ਬਿਉਰੋ ਰਿਪੋਰਟ : ਜਲੰਧਰ ਦੇ ਪਿੰਡ ਲੰਬਾ ਵਿੱਚ Women Friendly ਠੇਕਾ ਖੋਲਿਆ ਗਿਆ ਸੀ ਜਿਸ ਨੂੰ ਲੈਕੇ ਕਾਂਗਰਸ ਅਤੇ ਬੀਜੇਪੀ ਨੇ ਸਵਾਲ ਚੁੱਕੇ ਸਨ । ਹੁਣ ਇਸ ‘ਤੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦਾ ਵੀ ਬਿਆਨ ਸਾਹਮਣੇ ਆਇਆ ਹੈ ।
ਸਭ ਤੋਂ ਪਹਿਲਾਂ ਵਿਵਾਦ ਹੋਣ ‘ਤੇ ਠੇਕੇ ਤੋਂ ਵੂਮੈਨ ਫਰੈਂਡਲੀ ਸ਼ਬਦ ਨੂੰ ਹਟਾ ਦਿੱਤਾ ਗਿਆ ਹੈ । ਪਰ ਇਸ ਦੇ ਬਾਵਜੂਦ ਹਰਪਾਲ ਚੀਮਾ ਨੇ ਇਸ ਮਾਮਲੇ ਦੀ ਜਾਂਚ ਕਰਵਾਉਣ ਦੀ ਗੱਲ ਕਹੀ ਹੈ । ਉਨ੍ਹਾਂ ਨੇ ਕਿਹਾ ਇਹ ਸਰਕਾਰ ਦੀ ਪਾਲਿਸੀ ਦਾ ਹਿੱਸਾ ਨਹੀਂ ਹੈ । ਐਕਸਾਇਜ਼ ਪਾਲਿਸੀ ਵਿੱਚ ਔਰਤਾਂ ਦੇ ਲਈ ਵੱਖ ਤੋਂ ਠੇਕਾ ਖੋਲਣ ਦੀ ਕੋਈ ਪਾਲਿਸੀ ਨਹੀਂ ਹੈ । ਉਨ੍ਹਾਂ ਕਿਹਾ ਸਰਕਾਰ ਜਲੰਧਰ ਦੇ ਪਿੰਡ ਲੰਬਾ ਵਿੱਚ ਖੁੱਲੇ ਵੂਮੈਨ ਫਰੈਂਡਲੀ ਸ਼ਰਾਬ ਦੇ ਠੇਕੇ ਦੀ ਜਾਂਚ ਕਰਵਾਏਗੀ ।
ਉਧਰ ਇਸ ਮਾਮਲੇ ਵਿੱਚ ਐਕਸਾਇਜ਼ ਵਿਭਾਗ ਜਲੰਧਰ ਜ਼ੋਨ ਦੇ ਡਿਪਟੀ ਕਮਿਸ਼ਨਰ ਪਰਮਜੀਤ ਸਿੰਘ ਨੇ ਦੱਸਿਆ ਕਿ ਬਿਨਾਂ ਵਜ੍ਹਾਂ ਇਸ ਮਾਮਲੇ ਨੂੰ ਵਧਾਇਆ ਗਿਆ ਹੈ ਕਿਉਂਕਿ ਕੋਈ ਵੀ ਪ੍ਰਪੋਜ਼ਲ ਸਾਡੀ ਪਾਲਿਸੀ ਵਿੱਚ ਨਹੀਂ ਹੈ ਨਾ ਹੀ ਸਰਕਾਰ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਸਨ । ਮਾਡਲ ਸ਼ਾਪ ਹੈ ਜਿਸ ਵਿੱਚ ਮਹਿੰਗੇ ਬਰੈਡ ਰੱਖੇ ਜਾਂਦੇ ਹਨ । ਉੱਥੇ ਕੋਈ ਵੀ ਸ਼ਖਸ ਸ਼ਰਾਬ ਖਰੀਦ ਸਕਦਾ ਹੈ, ਇਸ ਦੇ ਅੰਦਰ ਸ਼ਰਾਬ ਪੀਣ ਦੀ ਸੁਵਿਧਾ ਨਹੀਂ ਹੈ । ਉਨ੍ਹਾਂ ਦੱਸਿਆ ਵੂਮਲ ਫਰੈਂਡਲੀ ਸ਼ਬਦ ਨੂੰ ਫੌਰਨ ਹਟਾ ਦਿੱਤਾ ਗਿਆ ਹੈ ।
ਰਾਜਾ ਵੜਿੰਗ ਨੇ ਫੋਟੋ ਪੋਸਟ ਕਰਕੇ ਸਵਾਲ ਚੁੱਕੇ ਸਨ
ਰਾਜਾ ਵੜਿੰਗ ਨੇ ਕਿਹਾ ਸੀ ਮਾਨ ਸਰਕਾਰ ਨੇ ਤਿੰਨ ਮਹੀਨੇ ਦੇ ਅੰਦਰ ਪੰਜਾਬ ਵਿੱਚ ਨਸ਼ਾ ਮੁਕਤ ਕਰਨ ਦਾ ਵਾਅਦਾ ਕੀਤਾ ਸੀ ਪਰ ਇਹ ਔਰਤਾਂ ਨੂੰ ਹੀ ਸ਼ਰਾਬ ਦਾ ਆਦੀ ਬਣਾਉਣ ਦੀ ਤਿਆਰੀ ਕਰ ਰਹੇ ਹਨ । ਨਸ਼ਾ ਪਹਿਲਾਂ ਹੀ ਪੰਜਾਬ ਦੀਆਂ ਕਈ ਪੀੜੀਆਂ ਨੂੰ ਬਰਬਾਦ ਕਰ ਚੁੱਕਾ ਹੈ । ਵੜਿੰਗ ਨੇ ਪੁੱਛਿਆ ਸੀ ਕਿ ਹੁਣ ਔਰਤਾਂ ਲਈ ਸ਼ਰਾਬ ਦੇ ਠੇਕੇ ਖੋਲ ਕੇ ਭਗਵੰਤ ਮਾਨ ਕੀ ਕਰਨਾ ਚਾਹੁੰਦੇ ਹਨ ? ਉਨ੍ਹਾਂ ਨੇ ਪੁੱਛਿਆ ਕੀ ਇਹ ਹੀ ਬਦਲਾਅ ਦਾ ਨਵਾਂ ਅਤੇ ਭਿਆਨਕ ਰੂਪ ਹੈ । ਜਿਸ ਦੇ ਖਤਰਨਾਕ ਨਤੀਜੇ ਸਾਹਮਣੇ ਆਉਣਗੇ ।
ਬੀਜੇਪੀ ਨੇ ਵੀ ਸੀਐੱਮ ਮਾਨ ਨੂੰ ਘੇਰਿਆ ਸੀ
ਪੰਜਾਬ ਬੀਜੇਪੀ ਨੇ ਕਿਹਾ ਸੀ CM ਭਗਵੰਤ ਮਾਨ ਦਾ ਸ਼ਰਾਬ ਦੇ ਵੱਲ ਜਿਹੜਾ ਝੁਕਾਅ ਹੈ ਉਹ ਹੁਣ ਜਗਜਾਹਿਰ ਹੋ ਗਿਆ ਹੈ । ਪੰਜਾਬ ਬੀਜੇਪੀ ਸੂਬਾ ਮੀਡੀਆ ਇੰਚਾਰਜ ਜਨਾਦਨ ਸ਼ਰਮਾ ਨੇ ਕਿਹਾ ਪੰਜਾਬ ਪਹਿਲਾਂ ਹੀ ਨਸ਼ੇ ਵਿੱਚ ਫਸਿਆ ਸੀ ਪਰ ਰਹੀ ਸਹੀ ਕਸਰ ਆਪ ਸਰਕਾਰ ਨੇ ਔਰਤਾਂ ਦੇ ਲਈ ਸ਼ਰਾਬ ਦੇ ਠੇਕੇ ਖੋਲ ਕੇ ਪੂਰੀ ਕਰ ਦਿੱਤੀ ਹੈ ਜਦਕਿ ਨਸ਼ੇ ਨੇ ਲੋਕਾਂ ਨੂੰ ਬਰਬਾਦ ਕਰ ਦਿੱਤਾ ਹੈ ਅਤੇ ਸੂਬਾ ਸਰਕਾਰ ਹੁਣ ਲੋਕਾਂ ਦੇ ਘਰ ਬਰਬਾਦ ਕਰਨ ‘ਤੇ ਲੱਗੀ ਹੈ ।