The Khalas Tv Blog India ਹਰਿਆਣਾ ਵਿੱਚ ਲਾਕਡਾਊਨ ਲਾਉਣ ਦਾ ਨਹੀਂ ਹੈ ਕੋਈ ਵਿਚਾਰ – ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ
India

ਹਰਿਆਣਾ ਵਿੱਚ ਲਾਕਡਾਊਨ ਲਾਉਣ ਦਾ ਨਹੀਂ ਹੈ ਕੋਈ ਵਿਚਾਰ – ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ

‘ਦ ਖ਼ਾਲਸ ਬਿਊਰੋ :- ਕੋਰੋਨਾ ਵਾਇਰਸ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਸੂਬਾ ਸਰਕਾਰਾਂ ਵੱਲੋਂ ਕਈ ਠੋਸ ਕਦਮ ਚੁੱਕੇ ਜਾ ਰਹੇ ਹਨ। ਹਰਿਆਣਾ ਵਿੱਚ ਵੀ ਕੋਰੋਨਾ ਦੇ ਕਈ ਕੇਸ ਸਾਹਮਣੇ ਆਏ ਹਨ ਪਰ ਹਰਿਆਣਾ ਸਰਕਾਰ ਵੱਲੋਂ ਹਾਲੇ ਲਾਕਡਾਊਨ ਜਾਂ ਰਾਤ ਦਾ ਕਰਫਿਊ ਲਾਉਣ ਸਬੰਧੀ ਕੋਈ ਫੈਸਲਾ ਨਹੀਂ ਲਿਆ ਗਿਆ। ਸੂਬੇ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਨੇ ਕੋਰੋਨਾ ਇਨਫੈਕਸ਼ਨ ਸਬੰਧੀ ਸੂਬੇ ਦੇ ਸਮੂਹ ਡਿਪਟੀ ਕਮਿਸ਼ਨਰਾਂ, ਸਿਵਲ ਸਰਜਨਾਂ ਅਤੇ ਚੋਟੀ ਦੇ ਪੁਲਿਸ ਅਧਿਕਾਰੀਆਂ ਨਾਲ ਇੱਕ ਮੀਟਿੰਗ ਕੀਤੀ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਵੀ ਵੀਡੀਓ ਕਾਨਫਰੰਸ ਰਾਹੀਂ ਇਸ ਮੀਟਿੰਗ ਵਿੱਚ ਮੌਜੂਦ ਹੋਏ।

ਸੂਬੇ ਵਿੱਚ ਫੈਲ ਰਹੀ ਕੋਰੋਨਾ ਦੀ ਦੂਜੀ ਲਹਿਰ ਨੂੰ ਲੈ ਕੇ ਹੋਈ ਇਸ ਬੈਠਕ ਵਿੱਚ ਗ੍ਰਹਿ ਮੰਤਰੀ ਅਨਿਲ ਵਿਜ ਨੇ ਸਾਰੇ ਅਧਿਕਾਰੀਆਂ ਨੂੰ ਸੂਬੇ ਵਿੱਚ ਸਖਤੀ ਵਧਾਉਣ ਦੀ ਹਦਾਇਤ ਕੀਤੀ। ਵਿਜ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੇ ਲੌਕਡਾਊਨ ਜਾਂ ਰਾਤ ਦੇ ਕਰਫਿਊ ਦੇ ਹੱਕ ਵਿੱਚ ਨਹੀਂ ਹਨ। ਅਜਿਹੀ ਸਥਿਤੀ ਵਿੱਚ ਸਖਤੀ ਹੀ ਰੋਕਥਾਮ ਦਾ ਇੱਕੋ-ਇੱਕ ਸਾਧਨ ਹੈ।

ਸਿਹਤ ਮੰਤਰੀ ਅਨਿਲ ਵਿਜ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ, ਡਿਪਟੀ ਕਮਿਸ਼ਨਰਾਂ ਅਤੇ ਪੁਲਿਸ ਕਪਤਾਨਾਂ ਨੂੰ ਸੂਬੇ ਵਿੱਚ ਫਿਰ ਤੋਂ ਜੋਸ਼ ਵਧਾਉਣ ਦੇ ਨਿਰਦੇਸ਼ ਦਿੱਤੇ। ਵਿਜ ਨੇ ਕਿਹਾ ਕਿ ਕੋਰੋਨਾ ਖ਼ਿਲਾਫ਼ ਲੜਾਈ ਪਿਛਲੇ ਸਾਲ ਇਸ ਮਹੀਨੇ ਵਿੱਚ ਸ਼ੁਰੂ ਹੋਈ ਸੀ ਪਰ ਇਸ ਵਾਰ ਸਰਕਾਰ ਲਾਕਡਾਊਨ ਜਾਂ ਰਾਤ ਦਾ ਕਰਫਿਊ ਲਾਉਣ ਦੇ ਪੱਖ ਵਿੱਚ ਨਹੀਂ ਹੈ। ਵਿਜ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਮਾਸਕ ਬਗੈਰ ਘੁੰਮਣ ਵਾਲੇ ਲੋਕਾਂ ਨਾਲ ਸਖਤੀ ਲਈ ਹਰ ਚੌਰਾਹੇ ‘ਤੇ ਚਲਾਨ ਸ਼ੁਰੂ ਕਰੇ।

ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਜੇ ਆਉਣ ਵਾਲੇ ਸਮੇਂ ਵਿੱਚ ਕੋਰੋਨਾ ਨੂੰ ਰੋਕਣ ਲਈ ਹੋਰ ਸਖਤ ਕਦਮ ਚੁੱਕੇ ਜਾਣ ਦੀ ਲੋੜ ਪਈ, ਤਾਂ ਉਹ ਵੀ ਚੁੱਕੇ ਜਾਣਗੇ। ਉਨ੍ਹਾਂ ਕਿਹਾ ਕਿ ਤਾਲਾਬੰਦੀ ਕਾਰਨ ਲੋਕ ਪਹਿਲਾਂ ਹੀ ਬਹੁਤ ਕੁੱਝ ਸਹਿਣ ਕਰ ਚੁੱਕੇ ਹਨ। ਇਸ ਲਈ ਉਹ ਕੋਰੋਨਾਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਬਾਵਜੂਦ ਦੁਬਾਰਾ ਲਾਕਡਾਊਨ ਦੇ ਹੱਕ ਵਿੱਚ ਨਹੀਂ ਹਨ।

Exit mobile version