ਦਿੱਲੀ : ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਇਸ ਸਾਲ ਦੇ ਸ਼ੁਰੂ ਵਿੱਚ ਅਮਰੀਕਾ, ਬ੍ਰਿਟੇਨ ਅਤੇ ਕੈਨੇਡਾ ਵਿੱਚ ਭਾਰਤੀ ਦੂਤਾਵਾਸਾਂ ਉੱਤੇ ਹੋਏ ਹਮਲਿਆਂ ਵਿੱਚ ਸ਼ਾਮਲ 43 ਸ਼ੱਕੀਆਂ ਦੀ ਪਛਾਣ ਕੀਤੀ ਹੈ। ਸੂਤਰਾਂ ਮੁਤਾਬਕ ਜਾਂਚ ਏਜੰਸੀ ਨੇ ਕਰਾਊਡਸੋਰਸਿੰਗ ਦੀ ਵਰਤੋਂ ਕਰਕੇ ਸਾਰੇ ਸ਼ੱਕੀਆਂ ਦੀ ਪਛਾਣ ਕੀਤੀ ਹੈ।
ਕੇਂਦਰੀ ਗ੍ਰਹਿ ਮੰਤਰਾਲੇ (MHA) ਦੇ ਹੁਕਮਾਂ ਤੋਂ ਬਾਅਦ NIA ਨੇ ਇਸ ਸਾਲ ਜੂਨ ‘ਚ ਅਮਰੀਕਾ, ਬ੍ਰਿਟੇਨ ਅਤੇ ਕੈਨੇਡਾ ‘ਚ ਭਾਰਤੀ ਡਿਪਲੋਮੈਟਿਕ ਮਿਸ਼ਨਾਂ ‘ਤੇ ਹੋਏ ਹਮਲਿਆਂ ਦਾ ਮਾਮਲਾ ਆਪਣੇ ਹੱਥਾਂ ‘ਚ ਲਿਆ ਸੀ। ਮੀਡੀਆ ਰਿਪੋਰਟ ਮੁਤਾਬਕ ਭਾਰਤ ਵਿੱਚ ਹੁਣ ਤੱਕ 50 ਛਾਪੇ ਮਾਰੇ ਜਾ ਚੁੱਕੇ ਹਨ ਅਤੇ ਹਮਲਿਆਂ ਦੇ ਸਬੰਧ ਵਿੱਚ ਕਰੀਬ 80 ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਚੁੱਕੀ ਹੈ।
ਜ਼ਿਕਰਯੋਗ ਹੈ ਕਿ ਇਸ ਸਾਲ ਮਾਰਚ ਅਤੇ ਜੁਲਾਈ ਵਿਚ ਭਾਰਤੀ ਡਿਪਲੋਮੈਟਿਕ ਮਿਸ਼ਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਬੀਤੇ ਸਾਲ 19 ਮਾਰਚ ਨੂੰ ਪ੍ਰਦਰਸ਼ਨ ਦੌਰਾਨ ਲੰਡਨ ਸਥਿਤ ਭਾਰਤੀ ਦੂਤਾਵਾਸ ‘ਤੇ ਦੋ ਵੱਖ-ਵੱਖ ਹਮਲੇ ਹੋਏ ਸਨ। ਇਸੇ ਤਰ੍ਹਾਂ ਦਾ ਹਮਲਾ 2 ਜੁਲਾਈ ਨੂੰ ਸੈਨ ਫਰਾਂਸਿਸਕੋ ਸਥਿਤ ਭਾਰਤੀ ਕੌਂਸਲੇਟ ‘ਤੇ ਵੀ ਹੋਇਆ ਸੀ। ਅਪਰਾਧਿਕ ਘੁਸਪੈਠ, ਭੰਨ-ਤੋੜ, ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ, ਦੂਤਘਰ ਦੇ ਸਟਾਫ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਅਤੇ ਹਿੰਸਾ ਭੜਕਾਉਣ ਦੇ ਦੋਸ਼ਾਂ ‘ਤੇ NIA ਦੁਆਰਾ ਦੋਵਾਂ ਘਟਨਾਵਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਤੋਂ ਇਲਾਵਾ ਐਨਆਈਏ ਦੀ ਟੀਮ ਨੇ ਅਗਸਤ 2023 ਵਿੱਚ ਸਾਨ ਫਰਾਂਸਿਸਕੋ ਦਾ ਦੌਰਾ ਕੀਤਾ ਤਾਂ ਜੋ ਇਨ੍ਹਾਂ ਹਿੰਸਕ ਕਾਰਵਾਈਆਂ ਵਿੱਚ ਸ਼ਾਮਲ ਹਮਲਾਵਰਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਸਕੇ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਮਾਰਚ 2023 ਵਿੱਚ ਕੈਨੇਡਾ ਅਤੇ ਸੈਨ ਫਰਾਂਸਿਸਕੋ ਵਿੱਚ ਹੋਏ ਹਮਲਿਆਂ ਬਾਰੇ ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂਏਪੀਏ) ਦੇ ਤਹਿਤ ਇੱਕ ਐਫਆਈਆਰ ਵੀ ਦਰਜ ਕੀਤੀ ਸੀ। ਇਸ ਤੋਂ ਇਲਾਵਾ ਕੈਨੇਡਾ ‘ਚ ਭਾਰਤੀ ਹਾਈ ਕਮਿਸ਼ਨ ‘ਤੇ ਪ੍ਰਦਰਸ਼ਨ ਦੌਰਾਨ ਗ੍ਰਨੇਡ ਵੀ ਸੁੱਟਿਆ ਗਿਆ।
ਜਿਸ ਤੋਂ ਬਾਅਦ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਅਤੇ ਵਿਸਫੋਟਕ ਐਕਟ ਦੇ ਕਾਨੂੰਨ ਲਾਗੂ ਕੀਤੇ ਗਏ। ਇਸ ਸਾਲ ਜੂਨ ‘ਚ NIA ਨੇ ਲੰਡਨ ‘ਚ ਭਾਰਤੀ ਮਿਸ਼ਨ ‘ਤੇ ਹੋਏ ਹਮਲੇ ਦੇ ਕਈ ਸੀਸੀਟੀਵੀ ਫੁਟੇਜ ਵੀ ਜਾਰੀ ਕੀਤੇ ਸਨ ਅਤੇ ਮੁਲਜ਼ਮਾਂ ਦੀ ਪਛਾਣ ਕਰਨ ‘ਚ ਜਨਤਾ ਤੋਂ ਮਦਦ ਮੰਗੀ ਸੀ। ਪ੍ਰਦਰਸ਼ਨਕਾਰੀਆਂ ਨੇ 19 ਮਾਰਚ ਨੂੰ ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ਦੀ ਭੰਨਤੋੜ ਕਰਨ ਦੀ ਕੋਸ਼ਿਸ਼ ਕੀਤੀ ਅਤੇ ਹਾਈ ਕਮਿਸ਼ਨ ਦੇ ਬਾਹਰ ਪ੍ਰਦਰਸ਼ਨ ਕਰਦੇ ਹੋਏ ਰਾਸ਼ਟਰੀ ਝੰਡਾ ਉਤਾਰ ਦਿੱਤਾ। ਹਾਲਾਂਕਿ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਇਸ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ।