The Khalas Tv Blog Punjab ਪੰਜਾਬ ਦੇ ਮੰਤਰੀਆਂ ਅਤੇ ਉੱਚ ਅਫ਼ਸਰਾਂ ‘ਤੇ ਚੱਲ ਰਹੀ ਹੈ ਸਾੜ੍ਹਸਤੀ
Punjab

ਪੰਜਾਬ ਦੇ ਮੰਤਰੀਆਂ ਅਤੇ ਉੱਚ ਅਫ਼ਸਰਾਂ ‘ਤੇ ਚੱਲ ਰਹੀ ਹੈ ਸਾੜ੍ਹਸਤੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿੱਚ ਇਸ ਸਮੇਂ ਸਿਆਸੀ ਲੀਡਰਾਂ, ਸਾਬਕਾ ਮੰਤਰੀਆਂ ਅਤੇ ਆਈਪੀਐੱਸ ਅਤੇ ਆਈਏਐੱਸ ਅਫ਼ਸਰਾਂ ਉੱਤੇ ਸਾੜ੍ਹਸਤੀ ਚੱਲ ਰਹੀ ਹੈ। ਪਰ ਅੱਜ ਦਾ ਦਿਨ ਦੋ ਮੰਤਰੀਆਂ ਲਈ ਕੁੱਝ ਜ਼ਿਆਦਾ ਹੀ ਭਾਰੂ ਰਿਹਾ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਾਬਕਾ ਖੁਰਾਕ ਅਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਰਾਹਤ ਅਤੇ ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਜ਼ਮਾਨਤ ਦੇਣ ਤੋਂ ਨਾਂਹ ਕਰ ਦਿੱਤੀ ਹੈ। ਪੰਜਾਬ ਸਰਕਾਰ ਦੇ ਸੀਨੀਅਰ ਆਈਏਐੱਸ ਅਧਿਕਾਰੀ ਸੰਜੇ ਪੋਪਲੀ ਦਾ ਚਾਰ ਦਿਨਾਂ ਪੁਲਿਸ ਰਿਮਾਂਡ ਦਿੱਤਾ ਗਿਆ ਹੈ। ਬੀਤੀ ਰਾਤ ਉਨ੍ਹਾਂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਫੜਿਆ ਗਿਆ ਸੀ। ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਪਿਛਲੇ ਕਈ ਦਿਨਾਂ ਤੋਂ ਜੇਲ੍ਹ ਦੇ ਭੁੱਜੇ ਚਨੇ ਖਾ ਰਹੇ ਹਨ ਪਰ ਪੁਲਿਸ ਹਾਲੇ ਵੀ ਉਹਨਾਂ ਦਾ ਖਹਿੜਾ ਨਹੀਂ ਛੱਡ ਰਹੀ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਇੱਕ ਮਹਿਲਾ ਜੱਜ ਦੀ ਬੇਟੀ ਨੂੰ ਕਤਲ ਦੇ ਕੇਸ ਵਿੱਚ ਜੇਲ੍ਹ ਭੇਜ ਦਿੱਤਾ ਗਿਆ ਹੈ।

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ਦੀ ਜ਼ਮਾਨਤ ਦੀ ਅਰਜ਼ੀ ਖਾਰਜ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਮੁਹਾਲੀ ਜਿਲ੍ਹਾ ਕੋਰਟ ਨੇ ਜ਼ਮਾਨਤ ਦੇਣ ਤੋਂ ਨਾਂਹ ਕਰ ਦਿੱਤੀ ਸੀ। ਉਹ ਰੋਪੜ ਜੇਲ੍ਹ ਵਿੱਚ ਬੰਦ ਹਨ। ਮੁਲਜ਼ਮ ਦੇ ਵਕੀਲ ਨੇ ਅਦਾਲਤ ਮੂਹਰੇ ਜ਼ਮਾਨਤ ਲਈ ਦਲੀਲਾਂ ਤਾਂ ਰੱਖੀਆਂ ਪਰ ਅਦਾਲਤ ਨੇ ਇਹ ਕਹਿ ਕੇ ਅਪੀਲ ਰੱਦ ਕਰ ਦਿੱਤੀ ਕਿ ਸਰਕਾਰ ਦਾ ਪੱਖ ਸੁਣੇ ਬਿਨਾਂ ਕੋਈ ਫੈਸਲਾ ਨਹੀਂ ਸੁਣਾਇਆ ਨਹੀਂ ਜਾ ਸਕਦਾ।

ਸਾਬਕਾ ਸਿਹਤ ਮੰਤਰੀ ਡਾ.ਵਿਜੇ ਸਿੰਗਲਾ

ਪੰਜਾਬ ਦੇ ਸਾਬਕਾ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਵੱਲੋਂ ਪਾਈ ਗਈ ਪਟੀਸ਼ਨ ਉੱਤੇ ਅੱਜ ਹਾਈਕੋਰਟ ਨੇ ਸੁਣਵਾਈ ਕਰਦਿਆਂ ਕਿਸੇ ਵੀ ਤਰ੍ਹਾਂ ਦੀ ਕੋਈ ਰਾਹਤ ਨਹੀਂ ਦਿੱਤੀ। ਪਟੀਸ਼ਨਰ ਨੇ ਅਦਾਲਤ ਵਿੱਚ ਇੱਕ ਅਰਜ਼ੀ ਦੇ ਕੇ ਡਰ ਪ੍ਰਗਟ ਕੀਤਾ ਸੀ ਕਿ ਉਸਨੂੰ ਝੂਠੇ ਕੇਸ ਵਿੱਚ ਫਸਾ ਕੇ ਗ੍ਰਿਫਤਾਰ ਕੀਤਾ ਜਾ ਸਕਦਾ ਹੈ, ਇਸ ਲਈ ਸੱਦਣ ਤੋਂ ਪਹਿਲਾਂ ਇੱਕ ਹਫ਼ਤੇ ਦਾ ਨੋਟਿਸ ਦਿੱਤਾ ਜਾਣਾ ਜ਼ਰੂਰੀ ਹੈ। ਅਦਾਲਤ ਨੇ ਕੇਸ ਦੀ ਸੁਣਵਾਈ ਛੇ ਜੁਲਾਈ ਲਈ ਮੁਕੱਰਰ ਕਰ ਦਿੱਤੀ ਹੈ।

ਭਾਰਤ ਭੂਸ਼ਣ ਆਸ਼ੂ

ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ। ਸੋਮਵਾਰ ਨੂੰ ਵਿਜੀਲੈਂਸ ਬਿਊਰੋ ਦੇ ਫਤਿਹਗੜ੍ਹ ਸਾਹਿਬ ਦੇ ਇੰਚਾਰਜ ਇੰਸਪੈਕਟਰ ਪ੍ਰਿਤਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਧਰਮਸੋਤ ਦੀ ਜਾਇਦਾਦ ਦਾ ਜਾਇਜ਼ਾ ਲੈਣ ਲਈ ਉਨ੍ਹਾਂ ਦੇ ਘਰ ਦੀ ਮਿਣਤੀ ਕੀਤੀ ਗਈ । ਸੰਧੂ ਨੇ ਦੱਸਿਆ ਕਿ ਜਾਇਦਾਦ ਦੀ ਅਸੈਸਮੈਂਟ ਲਈ ਮਿਣਤੀ ਕੀਤੀ ਜਾ ਰਹੀ ਹੈ।

ਸਾਧੂ ਸਿੰਘ ਧਰਮਸੋਤ

ਮੁਹਾਲੀ ਦੀ ਇੱਕ ਅਦਾਲਤ ਨੇ ਪੰਜਾਬ ਦੇ ਆਈਏਐੱਸ ਅਧਿਕਾਰੀ ਸੰਜੇ ਪੋਪਲੀ ਦਾ ਚਾਰ ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ ਹੈ। ਮੁਲਜ਼ਮ ਨੂੰ ਨਵਾਂਸ਼ਹਿਰ ਵਿਖੇ ਸੀਵਰੇਜ ਪਾਈਪਲਾਈਨ ਪਾਉਣ ਦੇ ਟੈਂਡਰਾਂ ਨੂੰ ਮਨਜ਼ੂਰੀ ਦੇਣ ਲਈ ਕਥਿਤ ਤੌਰ ਉੱਤੇ ਇੱਕ ਫ਼ੀਸਦੀ ਰਿਸ਼ਵਤ ਮੰਗਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਉਸਦੇ ਸਾਥੀ ਅਤੇ ਵਿਭਾਗ ਦੇ ਸੁਪਰਡੈਂਟ ਸੰਦੀਪ ਵੱਤਸ ਨੂੰ ਵੀ ਜਲੰਧਰ ਤੋਂ ਕਾਬੂ ਕਰ ਲਿਆ ਗਿਆ ਸੀ। ਮੁੱਖ ਮੰਤਰੀ ਦੇ ਅਹੁਦਾ ਸੰਭਾਲਣ ਤੋਂ ਬਾਅਦ ਉਨ੍ਹਾਂ ਵੱਲੋਂ ਸ਼ੁਰੂ ਕੀਤੀ ਹੈਲਪਲਾਈਨ ਨੰਬਰ 9501200200 ਉੱਤੇ ਇਹ ਸ਼ਿਕਾਇਤ ਮਿਲੀ ਸੀ, ਜਿਸਦੀ ਜਾਂਚ ਕਰਨ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ।

ਆਈਏਐੱਸ ਅਧਿਕਾਰੀ ਸੰਜੇ ਪੋਪਲੀ

ਇਸੇ ਦੌਰਾਨ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਇੱਕ ਸਾਬਕਾ ਜੱਜ ਦੀ ਬੇਟੀ ਨੂੰ ਵੀ ਅਦਾਲਤ ਨੇ ਜੇਲ੍ਹ ਭੇਜ ਦਿੱਤਾ ਹੈ। ਅਦਾਲਤ ਵੱਲੋਂ ਉਸਦਾ 14 ਦਿਨ ਦਾ ਨਿਆਂਇਕ ਰਿਮਾਂਡ ਦਿੱਤਾ ਗਿਆ ਹੈ। ਪਿਛਲੇ ਦਿਨੀਂ ਉਸਨੂੰ ਸੈਕਟਰ 27 ਵਿੱਚ 29 ਸਾਲ ਪਹਿਲਾਂ ਹੋਏ ਕਤਲ ਕੇਸ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।

Exit mobile version