਥਾਣੇ ਵਿੱਚ ਸਵੇਰੇ 11 ਵਜੇ ਸੱਦਿਆ ਗਿਆ ਸੀ, ਪਰ ਉਹ ਦੁਪਹਿਰ 12 ਵਜੇ ਸਿੱਟ ਕੋਲ ਪੇਸ਼ ਨਹੀਂ ਹੋਇਆ। ਸੈਣੀ ਨੇ ਵਕੀਲ ਰਾਹੀਂ ਮੁਹਾਲੀ ਪੁਲਿਸ ਨੂੰ ਈ-ਮੇਲ ‘ਤੇ ਮੈਡੀਕਲ ਭੇਜਦਿਆਂ ਕਿਹਾ ਹੈ ਕਿ ਉਹ ਬਿਮਾਰ ਹੋਣ ਕਾਰਨ ਮਟੌਰ ਥਾਣੇ ਵਿੱਚ ਪੇਸ਼ ਨਹੀਂ ਹੋ ਸਕਦਾ। ਸੈਣੀ ਨੇ ਆਪਣੀ ਲੱਤ ਵਿੱਚ ਦਰਦ ਹੋਣ ਬਾਰੇ ਕਿਹਾ ਹੈ।

ਦੱਸ ਦਈਏ ਕਿ ਬਲਵੰਤ ਸਿੰਘ ਮੁਲਤਾਨੀ ਮਾਮਲੇ ‘ਚ ਸੋਮਵਾਰ ਨੂੰ ਸਿੱਟ ਅੱਗੇ ਪੇਸ਼ ਹੋਏ ਸੁਮੇਧ ਸੈਣੀ ਦੇ ਜਵਾਬਾਂ ਤੋਂ ਸੰਤੁਸ਼ਟ ਨਾ ਹੋਣ ਕਾਰਨ ਸਿੱਟ ਵਲੋਂ ਅੱਜ 30 ਸਤੰਬਰ ਨੂੰ ਸੁਮੇਧ ਸੈਣੀ ਨੂੰ ਮੁੜ 11 ਵਜੇ ਥਾਣਾ ਮਟੌਰ ਵਿਖੇ ਸੱਦਿਆ ਗਿਆ ਸੀ। ਐਸ.ਆਈ.ਟੀ. ਵਲੋਂ ਜਾਂਚ ‘ਚ ਮੁੜ ਸ਼ਾਮਲ ਹੋਣ ਲਈ ਸੁਮੇਧ ਸੈਣੀ ਦੇ ਵਕੀਲ ਨੂੰ ਨੋਟਿਸ ਭੇਜਿਆ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਿੱਟ ਵਲੋਂ ਜਦੋਂ ਸੁਮੇਧ ਸੈਣੀ ਨੂੰ ਬਲਵੰਤ ਸਿੰਘ ਮੁਲਤਾਨੀ ਅਤੇ ਵਾਅਦਾ ਮੁਆਫ਼ ਗਵਾਹਾਂ ਤੋਂ ਇਲਾਵਾ ਨਿੱਜੀ ਗਵਾਹਾਂ ਬਾਰੇ ਸਵਾਲ ਪੁੱਛੇ ਗਏ ਪਰ ਸੁਮੇਧ ਸੈਣੀ ਵਲੋਂ ਜ਼ਿਆਦਾਤਰ ਗੋਲ-ਮੋਲ ਜਵਾਬ ਦਿੱਤੇ ਗਏ।

Exit mobile version