ਬਿਊਰੋ ਰਿਪੋਰਟ (ਨਵੀਂ ਦਿੱਲੀ, 30 ਅਕਤੂਬਰ 2025): ਭਾਰਤ ਵਿੱਚ ਸੜਕ ਨਿਰਮਾਣ ਪ੍ਰੋਜੈਕਟਾਂ ਵਿੱਚ ਪਾਰਦਰਸ਼ਤਾ ਵਧਾਉਣ ਅਤੇ ਲੋਕਾਂ ਤੋਂ ਸਿੱਧੀ ਰਾਏ ਲੈਣ ਦੇ ਉਦੇਸ਼ ਨਾਲ, ਸੜਕੀ ਆਵਾਜਾਈ ਮੰਤਰਾਲੇ ਨੇ ਇੱਕ ਅਹਿਮ ਫੈਸਲਾ ਲਿਆ ਹੈ। ਨੈਸ਼ਨਲ ਹਾਈਵੇਅਜ਼ ਅਥਾਰਟੀ ਆਫ਼ ਇੰਡੀਆ (NHAI) ਅਤੇ ਸਾਰੇ ਹਾਈਵੇਅ ਡਿਵੈਲਪਰਾਂ ਨੂੰ ਹੁਣ ਆਪਣੇ YouTube ਚੈਨਲ ਬਣਾ ਕੇ ਹਰ ਪ੍ਰੋਜੈਕਟ ਦੇ ਵੀਡੀਓ ਨਿਯਮਿਤ ਰੂਪ ਵਿੱਚ ਅੱਪਲੋਡ ਕਰਨ ਦੇ ਸਖ਼ਤ ਨਿਰਦੇਸ਼ ਦਿੱਤੇ ਗਏ ਹਨ।
ਟਾਈਮਜ਼ ਆਫ਼ ਇੰਡੀਆ ਦੀ ਰਿਪੋਰਟ ਅਨੁਸਾਰ, ਸੜਕੀ ਆਵਾਜਾਈ ਸਕੱਤਰ ਵੀ. ਉਮਾਸ਼ੰਕਰ ਨੇ ਇਹ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਹੁਣ ਤੱਕ ਯੂਟਿਊਬਰਾਂ ਦੇ ਵੀਡੀਓਜ਼ ਤੋਂ ਪ੍ਰੋਜੈਕਟਾਂ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਮਿਲਦੀ ਸੀ, ਪਰ ਹੁਣ ਇਹ ਕੰਮ NHAI ਖ਼ੁਦ ਕਰੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਵੀਡੀਓ ਅੱਪਲੋਡਿੰਗ ਨੂੰ ਪ੍ਰੋਜੈਕਟ ਕੰਟਰੈਕਟ ਦਾ ਹਿੱਸਾ ਬਣਾਇਆ ਜਾਵੇਗਾ ਤਾਂ ਜੋ ਲੋਕਾਂ ਨੂੰ ਸੜਕਾਂ ਦੇ ਬਣਨ ਦੀ ਪ੍ਰਗਤੀ ਅਤੇ ਕਮੀਆਂ ਬਾਰੇ ਪਤਾ ਲੱਗ ਸਕੇ।
ਅਧਿਕਾਰੀਆਂ ਨੇ ਦੱਸਿਆ ਕਿ ਡਿਵੈਲਪਰਾਂ ਵੱਲੋਂ ਪਹਿਲਾਂ ਹੀ ਨਿਰਮਾਣ ਦੌਰਾਨ ਡਰੋਨ ਰਾਹੀਂ ਸ਼ੂਟ ਕੀਤੇ ਵੀਡੀਓ ਜਮ੍ਹਾ ਕਰਵਾਏ ਜਾਂਦੇ ਹਨ, ਇਸ ਲਈ ਇਨ੍ਹਾਂ ਨੂੰ ਜਨਤਕ ਕਰਨਾ ਕੋਈ ਮੁਸ਼ਕਿਲ ਕੰਮ ਨਹੀਂ ਹੋਵੇਗਾ। ਇਸ ਨਾਲ ਆਮ ਨਾਗਰਿਕਾਂ ਨੂੰ ਪ੍ਰੋਜੈਕਟਾਂ ਦੀ ਅਸਲ-ਸਮੇਂ ਦੀ ਪ੍ਰਗਤੀ ਦੇਖਣ ਦਾ ਮੌਕਾ ਮਿਲੇਗਾ ਅਤੇ ਉਹ ਆਪਣੇ ਸੁਝਾਅ ਸਾਂਝੇ ਕਰ ਸਕਣਗੇ।
ਇਸ ਦੌਰਾਨ, ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਵੀ ਐਲਾਨ ਕੀਤਾ ਕਿ ਹਾਈਵੇਅ ’ਤੇ ਹੁਣ QR ਕੋਡ ਵਾਲੇ ਹੋਰਡਿੰਗਜ਼ ਲਗਾਏ ਜਾਣਗੇ। ਇਨ੍ਹਾਂ ਨੂੰ ਸਕੈਨ ਕਰਕੇ ਲੋਕ ਇਹ ਦੇਖ ਸਕਣਗੇ ਕਿ ਸੜਕ ਕਿਸ ਕੰਪਨੀ ਨੇ ਬਣਾਈ ਹੈ ਅਤੇ ਜ਼ਿੰਮੇਵਾਰ ਅਧਿਕਾਰੀ ਨਾਲ ਕਿਵੇਂ ਸੰਪਰਕ ਕਰਨਾ ਹੈ। ਗਡਕਰੀ ਨੇ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਕਿ ਖਰਾਬ ਸੜਕਾਂ ਬਾਰੇ ਸੋਸ਼ਲ ਮੀਡੀਆ ’ਤੇ ਆਉਣ ਵਾਲੀਆਂ ਸ਼ਿਕਾਇਤਾਂ ਨੂੰ ਅਣਡਿੱਠ ਨਾ ਕੀਤਾ ਜਾਵੇ ਅਤੇ ਤੁਰੰਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸੜਕਾਂ ਸਿਰਫ਼ ਚੰਗੀਆਂ ਹੀ ਨਹੀਂ ਬਣਨੀਆਂ ਚਾਹੀਦੀਆਂ, ਸਗੋਂ ਲੰਬੇ ਸਮੇਂ ਤੱਕ ਕਾਇਮ ਰਹਿਣੀਆਂ ਚਾਹੀਦੀਆਂ ਹਨ।

