The Khalas Tv Blog International ਸਿੱਖਾਂ ਦੇ ਜ਼ਖ਼ ਮਾਂ ‘ਤੇ ਨਿਊਯਾਰਕ ਪੁਲਿਸ ਨੇ ਲਾਈ ਮਰਹਮ
International

ਸਿੱਖਾਂ ਦੇ ਜ਼ਖ਼ ਮਾਂ ‘ਤੇ ਨਿਊਯਾਰਕ ਪੁਲਿਸ ਨੇ ਲਾਈ ਮਰਹਮ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਨਿਊਯਾਰਕ ਪੁਲਿਸ ਨੇ ਰਿਚਮੰਡ ਹਿਲਜ਼, ਕੁਈਨਜ਼ ਇਲਾਕੇ ਵਿੱਚ ਸਿੱਖਾਂ ’ਤੇ ਦੋ ਵੱਖ-ਵੱਖ ਹਮਲਿਆਂ ਦੇ ਸਬੰਧ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਵਿਭਾਗ ਨੇ ਕਿਹਾ ਹੈ ਕਿ ਬੀਤੇ ਕੱਲ੍ਹ ਇੱਕ 19 ਸਾਲਾ ਵਿਅਕਤੀ ਵਰਨਨ ਡਗਲਸ ਨੂੰ ਤਿੰਨ ਅਪ੍ਰੈਲ ਨੂੰ 70 ਸਾਲਾ ਨਿਰਮਲ ਸਿੰਘ ‘ਤੇ ਕਥਿਤ ਤੌਰ ‘ਤੇ ਹਮਲਾ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਹਮਲੇ ਦੀ ਜਾਂਚ ਨਿਊਯਾਰਕ ਪੁਲਿਸ ਦੀ ਹੇਟ ਕ੍ਰਾਈਮ ਟਾਸਕ ਫੋਰਸ ਦੁਆਰਾ ਕੀਤੀ ਗਈ ਸੀ ਅਤੇ ਡਗਲਸ ‘ਤੇ ਕਥਿਤ ਤੌਰ ‘ਤੇ ਨਫ਼ਰਤੀ ਅਪਰਾਧ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਇਸ ਦੇ ਨਾਲ ਹੀ ਰਿਚਮੰਡ ਹਿੱਲ ਖੇਤਰ ਵਿੱਚ ਦੋ ਸਿੱਖ ਵਿਅਕਤੀਆਂ ‘ਤੇ ਹਮਲੇ ਤੋਂ ਤੁਰੰਤ ਬਾਅਦ ਪੁਲਿਸ ਨੇ 20 ਸਾਲਾ ਹਿਜ਼ਕੀਯਾ ਕੋਲਮੈਨ ਨੂੰ ਗ੍ਰਿਫਤਾਰ ਕੀਤਾ ਹੈ।

ਨਿਊਯਾਰਕ ਦੇ ਰਿਚਮੰਡ ਹਿਲਜ਼, ਕੁਈਨਜ਼ ਇਲਾਕੇ ਵਿੱਚ ਇਸ ਮਹੀਨੇ ਦੇ ਸ਼ੁਰੂ ਵਿੱਚ ਇੱਕ ਸਿੱਖ ਬਜ਼ੁਰਗ ਵਿਅਕਤੀ ‘ਤੇ ਹਮਲਾ ਹੋਇਆ ਸੀ। ਉਸ ਤੋਂ ਬਾਅਦ ਇਸੇ ਹੀ ਇਲਾਕੇ ਵਿੱਚ ਦੋ ਹੋਰ ਸਿੱਖਾਂ ਉੱਤੇ ਹਮਲਾ ਕੀਤਾ ਗਿਆ। ਪ੍ਰਸ਼ਾਸਨ ਨੇ ਹਮਲੇ ਵਿੱਚ ਜ਼ਖਮੀ ਹੋਏ ਦੋਵਾਂ ਵਿਅਕਤੀਆਂ ਦੇ ਨਾਮ ਅਤੇ ਜਾਣਕਾਰੀ ਜਨਤਕ ਕਰਨ ਤੋਂ ਨਾਂਹ ਕਰ ਦਿੱਤੀ ਸੀ। ਪਰ ਇਸ ਸੰਬੰਧੀ ਵੀਡਿਉ ਜ਼ਰੂਰ ਵਾਈਰਲ ਹੋਈ ਹੈ। ਭਾਰਤੀ ਦੂਤਘਰ ਨੇ ਇਸ ਮਾਮਲੇ ਬਾਰੇ ਸਥਾਨਕ ਪ੍ਰਸ਼ਾਸਨ ਅਤੇ ਨਿਊਯਾਰਕ ਸਿਟੀ ਪੁਲਿਸ ਵਿਭਾਗ ਨਾਲ ਗੱਲ ਕੀਤੀ ਸੀ। ਦੂਤਾਘਰ ਨੇ ਪੀੜਤਾਂ ਦੀ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ ਸੀ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਮਰੀਕਾ ’ਚ ਦੋ ਸਿੱਖ ਵਿਅਕਤੀਆਂ ’ਤੇ ਹੋਏ ਹਮਲੇ ’ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਸੀ।

ਬਾਹਰਲੇ ਦੇਸ਼ਾਂ ਵਿੱਚ ਵੱਸਦੇ ਸਿੱਖ ਭਾਈਚਾਰੇ ਨੂੰ ਅਕਸਰ ਇਸ ਤਰ੍ਹਾਂ ਦੇ ਹਮਲਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਵਿਦੇਸ਼ਾਂ ਦੇ ਅਰਥਚਾਰੇ ਵਿੱਚ ਵੱਡਾ ਹਿੱਸਾ ਪਾਉਣ ਦੇ ਬਾਵਜੂਦ ਸਿੱਖ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਸਮਝ ਰਹੇ ਹਨ।

Exit mobile version