‘ਦ ਖ਼ਾਲਸ ਬਿਊਰੋ : ਗੈਂਗਸਟਰ-ਅੱਤਵਾਦੀ ਗਠਜੋੜ ਉਤੇ ਵੱਡੀ ਕਾਰਵਾਈ ਕਰਦੇ ਹੋਏ ਕੌਮੀ ਜਾਂਚ ਏਜੰਸੀ (National Investigation Agency-NIA) ਨੇ ਦੇਸ਼ ਦੇ ਕਈ ਸੂਬਿਆਂ ‘ਚ ਛਾਪੇਮਾਰੀ ਕੀਤੀ ਹੈ। ਐਨਆਈਏ ਦੀਆਂ ਟੀਮਾਂ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ, ਚੰਡੀਗੜ੍ਹ, ਯੂਪੀ, ਗੁਜਰਾਤ, ਮੱਧ ਪ੍ਰਦੇਸ਼ ਵਿੱਚ 70 ਤੋਂ ਵੱਧ ਥਾਵਾਂ ‘ਤੇ ਇੱਕੋ ਸਮੇਂ ਛਾਪੇਮਾਰੀ ਕਰ ਰਹੀਆਂ ਹਨ।
ਗੈਂਗਸਟਰ-ਅੱਤਵਾਦੀ ਗਠਜੋੜ ਨੂੰ ਤੋੜਨ ਲਈ 6 ਮਹੀਨਿਆਂ ਵਿੱਚ ਐਨਆਈਏ ਵੱਲੋਂ ਦੇਸ਼ ਦੇ ਕਈ ਹਿੱਸਿਆਂ ਵਿੱਚ ਇਹ ਤੀਜੀ ਵੱਡੀ ਛਾਪੇਮਾਰੀ ਹੈ। ਐਨਆਈਏ ਵੱਲੋਂ ਇਹ ਸਾਰੀ ਕਾਰਵਾਈ ਗੈਂਗਸਟਰ ਅਤੇ ਉਸ ਦੇ ਅਪਰਾਧੀ ਸਿੰਡੀਕੇਟ ਖ਼ਿਲਾਫ਼ ਦਰਜ ਕੇਸਾਂ ਦੇ ਸਬੰਧ ਵਿੱਚ ਕੀਤੀ ਗਈ ਹੈ। ਇਹ ਛਾਪੇਮਾਰੀ ਪਿਛਲੇ 3 ਮਹੀਨਿਆਂ ‘ਚ NIA ਵੱਲੋਂ ਲਾਰੇਂਸ ਬਿਸ਼ਨੋਈ ਗੈਂਗ ਦੇ ਇਕ ਵਿਅਕਤੀ ਤੋਂ ਕੀਤੀ ਗਈ ਪੁੱਛਗਿੱਛ ਦੇ ਆਧਾਰ ‘ਤੇ ਕੀਤੀ ਜਾ ਰਹੀ ਹੈ।
ਇਸ ਤੋਂ ਇਲਾਵਾ ਪੰਜਾਬ ‘ਚ ਸਰਗਰਮ ਵੱਖ-ਵੱਖ ਗਰੋਹਾਂ ਦੇ ਸਰਪ੍ਰਸਤਾਂ ਉਤੇ NIA ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। NIA ਵੱਲੋਂ ਅੱਜ ਦੀ ਛਾਪੇਮਾਰੀ ਦਾ ਮਕਸਦ ਇਹ ਪਤਾ ਲਗਾਉਣਾ ਹੈ ਕਿ ਗੈਂਗਸਟਰਾਂ ਨੂੰ ਹਥਿਆਰਾਂ ਦੀ ਸਪਲਾਈ ਕਿੱਥੋਂ ਹੋ ਰਹੀ ਹੈ।
ਜਿਨ੍ਹਾਂ ਵੱਡੇ ਗੈਂਗਸਟਰ ਸਿੰਡੀਕੇਟ ਉਤੇ ਛਾਪੇ ਮਾਰੇ ਜਾ ਰਹੇ ਹਨ, ਉਨ੍ਹਾਂ ਵਿੱਚ ਲਾਰੈਂਸ ਬਿਸ਼ਨੋਈ ਗੈਂਗ, ਕਾਲਾ ਜਠੇੜੀ ਗੈਂਗ ਅਤੇ ਨੀਰਜ ਬਵਾਨਾ ਗੈਂਗ ਸ਼ਾਮਲ ਹਨ। ਗੁਜਰਾਤ ਦੇ ਗਾਂਧੀਧਾਮ ‘ਚ ਲਾਰੇਂਸ ਬਿਸ਼ਨੋਈ ਦੇ ਸਾਥੀ ਕੁਲਵਿੰਦਰ ਉਤੇ NIA ਦੀ ਛਾਪੇਮਾਰੀ ਚੱਲ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਕੁਲਵਿੰਦਰ ਲੰਬੇ ਸਮੇਂ ਤੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਜੁੜਿਆ ਹੋਇਆ ਹੈ। ਇਸ ਤੋਂ ਪਹਿਲਾਂ ਵੀ ਬਿਸ਼ਨੋਈ ਗੈਂਗ ਦੇ ਲੋਕਾਂ ਨੂੰ ਪਨਾਹ ਦੇਣ ਦੇ ਮਾਮਲੇ ਸਾਹਮਣੇ ਆਏ ਸਨ। ਕੁਲਵਿੰਦਰ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਨਾਲ ਵੀ ਜੁੜਿਆ ਹੋਇਆ ਹੈ।