‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪਾਕਿਸਤਾਨ ਦੇ ਰਾਵਲਪਿੰਡੀ ਵਿੱਚ ਇੱਕ ਸੈਸ਼ਨ ਕੋਰਟ ਨੇ ਈਸ਼ਨਿੰਦਾ ਦੇ ਮਾਮਲੇ ਵਿੱਚ ਇੱਕ ਮੁਸਲਿਮ ਔਰਤ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਇਸਦੇ ਨਾਲ ਹੀ ਔਰਤ ਨੂੰ 20 ਸਾਲ ਜੇਲ੍ਹ ਦੀ ਸਜ਼ਾ ਅਤੇ ਇਸ ਦੇ ਨਾਲ-ਨਾਲ ਡੇਢ ਲੱਖ ਰੁਪਏ ਪਾਕਿਸਤਾਨੀ ਰੁਪਏ ਦਾ ਜੁਰਮਾਨਾ ਵੀ ਲਾਇਆ ਗਿਆ ਹੈ। ਕੋਰਟ ਨੇ ਫੈਸਲਾ ਸੁਣਾਉਂਦਿਆਂ ਕਿਹਾ ਕਿ ਇਹ ਸਾਬਿਤ ਹੋਇਆ ਹੈ ਕਿ ਅਨੀਕਾ ਅਤੀਕ ਨਾਂ ਦੀ ਦੋ ਸ਼ੀ ਔਰਤ ਨੇ ਪੈਗੰਬਰ ਮੁਹੰਮਦ ਅਤੇ ਉਨ੍ਹਾਂ ਦੀ ਪਤਨੀ ਆਇਸ਼ਾ ਨੂੰ ਲੈ ਕੇ ਵੱਟਸਐਪ ‘ਤੇ ਇਸ ਤਰ੍ਹਾਂ ਦੇ ਸੰਦੇਸ਼ ਭੇਜੇ ਹਨ ਜੋ ਇਤਰਾਜ਼ਯੋਗ ਹਨ।
ਕੋਰਟ ਨੇ ਕਿਹਾ ਕਿ ਅਨੀਕਾ ਅਤੀਕ ਆਪਣੀ ਬੇਗੁਨਾਹੀ ਵਿੱਚ ਸਬੂਤ ਪੇਸ਼ ਨਹੀਂ ਕਰ ਸਕੀ, ਇਸ ਲਈ ਉਨ੍ਹਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਹੈ। ਪੁਲਿਸ ਸਟੇਸ਼ਨ ਐੱਫਆਈਏ (ਸਾਈਬਰ ਕ੍ਰਾਈਮ ਸਰਕਲ) ਰਾਵਲਪਿੰਡੀ ਨੇ 13 ਮਈ 2020 ਨੂੰ ਹਸਨਾਤ ਫਾਰੂਕ ਨਾਂ ਦੇ ਵਿਅਕਤੀ ਦੀ ਸ਼ਿਕਾਇਤ ਉੱਤੇ ਇੱਕ ਐੱਫਆਈਆਰ ਦਰਜ ਕੀਤੀ ਸੀ ਜਿਸ ਵਿੱਚ ਉਨ੍ਹਾਂ ਨੇ ਅਨੀਕਾ ਦੇ ਉੱਪਰ ਈਸ਼ਨਿੰਦਾ ਦਾ ਦੋਸ਼ ਲਾਇਆ ਸੀ। ਅਨੀਕਾ ਦੇ ਵਕੀਲ ਨੇ ਸੁਣਵਾਈ ਦੌਰਾਨ ਕਿਹਾ ਸੀ ਕਿ ਘਟਨਾ ਦੇ ਸਮੇਂ ਉਕਤ ਔਰਤ ਦੀ ਮਾਨਸਿਕ ਹਾਲਤ ਠੀਕ ਨਹੀਂ ਸੀ। ਇਸ ਤੋਂ ਬਾਅਦ ਮੈਜਿਸਟ੍ਰੇਟ ਨੇ ਮਾਨਸਿਕ ਜਾਂਚ ਦੇ ਆਦੇਸ਼ ਦਿੱਤੇ ਸਨ ਜੋ ਕਿ ਹਾਲੇ ਬਾਕੀ ਹਨ।