‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਿੰਘੂ ਬਾਰਡਰ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਲਖਬੀਰ ਸਿੰਘ ਨੂੰ ਮਾ ਰਨ ਵਾਲੇ ਨਿਹੰਗ ਸਿੰਘ ਨਾਰਾਇਣ ਸਿੰਘ ਨੇ ਗ੍ਰਿਫਤਾਰੀ ਦੇਣ ਤੋਂ ਬਾਅਦ ਘਟਨਾ ਬਾਰੇ ਦੱਸਦਿਆਂ ਕਿਹਾ ਕਿ ਜਦੋਂ ਮੈਂ ਦਿੱਲੀ ਪਹੁੰਚਿਆ ਤਾਂ ਉੱਥੇ ਲੋਕਾਂ ਦੀ ਭੀੜ ਇਕੱਠੀ ਹੋਈ ਪਈ ਸੀ। ਉੱਥੇ ਖੜ੍ਹੀਆਂ ਨਿਹੰਗ ਸਿੰਘ ਫੌਜਾਂ ਨੇ ਮੇਰੀ ਗੱਡੀ ਵੇਖ ਕੇ ਜੈਕਾਰੇ ਛੱਡੇ। ਉਨ੍ਹਾਂ ਨੇ ਮੇਰੀ ਗੱਡੀ ਨੂੰ ਹੱਥ ਦੇ ਕੇ ਮੈਨੂੰ ਰੋਕਿਆ। ਜਦੋਂ ਮੈਂ ਉਨ੍ਹਾਂ ਨੂੰ ਸਿੰਘੂ ਬਾਰਡਰ ‘ਤੇ ਇਕੱਠੇ ਹੋਣ ਦਾ ਕਾਰਨ ਦੱਸਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਉਕਤ ਵਿਅਕਤੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਹੈ। ਦੋਸ਼ੀ ਵੱਲੋਂ ਸਰਬਲੋਹ ਗ੍ਰੰਥ ਅਤੇ ਦਸਮ ਗ੍ਰੰਥ ਦੀ ਬੇਅਦਬੀ ਕੀਤੀ ਗਈ। ਜਦੋਂ ਮੈਂ ਦੋਸ਼ੀ ਬਾਰੇ ਪੁੱਛਿਆ ਤਾਂ ਨਿਹੰਗਾਂ ਨੇ ਉਸਦਾ ਗੁੱਟ ਵੱਢਿਆ ਹੋਇਆ ਸੀ। ਮੈਂ ਫਿਰ ਉਨ੍ਹਾਂ ਨੂੰ ਕਿਹਾ ਕਿ ਗੁਰੂ ਸਾਹਿਬ ਜੀ ਦੀ ਬੇਅਦਬੀ ਕਰਕੇ ਇਹ ਅਜੇ ਜਿਊਂਦਾ ਕਿਉਂ ਫਿਰ ਰਿਹਾ ਹੈ। ਤਾਂ ਫਿਰ ਅਸੀਂ ਆਪਣੀ ਕਿਰਪਾਨ ਕੱਢੀ ਅਤੇ ਉਸਦੇ ਮਾਰੀ। ਬਾਅਦ ਵਿੱਚ ਅਸੀਂ ਆਪਣੀ ਕਿਰਪਾਨ ਧੋ ਕੇ ਗਾਤਰੇ ਵਿੱਚ ਪਾਈ। ਸਾਡੀ ਵੀਡੀਓ ਵੀ ਵਾਇਰਲ ਹੋਈ ਹੈ ਜਦੋਂ ਅਸੀਂ ਆਪਣੇ ਸਿਰੋਪੇ ਦੇ ਨਾਲ ਆਪਣੀ ਕਿਰਪਾਨ ਨੂੰ ਪੂੰਝ ਰਹੇ ਸਨ। ਅਸੀਂ ਆਪਣੇ ਸੇਵਾ ਨੂੰ ਕਬੂਲ ਕਰਦੇ ਹਾਂ, ਸਾਨੂੰ ਕੋਈ ਸ਼ਿਕਵਾ ਨਹੀਂ ਹੈ।
ਅੰਮ੍ਰਿਤਸਰ ਰੂਰਲ ਦੇ ਐੱਸਐੱਸਪੀ ਰਾਕੇਸ਼ ਕੌਸ਼ਲ ਨੇ ਦੱਸਿਆ ਕਿ ਨਿਹੰਗ ਨਾਰਾਇਣ ਸਿੰਘ ਮੌਕੇ ਤੋਂ ਫਰਾਰ ਹੋ ਗਿਆ ਸੀ। ਇਸ ਲਈ ਅਸੀਂ ਉਸਦੇ ਪਿੰਡ ਵਿੱਚ ਪੁਲਿਸ ਫੋਰਸ ਲਾ ਦਿੱਤੀ ਤਾਂ ਜੋ ਨਿਹੰਗ ਸਿੰਘ ਪਿੰਡ ਤੋਂ ਬਾਹਰ ਨਾ ਜਾ ਸਕੇ। ਨਿਹੰਗ ਸਿੰਘ ਨੇ ਅਨਾਊਂਸ ਕੀਤਾ ਸੀ ਕਿ ਉਹ ਚਾਰ ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜਾਵੇਗਾ ਅਤੇ ਉੱਥੇ ਆਪਣੀ ਗ੍ਰਿਫ਼ਤਾਰੀ ਦੇਵੇਗਾ। ਪਰ ਜਦੋਂ ਉਨ੍ਹਾਂ ਨੂੰ ਅਹਿਸਾਸ ਹੋ ਗਿਆ ਕਿ ਉਹ ਬਾਹਰ ਨਹੀਂ ਜਾ ਸਕਦਾ ਤਾਂ ਉਸਨੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕ ਕੇ ਗ੍ਰਿਫਤਾਰੀ ਦੇ ਦਿੱਤੀ।