ਕੇਂਦਰੀ ਕੈਬਨਿਟ ਮੰਤਰੀ ਮਨੋਹਰ ਲਾਲ ਖੱਟਰ ਨੇ ਡਿਪੋਰਟ ਕੀਤੇ ਭਾਰਤੀਆਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਖੱਟਰ ਨੇ ਕਿਹਾ ਕਿ ਡੋਂਕੀ ਲਗਾਕੇ ਅਮਰੀਕਾ ਗਏ ਨੌਜਵਾਨਾਂ ਦੀ ਵਤਨ ਵਾਪਸੀ ’ਤੇ ਉਹਨਾਂ ਨਾਲ ਹਮਦਰਦੀ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ।
ਮੀਡੀਆ ਨਾਲ ਗੱਲਬਾਤ ਕਰਦਿਆਂ ਖੱਟਰ ਨੇ ਕਿਹਾ ਕਿ ਡੋਂਕੀ ਰੂਟ ਲਗਾ ਕੇ ਜਾਣ ਵਾਲਿਆਂ ਨੂੰ ਪਤਾ ਹੈ ਕਿ ਉਹਨਾਂ ਨੇ ਗੈਰ ਕਾਨੂੰਨੀ ਕੰਮ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ ਜਦੋਂ ਅਸੀਂ ਆਪਣੇ ਮੁਲਕ ਵਿਚ ਕਿਸੇ ਦਾ ਗੈਰ ਕਾਨੂੰਨੀ ਦਾਖਲਾ ਬਰਦਾਸ਼ਤ ਨਹੀਂ ਕਰਦੇ ਤਾਂ ਕੋਈ ਸਾਡਾ ਦਾਖਲਾ ਕਿਵੇਂ ਬਰਦਾਸ਼ਤ ਕਰੇਗਾ। ਇਕ ਸਵਾਲ ਦੇ ਜਵਾਬ ਵਿਚ ਕੇਂਦਰੀ ਮੰਤਰੀ ਨੇ ਇਹ ਵੀ ਕਿਹਾ ਕਿ ਭਾਵੇਂ ਹੱਥਕੜੀਆਂ ਲਗਾ ਕੇ ਹੀ ਸਹੀ,ਅਮਰੀਕਾ ਵਾਲੇ ਸਾਡੇ ਨੌਜਵਾਨਾਂ ਨੂੰ ਵਾਪਸ ਤਾਂ ਛੱਡ ਗਏ।
ਉਨ੍ਹਾਂ ਕਿਹਾ ਕਿ ਡੰਕੀ ਲਾ ਕੇ ਵੀ ਕਿਸੇ ਦੇਸ਼ ਵਿਚ ਜਾਣਾ ਨਸ਼ਿਆਂ ਵਰਗੀ ਖ਼ਤਰਨਾਕ ਬੀਮਾਰੀ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਅਮਰੀਕਾ ਨੇ ਭਾਰਤੀਆਂ ਨਾਲ ਅਣਮਨੁੱਖੀ ਵਿਵਹਾਰ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਹਰ ਇਕ ਦੇਸ਼ ਦਾ ਆਪਣਾ ਕਾਨੂੰਨ ਹੁੰਦਾ ਹੈ ਤੇ ਡੰਕੀ ਲਗਾ ਕੇ ਜਾਣ ਵਾਲੇ ਲੋਕ ਉਸ ਦੇਸ਼ ਦੇ ਅਪਰਾਧੀ ਹੁੰਦੇ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਉਨ੍ਹਾਂ ਲੋਕਾਂ ਨੂੰ ਛੱਡ ਤਾਂ ਗਿਆ ਭਾਵੇਂ ਕਿਵੇਂ ਵੀ ਛੱਡ ਕੇ ਗਿਆ। ਇਸ ਬਾਰੇ ਜ਼ਿਆਦਾ ਚਰਚਾ ਨਹੀਂ ਹੋਣੀ ਚਾਹੀਦੀ।