The Khalas Tv Blog Punjab NGT ਨੇ ਮਾਨਸਾ ‘ਚ ਕੂੜੇ ਦੇ ਢੇਰਾਂ ਤੇ ਗੰਦੇ ਪਾਣੀ ਵਾਲੇ ਟੋਭੇ ਦਾ ਕੀਤਾ ਨਿਰੀਖਣ
Punjab

NGT ਨੇ ਮਾਨਸਾ ‘ਚ ਕੂੜੇ ਦੇ ਢੇਰਾਂ ਤੇ ਗੰਦੇ ਪਾਣੀ ਵਾਲੇ ਟੋਭੇ ਦਾ ਕੀਤਾ ਨਿਰੀਖਣ

National Green Tribunal

NGT ਨੇ ਮਾਨਸਾ ‘ਚ ਕੂੜੇ ਦੇ ਢੇਰਾਂ ਤੇ ਗੰਦੇ ਪਾਣੀ ਵਾਲੇ ਟੋਭੇ ਦਾ ਕੀਤਾ ਨਿਰੀਖਣ

ਨੈਸ਼ਨਲ ਗਰੀਨ ਟ੍ਰਿਬਿਊਨਲ ਦੀ ਟੀਮ ਨੇ ਜਸਟਿਸ ਜਸਵੀਰ ਸਿੰਘ ਦੀ ਅਗਵਾਈ ਹੇਠ ਮਾਨਸਾ ਜ਼ਿਲ੍ਹੇ ਦਾ ਦੌਰਾ ਕਰਕੇ ਸ਼ਹਿਰ ਵਿੱਚ ਕੂੜੇ ਦੇ ਢੇਰਾਂ ਅਤੇ ਗੰਦੇ ਪਾਣੀ ਵਾਲੇ ਟੋਭੇ ਅਤੇ ਐਮ ਆਰ ਐਫ਼ ਸੈਂਟਰਾਂ ਦਾ ਨਿਰੀਖਣ ਕੀਤਾ ਹੈ। ਇਸ ਮੌਕੇ ਵਾਤਾਵਰਨ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਬਲਵੀਰ ਸਿੰਘ ਸੀਚੇਵਾਲ ਅਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਸਨ। NGT ਮਾਨਿਟਰਿੰਗ ਕਮੇਟੀ ਦੇ ਮੈਂਬਰ ਐਸ.ਸੀ. ਅਗਰਵਾਲ ਨੇ ਕਿਹਾ ਕਿ ਨਗਰ ਕੌਂਸਲ ਵਿੱਚ ਚੱਲ ਰਹੀ ਗੁੱਟਬਾਜ਼ੀ ਕਰਕੇ ਕੰਮ ਰੁਕਿਆ ਹੋਇਆ ਹੈ।

NGT ਮਾਨਿਟਰਿੰਗ ਕਮੇਟੀ ਦੇ ਮੈਂਬਰ ਐਸ ਸੀ ਅਗਰਵਾਲ ਨੇ ਕਿਹਾ ਕਿ ਪਿਛਲੀ ਵਾਰ ਜਦੋਂ ਅਸੀਂ ਮਾਨਸਾ ਦਾ ਦੌਰਾ ਕੀਤਾ ਸੀ ਤਾਂ ਏਥੇ ਸੋਲਿਡ ਵੇਸਟ ਦਾ ਹਾਲ ਨਾ ਤਸੱਲੀ ਯੋਗ ਸੀ ਅਤੇ ਉਸ ਸਮੇਂ ਕੁਝ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ, ਪਰ ਅਫਸੋਸ ਹੈ ਕਿ ਸ਼ਹਿਰ ਦੇ ਵਿਚਕਾਰ ਬਣੇ ਕੂੜੇ ਦੇ ਡੰਪ ਦੇ ਹਾਲਾਤ ਬਿਲਕੁਲ ਨਹੀਂ ਸੁਧਰੇ। ਉਮੀਦ ਹੈ ਕਿ ਜਲਦ ਇਹ ਸਭ ਕੁਝ ਹੱਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਬਣੇ ਐਮ.ਆਰ.ਐਫ. ਸੈਂਟਰਾਂ ਵਿੱਚ ਜ਼ਰੂਰ ਕੁਝ ਸੁਧਾਰ ਦੇਖਣ ਨੂੰ ਮਿਲਿਆ ਹੈ। ਉਹਨਾਂ ਕਿਹਾ ਕਿ ਜਦੋਂ ਤੱਕ ਪ੍ਰਸ਼ਾਸਨ ਨੂੰ ਲੋੜੀਂਦੀ ਮਸ਼ੀਨਰੀ ਮੁਹੱਈਆ ਨਹੀਂ ਹੁੰਦੀ, ਇਹ ਹੱਲ ਨਹੀਂ ਹੋ ਸਕਦਾ।

ਵਾਤਾਵਰਨ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਬਲਵੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਸ਼ਹਿਰ ਦੇ ਵਿਚਕਾਰ ਕੂੜੇ ਦੇ ਡੰਪ ਬਣੇ ਹੋਏ ਹਨ ਅਤੇ ਪਾਣੀ ਦੀ ਬਦਬੂ ਆ ਰਹੀ ਹੈ, ਜੋ ਕਿ ਸਿਹਤ ਲਈ ਬਹੁਤ ਹਾਨੀਕਾਰਕ ਹੈ। ਉਨ੍ਹਾਂ ਕਿਹਾ ਕਿ ਸ਼ੁੱਧ ਹਵਾ-ਪਾਣੀ ਹਰ ਕਿਸੇ ਦਾ ਮੌਲਿਕ ਅਧਿਕਾਰ ਹੈ ਪਰ ਹੋਇਆ ਬਿਲਕੁਲ ਇਸਦੇ ਉਲਟ ਹੈ ਕਿ ਹਵਾ ਪਾਣੀ ਅਤੇ ਧਰਤੀ ਤਿੰਨੇ ਦੂਸ਼ਿਤ ਹੋ ਚੁੱਕੇ ਹਨ।

ਸੀਚੇਵਾਲ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਬਹੁਤ ਪਹਿਲਾਂ ਯੋਜਨਾਵਾਂ ਬਣ ਜਾਣੀਆਂ ਚਾਹੀਦੀਆਂ ਸਨ ਅਤੇ ਲੋਕਾਂ ਲਈ ਪਰੇਸ਼ਾਨੀ ਬਣ ਰਹੇ ਗੰਦੇ ਪਾਣੀ ਨੂੰ ਸਾਫ਼ ਕਰਕੇ ਖੇਤੀ ਲਈ ਵਰਤਿਆ ਜਾ ਸਕਦਾ ਹੈ, ਪਰ ਪ੍ਰਸ਼ਾਸਨ ਦੀ ਨਾਕਾਮੀ ਕਾਰਨ ਇਹ ਹਾਲ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਕੂੜੇ ਨੂੰ ਵੱਖ ਕੀਤਾ ਜਾਵੇ ਤਾਂ ਇਹ ਢੇਰ ਨਹੀਂ ਲੱਗਣਗੇ।

Exit mobile version